ਪੁਲਸ ਮੁਲਾਜ਼ਮ ਦੇ ਪੁੱਤਰ ਨੂੰ ਅਮਰੀਕਾ ਦੀ ਜੇਲ ''ਚੋਂ ਰਿਹਾਅ ਕਰਵਾਉਣ ਦੇ ਨਾਮ ''ਤੇ ਠੱਗੇ ਲੱਖਾਂ ਰੁਪਏ

10/11/2019 7:04:23 PM

ਭੋਗਪੁਰ,(ਸੂਰੀ) : ਥਾਣਾ ਭੋਗਪੁਰ ਦੇ ਪਿੰਡ ਲਾਹਦੜਾ ਵਾਸੀ ਇਕ ਪੁਲਸ ਮੁਲਾਜ਼ਮ ਦੇ ਅਮਰੀਕਾ ਦੀ ਜੇਲ 'ਚ ਬੰਦ ਪੁੱਤਰ ਨੂੰ ਰਿਹਾਅ ਕਰਵਾਉਣ ਦੇ ਨਾਮ 'ਤੇ ਦੱਸ ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਦੋਸ਼ੀ ਖਿਲਾਫ ਪੁਲਸ ਵੱਲੋਂ ਮਾਮਲਾ ਦਰਜ਼ ਕੀਤਾ ਗਿਆ ਹੈ। ਇਸ ਮਾਮਲੇ 'ਚ ਪਰਮਜੀਤ ਕੌਰ ਪਤਨੀ ਏ. ਐਸ. ਆਈ ਰਣਜੀਤ ਸਿੰਘ ਨੇ ਐਸ. ਐਸ. ਪੀ. ਜਲੰਧਰ ਦਿਹਾਤੀ ਨੂੰ ਇਕ ਸ਼ਿਕਾਇਤ ਦਿੱਤੀ ਸੀ, ਜਿਸ 'ਚ ਉਸ ਨੇ ਕਿਹਾ ਸੀ ਕਿ ਉਸ ਦਾ ਪੁੱਤਰ ਗੁਰਪ੍ਰੀਤ ਸਿੰਘ ਨਵੰਬਰ 2018 'ਚ ਅਮਰੀਕਾ ਗਿਆ ਸੀ, ਜਿੱਥੇ ਉਸ ਨੂੰ ਪੁਲਸ ਨੇ ਗ੍ਰਿਫਤਾਰ ਕਰਕੇ ਜੇਲ 'ਚ ਭੇਜ ਦਿੱਤਾ ਸੀ।

ਸ਼ਿਕਾਇਤਕਰਤਾ ਭੋਗਪੁਰ ਦੇ ਇਕ ਨਿੱਜੀ ਬੈਂਕ 'ਚ ਪੈਸੇ ਕੱਢਵਾਉਣ ਲਈ ਗਈ, ਜਿੱਥੇ ਉਸ ਨੇ ਇਸ ਸਬੰਧੀ ਬੈਂਕ ਦੀ ਇਕ ਮੁਲਾਜ਼ਮ ਨਾਲ ਆਪਣੇ ਬੇਟੇ ਸਬੰਧੀ ਗੱਲ ਕੀਤੀ ਤਾਂ ਉਕਤ ਮੁਲਾਜ਼ਮ ਨੇ ਏਜੰਟ ਗੁਰਿਦੰਰ ਸਿੰਘ ਪੁੱਤਰ ਨਰਿੰਦਰ ਸਿੰਘ ਪਿੰਡ ਡੱਲੀ ਬਾਰੇ ਦੱਸਿਆ ਕਿ ਉਹ ਅਮਰੀਕਾ ਦੀ ਜ਼ੇਲ 'ਚ ਕੈਦ ਨੌਜਵਾਨਾਂ ਨੂੰ ਸੈਟਲ ਕਰਵਾ ਦਿੰਦਾ ਹੈ। ਜਿਸ ਤੋਂ ਬਾਅਦ ਏਜੰਟ ਨਾਲ ਪਰਮਜੀਤ ਕੌਰ ਦੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਛੁਡਵਾਉਣ ਲਈ 10 ਲੱਖ ਰੁਪਏ ਦਾ ਸੌਦਾ ਤਹਿ ਹੋ ਗਿਆ। ਪਰਮਜੀਤ ਨੇ ਆਪਣੇ ਲੜਕੇ ਨੂੰ ਅਮਰੀਕਾ ਦੀ ਜ਼ੇਲ 'ਚੋਂ ਰਿਹਾਅ ਕਰਵਾਉਣ ਲਈ ਆਪਣੇ ਸੋਨੇ ਦੇ ਗਹਿਣੇ ਵੇਚ ਦਿੱਤੇ। ਫਿਰ ਵੀ ਏਜੰਟ ਨੂੰ ਦਿੱਤੇ ਜਾਣ ਵਾਲੀ ਦੱਸ ਲੱਖ ਦੀ ਰਕਮ ਪੂਰੀ ਨਾ ਹੋਈ ਤਾਂ ਉਸ ਨੇ ਪਿੰਡ ਜਮਾਲਪੁਰ ਦੀ ਇਕ ਔਰਤ ਤੋਂ ਤਿੰਨ ਲੱਖ ਰੁਪਏ ਵਿਆਜ਼ 'ਤੇ ਲੈ ਕੇ ਏਜੰਟ ਗੁਰਿੰਦਰ ਸਿੰਘ ਨੂੰ ਨੌਂ ਲੱਖ ਅੱਸੀ ਹਜ਼ਾਰ ਰੁਪਏ ਦੀ ਰਕਮ ਦੇ ਦਿੱਤੀ। ਪੰਜ ਮਹੀਨੇ ਦਾ ਸਮਾਂ ਬੀਤਣ ਬਾਅਦ ਵੀ ਏਜੰਟ ਗੁਰਿੰਦਰ ਸਿੰਘ ਨੇ ਗੁਰਪ੍ਰੀਤ ਨੂੰ ਜੇਲ 'ਚੋਂ ਰਿਹਾਅ ਨਾ ਕਰਵਾਇਆ। ਪਰਮਜੀਤ ਕੌਰ ਵੱਲੋਂ ਏਜੰਟ ਪਾਸੋਂ ਪੈਸੇ ਵਾਪਸ ਮੰਗੇ ਜਾਣ ਲੱਗੇ ਤਾਂ ਏਜੰਟ ਉਸ ਨੂੰ ਲਾਰੇ ਲਗਾਉਣ ਲੱਗ ਪਿਆ।

