ਮੋਗਾ ਪੁਲਸ ਨੇ ਗ੍ਰਿਫਤਾਰ ਕੀਤਾ ਖਤਰਨਾਕ ਗੈਂਗਸਟਰ, ਸਾਹਮਣੇ ਆਈਆਂ ਇਹ ਗੱਲਾਂ (ਤਸਵੀਰਾਂ)
Sunday, Aug 13, 2017 - 06:01 PM (IST)
ਮੋਗਾ (ਅਜ਼ਾਦ) : ਮੋਗਾ ਪੁਲਸ ਵਲੋਂ ਗੈਂਗਸਟਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਥਾਣਾ ਸਿਟੀ ਸਾਊਥ ਵਲੋਂ ਗੈਂਗਸਟਰ ਗਗਨਾ ਹਠੂਰ ਗਰੁੱਪ ਨਾਲ ਸਬੰਧਤ ਇਕ ਹੋਰ ਸਾਥੀ ਕੁਲਜਿੰਦਰ ਸਿੰਘ ਉਰਫ ਕਾਲਾ ਨੂੰ ਕਾਬੂ ਕੀਤਾ ਗਿਆ। ਜਿਸ ਦਾ ਐਤਵਾਰ ਨੂੰ ਮਾਣਯੋਗ ਅਦਾਲਤ ਵਲੋਂ ਚਾਰ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ। ਗਗਨਾ ਗਰੁੱਪ ਦਾ ਗੈਂਗਸਟਰ ਤਲਵਿੰਦਰ ਸਿੰਘ ਉਰਫ ਮਨਦੀਪ ਸਿੰਘ ਉਰਫ ਨਿੱਕੂ ਨੂੰ ਮੋਗਾ ਪੁਲਸ ਨੇ ਬੀਤੇ ਦੋ ਦਿਨ ਪਹਿਲਾਂ ਅਸਲੇ ਅਤੇ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਸੀ।
ਬੈਂਕ ਡਕੈਤੀ ਦੀ ਯੋਜਨਾ ਬਣੀ ਸੀ ਕਾਲਾ ਦੇ ਘਰ
ਪੁਲਸ ਸੂਤਰਾਂ ਅਨੁਸਾਰ ਬੀਤੀ 23 ਮਈ 2016 ਨੂੰ ਗਗਨਾ ਹਠੂਰ ਗਰੁੱਪ ਵਲੋਂ ਓ.ਬੀ.ਸੀ ਬੈਂਕ ਬਾਘਾਪੁਰਾਣਾ ਲਈ ਪ੍ਰਤਾਪ ਰੋਡ ਮੋਗਾ ਤੋਂ 60 ਲੱਖ ਰੁਪਏ ਲੈ ਜਾ ਰਹੀ ਇਨੋਵਾ ਗੱਡੀ ਨੂੰ ਘੇਰ ਕੇ ਗਾਰਡ ਦੀ ਹੱਤਿਆ ਕਰਨ ਤੋਂ ਬਾਅਦ 60 ਲੱਖ ਰੁਪਏ ਲੁੱਟੇ ਗਏ ਸਨ। ਉਕਤ ਲੁੱਟ ਦੀ ਯੋਜਨਾ ਕਾਲਾ ਦੇ ਘਰ ਬਣੀ ਸੀ ਅਤੇ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਗੈਂਗਸਟਰ ਇੰਨਾਂ ਦੇ ਘਰ ਹੀ ਪੁੱਜੇ, ਉਥੇ ਆਪਸ 'ਚ ਪੈਸਿਆਂ ਦੀ ਵੰਡ ਕੀਤੀ ਅਤੇ ਕੁਲਜਿੰਦਰ ਸਿੰਘ ਉਰਫ ਕਾਲਾ ਨਿਵਾਸੀ ਪਿੰਡ ਧੂੜਕੋਟ (ਰਾਏਕੋਟ) ਨੂੰ ਵੀ ਉਸਦਾ ਹਿੱਸਾ ਦਿੱਤਾ ਗਿਆ ਸੀ। ਉਕਤ ਡਕੈਤੀ ਦੇ ਮਾਮਲੇ ਵਿਚ ਪੁਲਸ ਨੇ ਕਈ ਵਿਅਕਤੀਆਂ ਨੂੰ ਕਾਬੂ ਕਰ ਲਿਆ ਸੀ। ਜਦਕਿ ਕਈ ਫਰਾਰ ਚੱਲਦੇ ਆ ਰਹੇ ਹਨ।
ਮੋਗਾ ਪੁਲਸ ਨੇ ਦਬੋਚਿਆ
ਥਾਣਾ ਸਿਟੀ ਸਾਊਥ ਦੇ ਇੰਚਾਰਜ ਦਿਲਬਾਗ ਸਿੰਘ ਨੇ ਦੱਸਿਆ ਕਿ ਗੈਂਗਸਟਰ ਗਗਨਾ ਹਠੂਰ ਗਰੁੱਪ ਦੇ ਤਲਵਿੰਦਰ ਸਿੰਘ ਉਰਫ ਮਨਦੀਪ ਸਿੰਘ ਉਰਫ ਨਿੱਕੂ ਨਿਵਾਸੀ ਪਿੰਡ ਸੁਧਾਰ ਦੇ ਕਾਬੂ ਆ ਜਾਣ ਅਤੇ ਉਸ ਵਲੋਂ ਬੈਂਕ ਡਕੈਤੀ ਦੀ ਯੋਜਨਾ ਦਾ ਖੁਲਾਸਾ ਕਰਨ ਤੋਂ ਬਾਅਦ ਪੁਲਸ ਨੇ ਉਕਤ ਗਿਰੋਹ ਦੇ ਹੋਰ ਵਿਅਕਤੀਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ। ਉਕਤ ਮੁਹਿੰਮ ਦੇ ਤਹਿਤ ਗੁਪਤ ਸੂਚਨਾ ਦੇ ਆਧਾਰ ਤੇ ਕੁਲਜਿੰਦਰ ਸਿੰਘ ਉਰਫ ਕਾਲਾ ਨੂੰ ਦਬੋਚਿਆ ਗਿਆ। ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਅਤੇ ਕਈ ਅਹਿਮ ਸੁਰਾਗ ਕਈ ਵਾਰਦਾਤਾਂ ਦੇ ਮਿਲਣ ਦੀ ਸੰਭਾਵਨਾ ਹੈ।
ਟਰੱਕ ਯੂਨੀਅਨ ਦਾ ਹੈ ਉਪ ਪ੍ਰਧਾਨ
ਜਾਣਕਾਰੀ ਅਨੁਸਾਰ ਕੁਲਜਿੰਦਰ ਸਿੰਘ ਉਰਫ ਕਾਲਾ ਜੋ ਪਹਿਲਾਂ ਅਕਾਲੀ ਦਲ ਦਾ ਖਾਸ ਵਰਕਰ ਸੀ ਅਤੇ ਹੁਣ ਰਾਏਕੋਟ ਵਿਧਾਨ ਸਭਾ ਚੋਣ ਸਮੇਂ ਕਾਂਗਰਸ 'ਚ ਸ਼ਾਮਲ ਹੋ ਗਿਆ। ਕਾਂਗਰਸ ਸਰਕਾਰ ਬਨਣ ਤੋਂ ਬਾਅਦ ਟਰੱਕ ਯੂਨੀਅਨਾਂ 'ਤੇ ਕਬਜ਼ਾ ਕਰਨ ਦੀ ਚੱਲੀ ਮੁਹਿੰਮ ਦੇ ਤਹਿਤ ਕਾਲਾ ਨੇ ਵੀ ਆਪਣੇ ਸਾਥੀਆਂ ਨਾਲ ਮਿਲ ਕੇ ਰਾਏਕੋਟ ਟਰੱਕ ਯੂਨੀਅਨ ਦਫਤਰ ਦੇ ਤਾਲੇ ਤੋੜ ਕੇ ਕਬਜ਼ਾ ਕਰ ਲਿਆ ਅਤੇ ਉਸ ਨੂੰ ਟਰੱਕ ਯੂਨੀਅਨ ਰਾਏਕੋਟ ਦਾ ਪ੍ਰਧਾਨ ਵੀ ਬਣਾ ਦਿੱਤਾ ਗਿਆ ਪਰ ਵਿਰੋਧਤਾ ਹੋਣ 'ਤੇ ਉਸ ਨੂੰ ਉਪ ਪ੍ਰਧਾਨ ਨਿਯੁਕਤ ਕਰਨਾ ਪਿਆ ਅਤੇ ਕਾਂਗਰਸੀ ਨੇਤਾ ਸੁਖਪਾਲ ਸਿੰਘ ਗੋਇੰਦਵਾਲ ਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ।
