ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਸ ਤੇ ਫ਼ੌਜ ਵਲੋਂ ਫਲੈਗ ਮਾਰਚ
Wednesday, Mar 27, 2024 - 02:45 PM (IST)
ਭਵਾਨੀਗੜ੍ਹ (ਵਿਕਾਸ) : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਹਿਰ 'ਚ ਬੁੱਧਵਾਰ ਨੂੰ ਪੁਲਸ ਅਤੇ ਪੈਰਾਮਿਲਟਰੀ ਫੋਰਸ ਦੇ ਜਵਾਨਾਂ ਵੱਲੋਂ ਡੀ. ਐੱਸ. ਪੀ. ਭਵਾਨੀਗੜ੍ਹ ਗੁਰਦੀਪ ਸਿੰਘ ਦਿਓਲ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਗਿਆ। ਫਲੈਗ ਮਾਰਚ ਭਵਾਨੀਗੜ੍ਹ ਥਾਣੇ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ 'ਚੋਂ ਹੁੰਦਾ ਹੋਇਆ ਪਿੰਡਾਂ ਲਈ ਰਵਾਨਾ ਹੋਇਆ।
ਇਸ ਮੌਕੇ ਡੀ. ਐੱਸ. ਪੀ. ਦਿਓਲ ਨੇ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਪੁਲਸ ਤੇ ਪੈਰਾਮਿਲਟਰੀ ਫੋਰਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਹੈ। ਪੁਲਸ ਪ੍ਰਸ਼ਾਸਨ ਚੋਣਾਂ ਦੌਰਾਨ ਪੂਰੇ ਅਮਨ-ਅਮਾਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ। ਇਸ ਮੌਕੇ ਥਾਣਾ ਮੁਖੀ ਗੁਰਨਾਮ ਸਿੰਘ ਨੇ ਕਿਹਾ ਕਿ ਇਲਾਕੇ 'ਚ ਸ਼ਰਾਰਤੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਥਾਂ 'ਤੇ ਲਾਵਾਰਿਸ ਵਸਤੂ ਮਿਲਣ ਜਾਂ ਸ਼ੱਕੀ ਵਿਅਕਤੀ ਘੁੰਮਦੇ ਦਿਖਾਈ ਦੇਣ ਤਾਂ ਇਸ ਦੀ ਸੂਚਨਾ ਤੁਰੰਤ ਪੁਲਸ ਪ੍ਰਸ਼ਾਸਨ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਭਵਾਨੀਗੜ੍ਹ ਪੁਲਸ ਵੱਲੋਂ ਚੋਣਾਂ ਸਬੰਧੀ ਤਿਆਰੀਆਂ ਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕਰ ਲਏ ਗਏ ਹਨ।