ਆਖਰ ਏਜੰਟ ਨੇ ਪਰਮਜੀਤ ਕੌਰ ਨੂੰ ਦੋ ਲੱਖ ਅੱਸੀ ਹਜ਼ਾਰ ਦਾ ਇਕ ਚੈਕ ਦਿੱਤਾ ਤੇ ਸੱਤ ਲੱਖ ਦੀ ਬਕਾਇਆ ਰਕਮ ਜਲਦ ਵਾਪਸ ਕਰਨ ਦਾ ਵਾਅਦਾ ਕਰ ਲਿਆ। ਏਜੰਟ ਵੱਲੋਂ ਦਿੱਤਾ ਚੈਕ ਜਦੋਂ ਪਰਮਜੀਤ ਕੌਰ ਨੇ ਬੈਂਕ ਵਿਚ ਜਮਾਂ ਕਰਵਾਇਆ ਤਾਂ ਏਜੰਟ ਦੇ ਖਾਤੇ ਵਿਚ ਪੈਸੇ ਨਾ ਹੋਣ ਕਾਰਨ ਚੈਕ ਫੇਲ ਹੋ ਗਿਆ। ਏਜੰਟ ਦੇ ਲਾਰਿਆਂ ਤੋਂ ਪ੍ਰੇਸ਼ਾਨ ਪਰਮਜੀਤ ਕੌਰ ਨੇ ਏਜੰਟ ਖਿਲਾਫ ਸ਼ਿਕਾਇਤ ਦੇ ਦਿੱਤੀ। ਐਸ. ਐਸ. ਪੀ. ਜਲੰਧਰ ਦਿਹਾਤੀ ਵੱਲੋਂ ਇਸ ਸ਼ਿਕਾਇਤ ਦੀ ਜਾਂਚ ਦਿਹਾਤੀ ਪੁਲਸ ਜਲੰਧਰ ਦੀ ਆਰਥਿਕ ਅਪਰਾਧ ਸ਼ਾਖਾ ਨੂੰ ਸੌਂਪ ਦਿੱਤੀ। ਆਰਥਿਕ ਅਪਰਾਧ ਸ਼ਾਖਾ ਵੱਲੋਂ ਮਾਮਲੇ ਦੀ ਜਾਂਚ ਕਰਨ ਉਪਰੰਤ ਪਰਮਜੀਤ ਕੌਰ ਵੱਲੋਂ ਏਜੰਟ ਗੁਰਿੰਦਰ ਸਿੰਘ ਖਿਲਾਫ ਲਗਾਏ ਗਏ ਦੋਸ਼ਾਂ ਨੂੰ ਸਹੀ ਪਾਇਆ ਗਿਆ ਤੇ ਏਜੰਟ ਖਿਲਾਫ ਮਾਮਲਾ ਦਰਜ਼ ਕੀਤੇ ਜਾਣ ਦੀ ਸਿਫਾਰਸ਼ ਕੀਤੀ ਗਈ। ਇਸੇ ਤਰ੍ਹਾਂ ਡੀ. ਐਸ. ਪੀ. (ਜਾਂਚ) ਰਣਜੀਤ ਸਿੰਘ ਨੇ ਵੀ ਇਸ ਰਿਪੋਰਟ ਨਾਲ ਆਪਣੀ ਸਹਿਮਤੀ ਪ੍ਰਗਟ ਕੀਤੀ। ਪੁਲਸ ਵੱਲੋਂ ਡੀਏ ਲੀਗਲ ਦੀ ਰਿਪਰੋਟ ਤੋਂ ਬਾਅਦ ਦੋਸ਼ੀ ਏਜੰਟ ਗੁਰਿੰਦਰ ਸਿੰਘ ਖਿਲਾਫ ਮਾਮਲਾ ਦਰਜ਼ ਕਰਨ ਦੇ ਹੁਕਮ ਦਿੱਤੇ ਗਏ। ਭੋਗਪੁਰ ਪੁਲਸ ਵੱਲੋਂ ਏਜੰਟ ਗੁਰਿੰਦਰ ਸਿੰਘ ਖਿਲਾਫ ਥਾਣਾ ਭੋਗਪੁਰ 'ਚ ਮਾਮਲਾ ਦਰਜ਼ ਕਰਕੇ ਦੋਸ਼ੀ ਦਾ ਭਾਲ ਸ਼ੁਰੂ ਕਰ ਦਿੱਤੀ ਗਈ ਹੈ।


Related News