ਸ਼ਾਂਤੀਮਈ ਢੰਗ ਨਾਲ ਚੋਣਾਂ ਕਰਵਾਉਣ ਲਈ ਪੁਲਸ ਪ੍ਰਸ਼ਾਸ਼ਨ ਕਰਵਾਵੇ ਫਲੈਗ ਮਾਰਚ: ਅਮਿਤ ਅਰੋੜਾ

Thursday, Feb 11, 2021 - 10:34 PM (IST)

ਸ਼ਾਂਤੀਮਈ ਢੰਗ ਨਾਲ ਚੋਣਾਂ ਕਰਵਾਉਣ ਲਈ ਪੁਲਸ ਪ੍ਰਸ਼ਾਸ਼ਨ ਕਰਵਾਵੇ ਫਲੈਗ ਮਾਰਚ: ਅਮਿਤ ਅਰੋੜਾ

ਜਲਾਲਾਬਾਦ,(ਨਿਖੰਜ,ਜਤਿੰਦਰ)- ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ ਅਤੇ ਹਰੇਕ ਪਾਰਟੀ ਦੇ ਸਿਆਸੀ ਆਗੂ ਇੱਕ ਦੂਜੇ ’ਤੇ ਬਿਆਨਬਾਜੀ ਕਰ ਕੇ ਸ਼ਬਦੀ ਹਮਲੇ ਬੋਲ ਰਹੇ ਹਨ। ਨਗਰ ਕੌਂਸਲ ਚੋਣਾਂ ਨੂੰ ਲੈ ਕੇ ਜਲਾਲਾਬਾਦ ਦੀ ਵਾਗਡੋਰ ਸੰਭਾਲ ਰਹੇ ਬੀ.ਜੇ.ਪੀ ਦੇ ਪੰਜਾਬ ਸਪੋਕਮੈਨ ਅਤੇ ਬੁਲਾਰੇ ਦੀਵਾਨ ਅਮਿਤ ਅਰੋੜਾ ਨੇ ਅੱਜ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕਾਂਗਰਸ ਪਾਰਟੀ ’ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਬੀ.ਜੇ.ਪੀ ਆਗੂਆਂ ’ਤੇ ਹੋਰ ਰਹੇ ਹਮਲਿਆਂ ਪ੍ਰਤੀ ਕੈਂਪਟਨ ਦੀ ਸਰਕਾਰ ਨੂੰ ਜੁੰਮੇਵਾਰ ਠਹਿਰਾਇਆ। ਦੀਵਾਨ ਅਮਿਤ ਅਰੋੜਾ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਲਾਲਾਬਾਦ ’ਚ ਬੀ.ਜੇ.ਪੀ ਦੇ ਉਮੀਦਵਾਰ 12 ਵਾਰਡ ’ਚ ਚੋਣ ਲੜ ਰਹੇ ਹਨ ਅਤੇ ਵਰਕਰਾਂ ਸਮਰਥਕਾਂ ਤੇ ਉਮੀਦਵਾਰਾਂ ਦੇ ਵੱਲੋਂ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦਾ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ। ਬੀ.ਜੇ.ਪੀ ਦੇ ਆਗੂ ਨੇ ਕਿਹਾ ਕਿ 2 ਫਰਵਰੀ ਨੂੰ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਜਲਾਲਾਬਾਦ ਦੇ ਤਹਿਸੀਲ ਕੰਪਲੈਕਸ ’ਚ ਕੀਤੀ ਗਈ ਗੁੰਡਾਗਰਦੀ ਦੇ ਨਾਲ ਹੋਏ ਪਥਰਾਅ ਅਤੇ ਗੋਲੀਆਂ ਚੱਲਣ ਨੂੰ ਲੈ ਕੇ ਜਲਾਲਾਬਾਦ ਦੇ ਵੋਟਰਾਂ ’ਚ ਗੁੰਡਾ ਅਨਸਰਾਂ ਦੇ ਕਾਰਨ ਵੋਟਰਾਂ ਦੇ ਮਨਾਂ ’ਚ ਡਰ ਬੈਠਿਆ ਹੋਇਆ ਹੈ। ਅਰੋੜਾ ਨੇ ਕਿਹਾ ਕਿ ਪੰਜਾਬ ਦੇ ਕਈ ਹਲਕਿਆਂ ’ਚ ਪੁਲਸ ਵੱਲੋਂ ਅਮਨ ਸ਼ਾਂਤੀ ਨਾਲ ਚੋਣਾਂ ਕਰਵਾਉਣ ਲਈ ਫਲੈਗ ਮਾਰਚ ਕੀਤੇ ਜਾ ਰਹੇ ਹਨ ,ਪਰ ਜ਼ਿਲ੍ਹਾਂ ਫ਼ਾਜ਼ਿਲਕਾ ਦਾ ਪੁਲਸ ਪ੍ਰਸ਼ਾਸਨ ਕਾਂਗਰਸ ਦੇ ਇਸ਼ਾਰੇ ’ਤੇ ਕੰਮ ਕਰ ਰਿਹਾ ਹੈ ਅਤੇ ਚੋਣਾਂ ਦਾ ਸਮਾਂ ਨਜ਼ਦੀਕ ਹੋਣ ਕਾਰਨ ਫਲੈਗ ਮਾਰਚ ਕਰਨ ਲਈ ਵੀ ਮੂਕ ਦਰਸ਼ਕ ਬਣਿਆ ਹੋਇਆ ਹੈ ਅਤੇ ਪੁਲਸ ਦੇ ਉਚ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਸਮਾਂ ਰਹਿੰਦੇ ਫਲੈਗ ਮਾਰਚ ਕਰਵਾਇਆ ਜਾਵੇ ਤਾਂ ਕਿ ਲੋਕ ਬਿਨ੍ਹਾਂ ਡਰ ਭੈਅ ਦੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰ ਸਕਣ । ਬੀ.ਜੇ.ਪੀ ਦੇ ਪੰਜਾਬ ਸਪੋਕਸਮੈਨ ਅਰੋੜਾ ਨੇ ਕਿਹਾ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਚੋਣਾਂ ਵਾਲੇ ਦਿਨ ਗੁੰਡਾਗਰਦੀ ਕਰਨ ਦੀ ਫਿਰਾਕ ’ਚ ਹਨ ਅਤੇ ਦੋਵਾਂ ਪਾਰਟੀਆਂ ਦੀ ਧੱਕੇਸ਼ਾਹੀ ਨੂੰ ਰੋਂਕਣ ਲਈ ਪਾਰਟੀ ਹਾਈਕਮਾਨ ਦੇ ਧਿਆਨ ’ਚ ਲਿਆ ਚੁੱਕੇ ਹਨ ਅਤੇ ਜਲਾਲਾਬਾਦ ਸੰਵੇਦਨਸ਼ੀਲ ਹਲਕਾ ਹੋਣ ਕਾਰਨ ਪੈਰਾ ਮਿਲਟਰੀ ਫੋਰਸ ਤੈਨਾਤ ਕਰ ਲਈ ਜਾਣੂ ਕਰਵਾਇਆ ਗਿਆ ਹੈ । ਅਰੋੜਾ ਨੇ ਅੱਗੇ ਕਿਹਾ ਕਿ ਕਾਂਗਰਸ , ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਚੋਣਾਂ ’ਚ ਮਾਹੌਲ ਨੂੰ ਖਰਾਬ ਕਰਨ ’ਚ ਕੋਈ ਕਸਰ ਨਹੀ ਛੱਡ ਰਹੀਆਂ ਅਤੇ ਬੀ.ਜੇ.ਪੀ ਪਾਰਟੀ ਇਨ੍ਹਾਂ ਧੱਕੇਸ਼ਾਹੀਆਂ ਨੂੰ ਰੋਂਕਣ ਲਈ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਭਰ ਤਿਆਰ ਹੈ ਅਤੇ ਬੀ.ਜੇ.ਪੀ ਦੇ ਉਮੀਦਵਾਰਾਂ ਦੀ ਚੋਣ ਮੁਹਿੰਮ ਵੀ ਬਹੁਤ ਸੁਚੱਜੇ ਢੰਗ ਨਾਲ ਚੱਲ ਰਹੀ ਹੈ। ਅਰੋੜਾ ਨੇ ਕਿਹਾ ਕਿ ਜੇਕਰ ਇਲੈਕਸ਼ਨ ਸਹੀ ਢੰਗ ਨਾਲ ਹੁੰਦਾ ਹੈ ਤਾਂ 12 ਵਾਰਡਾਂ ਦੇ ਉਮੀਦਵਾਰ ਬੀ.ਜੇ.ਪੀ ਦੇ ਹੀ ਜੇਤੂ ਹੋਣਗੇ।


author

Bharat Thapa

Content Editor

Related News