ਮਿਸ਼ਨ ਫਤਿਹ ਤਹਿਤ ਪੁਲਸ ਨੇ ਜਾਗਰੂਕਤਾ ਮੁਹਿੰਮ ਦੀ ਕੀਤੀ ਸ਼ੁਰੂਆਤ
Monday, Jun 22, 2020 - 01:48 AM (IST)
ਮਾਨਸਾ, (ਮਨਜੀਤ)- ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੀ ਮਹਾਂਮਾਰੀ ਪੂਰੀ ਦੁਨੀਆ ’ਚ ਫੈਲ ਜਾਣ ਕਰ ਕੇ ਜ਼ਰੂਰੀ ਸਾਵਧਾਨੀਆਂ ਦੀ ਵਰਤੋਂ ਨਾਲ ਇਸ ’ਤੇ ਕਾਬੂ ਪਾਉਣ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਦਿਨਕਰ ਗੁਪਤਾ ਆਈ. ਪੀ. ਐੱਸ. ਡਾਇਰੈਕਟਰ ਜਨਰਲ ਪੁਲਸ ਪੰਜਾਬ ਦੇ ਦਿਸ਼ਾ-ਨਿਰਦੇਸ਼ਾ ਤਹਿਤ ਅੱਜ ਜ਼ਿਲਾ ਪੁਲਸ ਮਾਨਸਾ ਵੱਲੋਂ ਪੰਜਾਬ ਸਰਕਾਰ ਦੇ ‘ਮਿਸ਼ਨ ਫਤਿਹ’ ਤਹਿਤ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਐੱਸ. ਐੱਸ. ਪੀ. ਮਾਨਸਾ ਡਾ. ਭਾਰਗਵ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ‘ਮਿਸ਼ਨ ਫਤਿਹ’ ਸਾਰੇ ਜ਼ਿਲੇ ਅੰਦਰ ਚੱਲ ਰਿਹਾ ਹੈ। ਇਸ ਮਿਸ਼ਨ ਤਹਿਤ ਮਾਨਸਾ ਪੁਲਸ ਨੂੰ 8000 ਪੰਫਲੇਟ ਅਤੇ 1000 ਬੈਜ਼ ਪ੍ਰਾਪਤ ਹੋਏ ਸਨ। ਇਸ ਤੋਂ ਇਲਾਵਾ ਮਾਨਸਾ ਪੁਲਸ ਵੱਲੋਂ ਆਪਣੇ ਪੱਧਰ ’ਤੇ ਵੀ ਕਰੀਬ 15,000 ਪੰਫਲੇਟ ਅਤੇ 300 ਬੈਨਰਜ਼ (ਵੱਡੇ/ਛੋਟੇ) ਛਪਵਾ ਕੇ ਜ਼ਿਲੇ ਦੀਆਂ ਢੁੱਕਵੀਆਂ ਥਾਵਾਂ (ਚੌਕਾਂ, ਮੋੜਾਂ, ਜਨਤਕ ਥਾਵਾਂ ਆਦਿ) ਤੇ ਲਗਵਾ ਕੇ ਮਿਸ਼ਨ ਫਤਿਹ ਤਹਿਤ ਸਾਵਧਾਨੀਆਂ ਵਰਤਦਿਆਂ ਕੋਰੋਨਾ ’ਤੇ ਫਤਿਹ ਪ੍ਰਾਪਤ ਕਰਨ ਦੇ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਇਆ ਗਿਆ ਹੈ। ਇਸ ਤੋਂ ਇਲਾਵਾ 3200 ਫੇਸ ਮਾਸਕ ਮਾਨਸਾ ਪੁਲਸ ਵੱਲੋਂ ਲੋੜਵੰਦ ਲੋਕਾਂ ਨੂੰ ਵੰਡੇ ਗਏ। ਐੱਸ. ਐੱਸ. ਪੀ. ਮਾਨਸਾ ਡਾ. ਭਾਰਗਵ ਨੇ ਦੱਸਿਆ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਸਦਕਾ ਪੰਜਾਬ ਪੂਰੇ ਭਾਰਤ ’ਚੋਂ ਕੋਰੋਨਾ ਮਹਾਂਮਾਰੀ ’ਤੇ ਕਾਬੂ ਪਾਉਣ ’ਚ ਮੁੱਢਲੇ ਰਾਜਾਂ ’ਚ ਰਿਹਾ ਹੈ, ਉਸੇ ਤਰ੍ਹਾਂ ਮਾਨਸਾ ਜ਼ਿਲਾ ਵੀ ਪੂਰੇ ਪੰਜਾਬ ’ਚੋਂ ਅੱਜ ਮੁੱਢਲੇ ਜ਼ਿਲਿਆਂ ’ਚ ਖੜ੍ਹਾ ਹੈ। ਜ਼ਿਲੇ ਅੰਦਰ ਕੋਰੋਨਾ ਦੇ ਖਿਲਾਫ ਜੰਗ ਸੁਚੱਜੇ ਤਰੀਕੇ ਨਾਲ ਲੜੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲਾ ਮਿਸ਼ਨ ਫਤਿਹ ਅਧੀਨ ਕੋਰੋਨਾ ਮਹਾਂਮਾਰੀ ’ਤੇ ਫਤਿਹ ਹਾਸਲ ਕਰਨ ’ਚ ਕਾਮਯਾਬ ਰਹੇਗਾ ।