ਪੁਲਸ ਨੇ ਹੋਟਲਾਂ ''ਚ ਮਾਰਿਆ ਛਾਪਾ
Tuesday, Mar 27, 2018 - 01:55 AM (IST)

ਕੋਟਕਪੂਰਾ, (ਨਰਿੰਦਰ)- ਥਾਣਾ ਸਿਟੀ ਪੁਲਸ ਕੋਟਕਪੂਰਾ ਵੱਲੋਂ ਬੀਤੀ ਦੇਰ ਸ਼ਾਮ ਐੱਸ. ਐੱਚ. ਓ. ਖੇਮ ਚੰਦ ਪਰਾਸ਼ਰ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਹੋਟਲਾਂ ਵਿਚ ਛਾਪਾ ਮਾਰ ਕੇ ਜਾਂਚ-ਪੜਤਾਲ ਕੀਤੀ ਗਈ। ਪੁਲਸ ਵੱਲੋਂ ਰਿਕਾਰਡ ਦੀ ਮੁਕੰਮਲ ਜਾਂਚ ਕਰਨ ਤੋਂ ਬਾਅਦ ਮਾਲਕਾਂ ਨੂੰ ਹੋਟਲਾਂ 'ਚ ਰਹਿਣ ਵਾਲੇ ਲੋਕਾਂ ਦਾ ਮੁਕੰਮਲ ਰਿਕਾਰਡ ਅਤੇ ਜਾਣਕਾਰੀ ਰੱਖਣ ਦੀ ਹਦਾਇਤ ਕੀਤੀ।
ਐੱਸ. ਐੱਚ. ਓ. ਪਰਾਸ਼ਰ ਨੇ ਦੱਸਿਆ ਕਿ ਕਿਸੇ ਵੀ ਹੋਟਲ ਵਿਚ ਗੈਰ-ਕਾਨੂੰਨੀ ਧੰਦੇ ਦੀ ਮੁਕੰਮਲ ਮਨਾਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਡਾ. ਨਾਨਕ ਸਿੰਘ ਦੀਆਂ ਹਦਾਇਤਾਂ ਅਨੁਸਾਰ ਪੁਲਸ ਵੱਲੋਂ ਗੈਰ-ਸਮਾਜੀ ਅਨਸਰਾਂ 'ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ, ਜਿਸ ਤਹਿਤ ਹੀ ਪੂਰੇ ਇਲਾਕੇ ਵਿਚ ਕੀਤੀ ਜਾ ਰਹੀ ਜਾਂਚ-ਪੜਤਾਲ ਤਹਿਤ ਹੋਟਲਾਂ ਦੀ ਚੈਕਿੰਗ ਕੀਤੀ ਗਈ, ਜੋ ਕਿ ਰਾਤ 8:00 ਵਜੇ ਤੱਕ ਵੀ ਜਾਰੀ ਸੀ।
ਉਨ੍ਹਾਂ ਦੱਸਿਆ ਕਿ ਸਮੂਹ ਹੋਟਲ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਹੋਟਲ 'ਚ ਰਹਿਣ ਵਾਲੇ ਹੋਰ ਸੂਬੇ ਦੇ ਲੋਕਾਂ ਅਤੇ ਐੱਨ. ਆਰ. ਆਈਜ਼ ਬਾਰੇ ਪੁਲਸ ਨੂੰ ਜਾਣਕਾਰੀ ਦੇਣ ਤੋਂ ਇਲਾਵਾ ਜੇ ਕੋਈ ਅਸਲਾ ਲੈ ਕੇ ਆਉਂਦਾ ਹੈ ਤਾਂ ਉਸ ਸਬੰਧੀ ਵੀ ਤੁਰੰਤ ਪੁਲਸ ਨੂੰ ਸੂਚਿਤ
ਕੀਤਾ ਜਾਵੇ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਹੋਟਲ 'ਚ ਰਹਿਣ ਆਉਣ ਵਾਲੇ ਹਰ ਇਕ ਵਿਅਕਤੀ ਦਾ ਰਿਕਾਰਡ ਦਰਜ ਕਰਨ ਦੀ ਵੀ ਹਦਾਇਤ ਕੀਤੀ ਗਈ ਹੈ। ਕੁਝ ਹੋਟਲਾਂ ਵਿਚ ਪਾਈ ਗਈ ਕਮੀ ਸਬੰਧੀ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਅਤੇ ਹਦਾਇਤ ਕੀਤੀ ਗਈ ਹੈ ਕਿ ਭਵਿੱਖ ਵਿਚ ਕੀਤੀ ਗਈ ਕੋਈ ਵੀ ਅਣਗਹਿਲੀ ਬਖਸ਼ੀ ਨਹੀਂ ਜਾਵੇਗੀ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਕਿਸੇ ਵੀ ਇਲਾਕੇ ਵਿਚ ਕੋਈ ਸ਼ੱਕੀ ਕਿਸਮ ਦਾ ਵਿਅਕਤੀ ਦਿਖਾਈ ਦੇਵੇ ਤਾਂ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਜਾਵੇ।