ਜਲੰਧਰ ਪੁਲਸ ਦੀ ਵੱਡੀ ਕਾਰਵਾਈ, ਲੰਡਾ ਗੈਂਗ ਦੇ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਕੀਤਾ ਪਰਦਾਫਾਸ਼

Sunday, Feb 25, 2024 - 02:36 PM (IST)

ਜਲੰਧਰ(ਵੈੱਬ ਡੈਸਕ/ਸੁਧੀਰ) : ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਵਿੱਚ ਜਲੰਧਰ ਕਮਿਸ਼ਨਰੇਟ ਪੁਲਸ ਨੇ ਇੱਕ ਹੋਰ ਖੁਫੀਆ ਕਾਰਵਾਈ ਵਿੱਚ ਖ਼ਤਰਨਾਕ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਅੰਤਰ-ਰਾਜੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਅਤੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ 17 ਹਥਿਆਰ ਅਤੇ 33 ਮੈਗਜ਼ੀਨ ਬਰਾਮਦ ਹੋਏ ਹਨ।

ਵੇਰਵਿਆਂ ਦਾ ਖੁਲਾਸਾ ਕਰਦਿਆਂ, ਪੁਲਸ ਕਮਿਸ਼ਨਰ ਨੇ ਕਿਹਾ ਕਿ ਇਹ ਬਹੁਤ ਹੀ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਧਾਰ 'ਤੇ ਸੱਤ ਦਿਨਾਂ ਤੱਕ ਚੱਲਿਆ ਆਪ੍ਰੇਸ਼ਨ ਸੀ। ਉਨ੍ਹਾਂ ਦੱਸਿਆ ਕਿ ਇਸ ਰੈਕੇਟ ਦਾ ਪਰਦਾਫਾਸ਼ ਕਰਨ ਲਈ ਪੁਲਸ ਨੇ ਜਾਲ ਵਿਛਾਇਆ ਸੀ ਜਿਸ ਤਹਿਤ ਤਿੰਨ ਅਪਰਾਧੀਆਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੀ ਪਛਾਣ ਕੁਨਾਲ, ਗੁਰਲਾਲ ਅਤੇ ਪਰਵੇਜ਼ ਵਜੋਂ ਹੋਈ ਹੈ।
PunjabKesari

ਸਵਪਨ ਸ਼ਰਮਾ ਨੇ ਦੱਸਿਆ ਕਿ ਕੁਨਾਲ ਫ਼ਿਰੋਜ਼ਪੁਰ ਦਾ ਵਸਨੀਕ ਹੈ ਅਤੇ ਉਸ ਖ਼ਿਲਾਫ਼ ਅਸਲਾ ਐਕਟ, ਕਤਲ ਦੀ ਕੋਸ਼ਿਸ਼ ਅਤੇ ਨਸ਼ਾ ਤਸਕਰੀ ਦੇ ਤਹਿਤ ਸੱਤ ਕੇਸ ਚੱਲ ਰਹੇ ਹਨ। ਇਸੇ ਤਰ੍ਹਾਂ ਗੁਰਲਾਲ ਅਤੇ ਪਰਵੇਜ਼ ਪੱਟੀ ਦੇ ਰਹਿਣ ਵਾਲੇ ਚਚੇਰੇ ਭਰਾ ਹਨ ਅਤੇ ਉਨ੍ਹਾਂ ਦੀ ਉਮਰ 20 ਸਾਲ ਦੇ ਕਰੀਬ ਹੈ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਹਥਿਆਰ ਮੱਧ ਪ੍ਰਦੇਸ਼ ਦੇ ਇੰਦੌਰ ਦੇ ਰਹਿਣ ਵਾਲੇ ਕੁਨਾਲ ਨੇ ਸਪਲਾਈ ਕੀਤੇ ਸਨ। ਉਨ੍ਹਾਂ ਅੱਗੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਗੁਰਲਾਲ ਦਾ ਭਰਾ ਸ਼ਰਨਜੀਤ, ਜੋ ਕਿ ਇਸ ਸਮੇਂ ਜੇਲ 'ਚ ਬੰਦ ਹੈ, ਅਮਰੀਕਾ ਸਥਿਤ ਗੈਂਗਸਟਰਾਂ ਗੁਰਦੇਵ ਗਿੱਲ ਅਤੇ ਲਖਬੀਰ ਸਿੰਘ ਲੰਡਾ ਦੇ ਨਜ਼ਦੀਕੀ ਹਨ, ਜੋ ਕਿ ਫਿਰੌਤੀ ਅਤੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹਨ। ਸਵਪਨ ਸ਼ਰਮਾ ਨੇ ਕਿਹਾ ਕਿ ਲੰਡਾ ਅਤੇ ਗਿੱਲ ਇਸ ਰੈਕੇਟ ਦੇ ਸੰਚਾਲਕ ਹਨ ਅਤੇ ਕਿਹਾ ਕਿ ਇੰਦੌਰ ਦੇ ਕੁਨਾਲ ਨੂੰ ਹਵਾਲਾ ਚੈਨਲ ਰਾਹੀਂ ਹਥਿਆਰ ਖਰੀਦਣ ਲਈ ਪੈਸੇ ਦਿੱਤੇ ਗਏ ਸਨ।

PunjabKesari

ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਨੇ .32 ਬੋਰ ਦੇ 12 ਪਿਸਤੌਲ, 5.34 ਬੋਰ ਦੇ ਪੰਜ ਪਿਸਤੌਲ, 33 ਮੈਗਜ਼ੀਨ ਅਤੇ 20 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਹ ਹਥਿਆਰ ਤਰਨਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ਤੋਂ ਬਰਾਮਦ ਕੀਤੇ ਗਏ ਹਨ ਅਤੇ ਇਹ ਹਥਿਆਰ ਮੋਗਾ, ਫਿਰੋਜ਼ਪੁਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਫੈਲੇ ਲੰਡਾ ਦੇ ਸਾਥੀਆਂ ਲਈ ਸਨ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।


 


Harinder Kaur

Content Editor

Related News