ਪੁਲਸ ਹੱਥ ਲੱਗੀ ਵੱਡੀ ਸਫ਼ਲਤਾ : ਨਜਾਇਜ਼ ਸ਼ਰਾਬ, ਲਾਹਣ ਸਣੇ 12 ਭੱਠੀਆਂ ਦਾ ਜਖੀਰਾ ਬਰਾਮਦ
Saturday, Mar 13, 2021 - 02:36 PM (IST)
ਰਾਜਾਸਾਂਸੀ (ਰਾਜਵਿੰਦਰ ਹੁੰਦਲ) - ਪੁਲਸ ਜ਼ਿਲ੍ਹਾ ਦਿਹਾਤੀ ਅੰਮ੍ਰਿਤਸਰ ਦੇ ਅਧੀਨ ਆਉਂਦੇ ਥਾਣਾ ਰਾਜਾਸਾਂਸੀ ਦੇ ਪਿੰਡ ਕੋਟਲੀ ਸੱਕਾ ਵਿਖੇ ਐੱਸ. ਐੱਸ.ਪੀ. ਸ੍ਰੀ.ਧਰੁਵ ਦਹੀਆ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਛਾਪਾਮਾਰੀ ਕਰਕੇ ਵੱਡੇ ਪੱਧਰ ’ਤੇ ਨਜਾਇਜ਼ ਸ਼ਰਾਬ, ਲਾਹਣ, ਭੱਠੀਆਂ ਸਣੇ ਸ਼ਰਾਬ ਕੱਢਣ ਲਈ ਵਰਤੇ ਜਾਣ ਵਾਲੇ ਜਖੀਰੇ ਨੂੰ ਬਰਾਮਦ ਕੀਤਾ ਹੈ। ਇਸ ਸਬੰਧੀ ਪੁਲਸ ਥਾਣਾ ਰਾਜਾਸਾਂਸੀ ਵਿਖੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ. ਨੇ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਕੋਟਲੀ ਸੱਕਾ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਲੋਕ ਵੱਡੇ ਪੱਧਰ ’ਤੇ ਮਿੰਨੀ ਫੈਕਟਰੀਆਂ ਦੇ ਰੂਪ ਵਿੱਚ ਨਜਾਇਜ਼ ਸ਼ਰਾਬ ਕੱਢ ਕੇ ਭਾਰੀ ਮਾਤਰਾ ਵਿੱਚ ਪਿੰਡਾਂ ਨੂੰ ਸਪਲਾਈ ਕਰਦੇ ਹਨ।
ਇਸ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਨੇ ਭਾਰੀ ਪੁਲਸ ਪਾਰਟੀ ਸਣੇ ਬੀਤੀ ਰਾਤ 9 ਵਜੇ ਤੋਂ ਤੜਕੇ 3 ਵਜੇ ਤੱਕ ਚਲਾਏ ਗਏ ਸਰਚ ਅਪ੍ਰੇਸ਼ਨ ਦੌਰਾਨ ਪਿੰਡ ਕੋਟਲੀ ਸੱਕਾ ਤੋਂ 3 ਲੱਖ 60 ਹਜ਼ਾਰ ਨਜਾਇਜ਼ ਸ਼ਰਾਬ, 1 ਲੱਖ 26 ਹਜ਼ਾਰ ਕਿਲੋ ਲਾਹਣ, 1830 ਕਿਲੋ ਗੁੜ 12 ਤਰਪਾਲਾਂ, 24 ਡਰੰਮ, 20 ਕੈਨ, 12 ਗੈਸ ਸੈਲੰਡਰ, 4 ਮੋਟਰਸਾਇਕਲ, 2 ਗੱਡੀਆਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਬੀਰ ਸਿੰਘ ਪੁੱਤਰ ਹਰਜਿੰਦਰ ਸਿੰਘ, ਭਗਵੰਤ ਸਿੰਘ ਪੁੱਤਰ ਰਵੇਲ ਸਿੰਘ, ਬਲਵਿੰਦਰ ਸਿੰਘ ਪੁੱਤਰ ਫਕੀਰ ਚੰਦ, ਵਾਸੀ ਪਿੰਡ ਕੋਟਲੀ ਸੱਕਾ ਹੋਈ ਹੈ।
ਉਨ੍ਹਾਂ ਦੱਸਿਆ ਕਿ ਗੁਰਸੇਵਕ ਸਿੰਘ ਦੋ ਪ੍ਰਵਾਸੀ ਵਿਅਕਤੀਆਂ ਨੂੰ, ਜਿਹੜੇ ਗੂੰਗੇ ਅਤੇ ਬੋਲੇ ਸਨ, ਨੂੰ ਬੰਦੀ ਬਣਾ ਕੇ ਨਜਾਇਜ਼ ਸਰਾਬ ਕਢਵਾਉਣ ਦਾ ਧੰਦਾ ਕੀਤਾ ਜਾ ਰਿਹਾ ਸੀ। ਪੁਲਸ ਨੇ ਦੋਸ਼ੀ ਗੁਰਸੇਵਕ ਸਿੰਘ ਖ਼ਿਲਾਫ਼ ਬੰਦੀ ਮਜਦੂਰ ਐਕਟ ਅਧੀਨ ਮਕੱਦਮਾ ਦਰਜ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਗੁਰਸੇਵਕ ਸਿੰਘ ਦੇ ਖ਼ਿਲਾਫ਼ ਪਹਿਲਾਂ ਤੋਂ ਹੀ ਪੰਜ ਅਤੇ ਭਗਵੰਤ ਸਿੰਘ ਖ਼ਿਲਾਫ਼ ਆਬਕਾਰੀ ਐਕਟ ਅਧੀਨ ਵੱਖ-ਵੱਖ ਥਾਣਿਆਂ ’ਚ 10 ਮੁੱਕਦਮੇ ਦਰਜ ਹਨ। ਉਕਤ ਵਿਅਕਤੀਆਂ ਖ਼ਿਲਾਫ਼ ਇਸ ਮਾਮਲੇ ਵਿੱਚ ਮੁੱਕਦਮਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।