ਕਾਂਸਟੇਬਲ ਕੁਲਦੀਪ ਬਾਜਵਾ ਦਾ ਕਤਲ ਕਰਨ ਵਾਲੇ ਗੈਂਗਸਟਰ ਜ਼ੋਰਾ ਦਾ ਪੁਲਸ ਨੇ ਕੀਤਾ ਐਨਕਾਊਂਟਰ
Saturday, Jan 14, 2023 - 06:32 PM (IST)
ਜ਼ੀਰਕਪੁਰ (ਵੈੱਬ ਡੈਸਕ, ਮੇਸ਼ੀ) : ਪੰਜਾਬ ਪੁਲਸ ਦੇ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦਾ ਗੋਲ਼ੀਆਂ ਮਾਰ ਕੇ ਕਤਲ ਕਰਨ ਵਾਲੇ ਗੈਂਗਸਟਰ ਯੁਵਰਾਜ ਸਿੰਘ ਉਰਫ ਜ਼ੋਰਾ ਨੂੰ ਪੁਲਸ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆਹੈ।ਇਹ ਮੁਠਭੇੜ ਜ਼ੀਰਕਪੁਰ ਦੇ ਨੇੜੇ ਪੀਰ ਮੁਛੱਲਾ ਇਲਾਕੇ ਵਿਚ ਹੋਈ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਜ਼ੋਰਾ ਜ਼ੀਰਕਪੁਰ ਦੇ ਇਕ ਹੋਟਲ ਵਿਚ ਲੁਕਿਆ ਹੋਇਆ ਹੈ, ਜਿੱਥੇ ਪੁਲਸ ਨੇ ਗੈਂਗਸਟਰ ਨੂੰ ਘੇਰਾ ਪਾ ਲਿਆ ਅਤੇ ਉਸ ਨੂੰ ਪੁਲਸ ਨੇ ਆਤਮ ਸਮਰਪਣ ਕਰਨ ਲਈ ਕਿਹਾ, ਜਿਸ ਤੋਂ ਬਾਅਦ ਗੈਂਗਸਟਰ ਨੇ ਪੁਲਸ ’ਤੇ ਗੋਲ਼ੀਆਂ ਚਲਾ ਦਿੱਤੀਆਂ। ਇਸ ਦੌਰਾਨ ਪੁਲਸ ਵਲੋਂ ਜਵਾਬੀ ਕਾਰਵਾਈ ਕੀਤੀ ਗਈ, ਜਿਸ ਵਿਚ ਗੈਂਗਸਟਰ ਜ਼ੋਰਾ ਪੁਲਸ ਦੀ ਗੋਲ਼ੀ ਲੱਗਣ ਕਾਰਣ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਪੁਲਸ ਵਲੋਂ ਸਾਰਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਗੈਂਗਸਟਰ ਕੋਲੋਂ ਦੋ ਹਥਿਆਰ ਵੀ ਬਰਾਮਦ ਹੋਏ ਹਨ, ਜਿਨ੍ਹਾਂ ਨੂੰ ਪੁਲਸ ਨੇ ਕਬਜ਼ੇ ਵਿਚ ਲੈ ਲਿਆ ਹੈ।
ਇਹ ਵੀ ਪੜ੍ਹੋ : ਜੇਲ੍ਹ ’ਚ ਬੰਦ ਖ਼ਤਰਨਾਕ ਗੈਂਗਸਟਰ ਨੇ ਅੰਮ੍ਰਿਤਪਾਲ ਸਿੰਘ ਨੂੰ ਲਿਖੀ ਚਿੱਠੀ, ਆਖੀਆਂ ਵੱਡੀਆਂ ਗੱਲਾਂ
ਫਿਲੌਰ ’ਚ ਕੀਤਾ ਕਾਂਸਟੇਬਲ ਕੁਲਦੀਪ ਬਾਜਵਾ ਦਾ ਕਤਲ
