ਅੰਮ੍ਰਿਤਪਾਲ ਦੀ ਭਾਲ ’ਚ ਪੰਜਵੇਂ ਦਿਨ ਵੀ ਜਾਰੀ ਪੁਲਸ ਦਾ ਆਪਰੇਸ਼ਨ, ਬਰਾਮਦ ਹੋਇਆ ਮੋਟਰਸਾਈਕਲ
Wednesday, Mar 22, 2023 - 05:59 PM (IST)
ਜਲੰਧਰ : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਭਾਲ ਵਿਚ ਪੰਜਾਬ ਪੁਲਸ ਦਾ ਆਪਰੇਸ਼ਨ ਪੰਜਵੇਂ ਦਿਨ ਵੀ ਜਾਰੀ ਹੈ। ਇਸ ਆਪਰੇਸ਼ਨ ਦੌਰਾਨ ਪੁਲਸ ਨੇ ਉਹ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ, ਜਿਸ ’ਤੇ ਸਵਾਰ ਹੋ ਕੇ ਅੰਮ੍ਰਿਤਪਾਲ ਫਰਾਰ ਹੋਇਆ ਸੀ। ਇਹ ਮੋਟਰਸਾਈਕਲ ਜਲੰਧਰ ਤੋਂ ਲਗਭਗ 45 ਕਿਲੋਮੀਟਰ ਦੂਰ ਦਾਰਾਪੁਰ ਇਲਾਕੇ ਵਿਚ ਲਾਵਾਰਿਸ ਹਾਲਤ ਵਿਚ ਬਰਾਮਦ ਹੋਇਆ ਹੈ। ਜਿਸ ਨੂੰ ਕਬਜ਼ੇ ਵਿਚ ਲੈ ਕੇ ਪੁਲਸ ਨੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਉਧਰ ਪੁਲਸ ਦੁਪਹਿਰ ਲਗਭਗ 12 ਵਜੇ ਅੰਮ੍ਰਿਤਪਾਲ ਦੇ ਪਿੰਡ ਪਿੰਡ ਜੱਲੂਪੁਰ ਖੇੜਾ ਪਹੁੰਚੀ ਅਤੇ ਅੰਮ੍ਰਿਤਪਾਲ ਦੀ ਮਾਂ ਤੋਂ ਲਗਭਗ ਇਕ ਘੰਟਾ ਪੁੱਛਗਿੱਛ ਕੀਤੀ ਗਈ।
ਇਹ ਵੀ ਪੜ੍ਹੋ : ਨਵਜੋਤ ਕੌਰ ਸਿੱਧੂ ਨੂੰ ਹੋਇਆ ਖ਼ਤਰਨਾਕ ਕੈਂਸਰ, ਪਤੀ ਨਵਜੋਤ ਸਿੱਧੂ ਲਈ ਕੀਤੀ ਭਾਵੁਕ ਪੋਸਟ
ਪਹਿਲਾਂ ਬ੍ਰੀਜ਼ਾ ਕਾਰ ’ਚ ਹੋਇਆ ਸੀ ਫਰਾਰ
ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਬ੍ਰੀਜ਼ਾ ਕਾਰ ਵਿਚ ਫਰਾਰ ਹੋਇਆ ਸੀ। ਜਿਸ ਬ੍ਰੀਜ਼ਾ ਕਾਰ ਵਿਚ ਅੰਮ੍ਰਿਤਪਾਲ ਫਰਾਰ ਹੋਇਆ ਸੀ ਉਸ ਨੂੰ ਵੀ ਪੁਲਸ ਨੇ ਬਰਾਮਦ ਕਰ ਲਿਆ ਹੈ। ਆਈ. ਜੀ. ਸੁਖਚੈਨ ਸਿੰਘ ਮੁਤਾਬਕ ਪੁਲਸ ਨੇ ਅੰਮ੍ਰਿਤਪਾਲ ਦੀ ਭੱਜਣ ਵਿਚ ਮਦਦ ਕਰਨ ਵਾਲੇ ਮਨਪ੍ਰੀਤ ਸਿੰਘ ਮੰਨਾ, ਗੁਰਦੀਪ ਸਿੰਘ ਦੀਪਾ, ਹਰਪ੍ਰੀਤ ਸਿੰਘ ਹੈਪੀ ਅਤੇ ਗੁਰਭੇਜ ਸਿੰਘ ਭੇਜਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਚਾਰਾਂ ਨੇ ਉਸ ਦੀ ਫਰਾਰੀ ਵਿਚ ਅਹਿਮ ਭੂਮਿਕਾ ਨਿਭਾਈ ਸੀ। ਪੁਲਸ ਨੇ ਮੁਲਜ਼ਮ ਮਨਪ੍ਰੀਤ ਮੰਨਾ ਤੋਂ ਬ੍ਰੀਜ਼ਾ ਕਾਰ ਬਰਾਮਦ ਕੀਤੀ ਹੈ। ਆਈ. ਜੀ. ਨੇ ਕਿਹਾ ਕਿ ਜਾਂਚ ਵਿਚ ਇਕ ਅਹਿਮ ਗੱਲ ਇਹ ਸਾਹਮਣੇ ਆਈ ਹੈ ਕਿ ਇਸ ਸਾਰੇ ਘਟਨਾਕ੍ਰਮ ਦੌਰਾਨ ਅੰਮ੍ਰਿਤਪਾਲ ਨੰਗਲ ਅੰਬੀਆਂ ਪਿੰਡ ਪਹੁੰਚਿਆ ਜਿੱਥੋਂ ਦੇ ਗੁਰਦੁਆਰਾ ਸਾਹਿਬ ਵਿਚ ਉਸ ਨੇ ਪਹਿਲਾਂ ਕੱਪੜੇ ਬਦਲੇ। ਉਥੇ ਅੰਮ੍ਰਿਤਪਾਲ ਨੇ ਆਪਣਾ ਭੇਸ ਬਦਲਦਿਆਂ ਪੈਂਟ-ਸ਼ਰਟ ਪਾਈ ਅਤੇ ਤਲਵਾਰ ਵੀ ਉਥੇ ਹੀ ਛੱਡ ਦਿੱਤੀ। ਜਿੱਥੋਂ ਉਸ ਦੀ ਮਦਦ ਤਿੰਨ ਹੋਰ ਵਿਅਕਤੀਆਂ ਨੇ ਕੀਤੀ ਅਤੇ ਇਹ ਚਾਰ ਜਣੇ ਦੋ ਮੋਟਰਸਾਈਕਲਾਂ ’ਤੇ ਬੈਠ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਪੈਂਟ ਸ਼ਰਟ ਪਾ ਕੇ ਹੋਇਆ ਫਰਾਰ, ਪੁਲਸ ਨੇ ਜਾਰੀ ਕੀਤੀਆਂ ਤਸਵੀਰਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।