ਦੱਸਣਯੋਗ ਹੈ ਕਿ ਬੀਤੇ ਦਿਨੀਂ ਫਗਵਾੜਾ ਦੇ ਅਰਬਨ ਅਸਟੇਟ ਵਿਚ ਚਾਰ ਲੁਟੇਰੇ ਪਿਸਤੌਲ ਦਿਖਾ ਕੇ ਇਕ ਕਰੇਟਾ ਗੱਡੀ ਖੋਹ ਕੇ ਭੱਜ ਰਹੇ ਸਨ। ਇਸ ਦੌਰਾਨ ਲੁਟੇਰਿਆਂ ਦਾ ਪਿੱਛਾ ਕਰ ਰਹੀ ਪੁਲਸ ਪਾਰਟੀ ’ਤੇ ਲੁਟੇਰਿਆਂ ਨੇ ਫਿਲੌਰ ਨੇੜੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਵਿਚ ਗੋਲ਼ੀ ਲੱਗਣ ਕਾਰਣ ਕਾਂਸਟੇਬਲ ਕੁਲਦੀਪ ਬਾਜਵਾ ਸ਼ਹੀਦ ਹੋ ਗਿਆ। ਜਾਣਕਾਰੀ ਮੁਤਾਬਕ ਘਟਨਾ ਸਮੇਂ ਥਾਣਾ ਸਿਟੀ ਦੇ ਐੱਸ. ਐੱਚ. ਓ. ਅਮਨਦੀਪ ਨਾਹਰ ਦੇ ਗੰਨਮੈਨ ਕਮਲ ਬਾਜਵਾ ਕਰੇਟਾ ਗੱਡੀ ਲੁੱਟਣ ਵਾਲੇ ਗੈਂਗਸਟਰਾਂ ਦਾ ਪਿੱਛਾ ਕਰ ਰਹੇ ਸਨ। ਗੈਂਗਸਟਰਾਂ ਨੇ ਉਸ ’ਤੇ ਗੋਲ਼ੀਆਂ ਚਲਾ ਦਿੱਤੀਆਂ। ਗੋਲ਼ੀ ਲੱਗਣ ਕਾਰਨ ਕਮਲ ਬਾਜਵਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਗੈਂਗਸਟਰ ਦਿਲਪ੍ਰੀਤ ਬਾਬਾ ਸਖ਼ਤ ਸੁਰੱਖਿਆ ਹੇਠ ਅਦਾਲਤ ’ਚ ਪੇਸ਼, ਚਾਰ ਦਿਨ ਦੇ ਰਿਮਾਂਡ ’ਤੇ
3 ਮੁਲਜ਼ਮਾਂ ਨੂੰ ਪਹਿਲਾਂ ਹੀ ਕਰ ਲਿਆ ਸੀ ਗ੍ਰਿਫ਼ਤਾਰ
ਪੁਲਸ ਵੱਲੋਂ ਲੁਟੇਰਿਆਂ ਵਿਰੁੱਧ ਤੁਰੰਤ ਕਾਰਵਾਈ ਕਰਦੇ ਹੋਏ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਦਕਿ ਇਕ ਮੁਲਜ਼ਮ ਫਰਾਰ ਹੋ ਗਿਆ। ਇਸ ਮਾਮਲੇ ਵਿਚ ਫਰਾਰ ਚੌਥੇ ਦੋਸ਼ੀ ਦੀ ਭਾਲ ਲਈ ਪੁਲਸ ਨੇ ਤਸਵੀਰ ਜਾਰੀ ਕੀਤੀ ਸੀ। ਆਈ. ਜੀ . ਜਲੰਧਰ ਰੇਂਜ ਜੀ. ਐੱਸ. ਸੰਧੂ ਐੱਸ. ਐੱਸ. ਪੀ. ਕਪੂਰਥਲਾ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਪੁਲਸ ਕੰਟਰੋਲ ਰੂਮ ਫਗਵਾੜਾ ਨੂੰ ਫੋਨ ਰਾਹੀਂ ਅਰਬਨ ਅਸਟੇਟ ਫਗਵਾੜਾ ਦੇ ਵਾਸੀ ਦੀ ਹੁੰਡਾਈ ਕਰੇਟਾ ਗੱਡੀ ਹਥਿਆਰਬੰਦ ਲੁਟੇਰਿਆਂ ਵੱਲੋਂ ਖੋਹੇ ਜਾਣ ਦੀ ਸੂਚਨਾ ਮਿਲੀ ਸੀ। ਜਿਸ ’ਤੇ ਫਗਵਾੜਾ ਸਿਟੀ ਪੁਲਸ ਵੱਲੋਂ ਤੁਰੰਤ ਕਾਰ ਦੀ ਭਾਲ ਵਿਚ ਇਕ ਪੁਲਸ ਟੀਮ ਲਗਾਈ ਗਈ। ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਕਾਰ ਨੂੰ ਗੋਰਾਇਆ ਵੱਲ ਜਾਂਦੇ ਹੋਏ ਵੇਖਿਆ ਗਿਆ, ਜਿਸ 'ਤੇ ਐੱਸ. ਐੱਚ. ਓ. ਅਮਨਦੀਪ ਨਾਹਰ ਅਤੇ ਦੋ ਪੁਲਸ ਜਵਾਨਾਂ ਵੱਲੋਂ ਕਾਰ ਦਾ ਪਿੱਛਾ ਕਰਕੇ ਉਸ ਨੂੰ ਰੋਕ ਲਿਆ ਗਿਆ ਅਤੇ ਕਾਰ ਸਵਾਰਾਂ ਨੂੰ ਬਾਹਰ ਆਉਣ ਲਈ ਕਿਹਾ ਗਿਆ।
ਇਹ ਵੀ ਪੜ੍ਹੋ : ਧਰੀਆਂ-ਧਰਾਈਆਂ ਰਹਿ ਗਈਆਂ ਡਿਗਰੀਆਂ, ਬੇਰੁਜ਼ਗਾਰੀ ਤੋਂ ਹਾਰੇ ਨੌਜਵਾਨ ਨੇ ਉਹ ਕੀਤਾ ਜੋ ਸੋਚਿਆ ਨਾ ਸੀ
ਉਨ੍ਹਾਂ ਦੱਸਿਆ ਕਿ ਕਾਰ ਸਵਾਰਾਂ ਵੱਲੋਂ ਤੁਰੰਤ ਪੁਲਸ ਪਾਰਟੀ ’ਤੇ ਫਿਲੌਰ ਵਿਖੇ ਗੋਲੀਬਾਰੀ ਕਰ ਦਿੱਤੀ ਗਈ, ਜਿਸ ਦੇ ਜਵਾਬ ਵਿਚ ਪੁਲਸ ਵੱਲੋਂ ਵੀ ਗੋਲੀਬਾਰੀ ਕੀਤੀ ਗਈ ਅਤੇ ਸੰਘਣੀ ਧੁੰਦ ਹੋਣ ਦੇ ਬਾਵਜੂਦ ਪੁਲਸ 3 ਦੋਸ਼ੀਆਂ ਨੂੰ ਕਾਬੂ ਕਰਨ ਵਿਚ ਕਾਮਯਾਬ ਰਹੀ। ਉਨ੍ਹਾਂ ਦੱਸਿਆ ਕਿ ਇਕ ਦੋਸ਼ੀ ਮੌਕੇ ਤੋਂ ਫਰਾਰ ਹੋਣ ਵਿਚ ਸਫ਼ਲ ਰਿਹਾ। ਉਨ੍ਹਾਂ ਦੱਸਿਆ ਕਿ ਪੁਲਸ ਦੀ ਜਵਾਬੀ ਕਾਰਵਾਈ ਵਿਚ ਦੋਸ਼ੀ ਗੋਲੀਬਾਰੀ ਨਾਲ ਜ਼ਖ਼ਮੀ ਹੋ ਗਏ, ਜਿਸ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖ਼ਲ ਕਰਵਾਇਆ ਗਿਆ ਅਤੇ ਪਿੱਛੋਂ ਜਲੰਧਰ ਵਿਖੇ ਰੈਫਰ ਕੀਤਾ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਲੋਹੜੀ ਦਾ ਤੋਹਫ਼ਾ, ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।