ਚਿੱਟੇ ਤੋਂ ਵੀ ਵੱਧ ਖਤਰਨਾਕ ਹੈ ਜ਼ਹਿਰੀਲਾ ਧੂੰਆਂ
Tuesday, Nov 05, 2019 - 12:28 AM (IST)
ਬਠਿੰਡਾ (ਵਰਮਾ)-ਜ਼ਹਿਰੀਲਾ ਧੂੰਆਂ ਰੁਕਣ ਦਾ ਨਾਂ ਨਹੀਂ ਲੈ ਰਿਹਾ, ਪੂਰੇ ਸੂਬੇ ਨੂੰ ਆਪਣੀ ਲਪੇਟ ’ਚ ਲੈ ਕੇ ਕਈ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਡਾਕਟਰਾਂ ਨੇ ਇਸ ਨੂੰ ਚਿੱਟੇ ਤੋਂ ਵੀ ਵੱਧ ਖਤਰਨਾਕ ਦੱਸਿਆ। ਜੇਕਰ ਇਸ ਵਾਰ ਕਾਬੂ ਨਾ ਕੀਤਾ ਗਿਆ ਤਾਂ ਆਉਣ ਵਾਲੀ ਪੀਡ਼੍ਹੀ ਵੀ ਇਸ ਦੇ ਰੋਗ ਤੋਂ ਗ੍ਰਸਤ ਹੋਵੇਗੀ। ਕੁਝ ਡਾਕਟਰਾਂ ਨੇ ਤਾਂ ਇਸ ਨੂੰ ਐਟਮ ਬੰਬ ਦੱਸਿਆ, ਜਿਸ ਦੇ ਭਿਆਨਕ ਪ੍ਰਭਾਵ ਹਨ ਅਤੇ ਇਸ ਦਾ ਅਸਰ ਕੁੱਖ ’ਚ ਪਲ ਰਹੇ ਬੱਚੇ ਤੱਕ ਨੂੰ ਵੀ ਚਲਾ ਜਾਂਦਾ ਹੈ। ਜਗ ਬਾਣੀ ਵਲੋਂ ਮੰਨੇ ਪ੍ਰਮੰਨੇ ਦਿਲ ਰੋਗ ਮਾਹਰ ਤੇ ਛਾਤੀ ਰੋਗ ਮਾਹਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਇਕ ਖਤਰਨਾਕ ਬੀਮਾਰੀ ਹੈ, ਜਿਸ ਨਾਲ ਕਈ ਰੋਗਾਂ ਨੂੰ ਸੱਦਾ ਮਿਲਦਾ ਹੈ, ਜੋ ਇਸ ਦਾ ਅਸਰ ਪੀਡ਼੍ਹੀ ਦਰ ਪੀਡ਼੍ਹੀ ਰਹਿੰਦਾ ਹੈ। ਹਸਪਤਾਲਾਂ ’ਚ ਦਿਲ ਅਤੇ ਛਾਤੀ ਦੇ ਰੋਗਾਂ ਦੇ ਮਰੀਜ਼ਾਂ ਦੀ ਗਿਣਤੀ 20 ਫੀਸਦੀ ਤੱਕ ਵਧ ਗਈ ਹੈ। 50 ਸਾਲ ਦੀ ਉਮਰ ਤੋਂ ਵੱਧ ਦੇ ਵਿਅਕਤੀਆਂ ਨੂੰ ਇਸ ਧੂੰਏਂ ਤੋਂ ਬਚਣਾ ਚਾਹੀਦਾ ਹੈ।
ਪਿਛਲੇ ਕੁਝ ਦਿਨਾਂ ਤੋਂ ਧੂੰਏਂ ਦੇ ਪ੍ਰਦੂਸ਼ਣ ਨਾਲ ਦਿਲ ਰੋਗੀਆਂ ਦੀ ਸੰਖਿਆ ਦੋ ਗੁਣਾ ਤੋਂ ਵੀ ਵਧ ਹੋਈ। ਉਨ੍ਹਾਂ ਦੱਸਿਆ ਕਿ ਇਕ 28 ਸਾਲਾ ਨੌਜਵਾਨ ਵੀ ਧੂੰਏਂ ਦੀ ਲਪੇਟ ’ਚ ਫਸ ਗਿਆ ਅਤੇ ਉਸ ਨੂੰ ਹਾਰਟ ਅਟੈਕ ਹੋ ਗਿਆ। ਉਨ੍ਹਾਂ ਕਿਹਾ ਕਿ ਇਹ ਨਿਰਾ ਜ਼ਹਿਰ ਹੈ, ਦਿਲ ਰੋਗੀਆਂ, ਸ਼ੂਗਰ, ਕਿਡਨੀ ਆਦਿ ਦੇ ਮਰੀਜ਼ਾਂ ’ਤੇ ਇਸ ਦਾ ਵੱਧ ਅਸਰ ਦੇਖਣ ਨੂੰ ਮਿਲਿਆ। -ਜਿੰਦਲ ਹਾਰਟ ਹਸਪਤਾਲ ਦੇ ਡਾਕਟਰ ਰਾਜੇਸ਼ ਜਿੰਦਲ
ਇਹ ਧੂੰਆਂ ਤਾਂ ਚਿੱਟੇ ਤੋਂ ਵੀ ਵੱਧ ਖਤਰਨਾਕ ਹੈ, ਜਿਸ ਦੀ ਲਪੇਟ ’ਚ ਹਰੇਕ ਵਿਅਕਤੀ ਆ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚਿੱਟੇ ਦਾ ਅਸਰ ਤਾਂ ਉਸ ਦਾ ਸੇਵਨ ਕਰਨ ਵਾਲਿਆਂ ’ਤੇ ਪੈਂਦਾ ਹੈ ਪਰ ਇਹ ਧੂੰਆਂ ਵਾਤਾਵਰਣ ’ਚ ਇਸ ਕਦਰ ਫੈਲਦਾ ਹੈ, ਜਿਸ ਦੀ ਲਪੇਟ ’ਚ ਛੋਟੇ ਅਤੇ ਵੱਡੇ ਸਾਰੇ ਆ ਜਾਂਦੇ ਹਨ। -ਡਾਕਟਰ ਜੀ. ਐੱਸ. ਨਾਗਪਾਲ ਅਤੇ ਅਤਿਨ ਗੁਪਤਾ
ਇਸ ਧੂੰਏਂ ਨਾਲ ਅਲਰਜੀ ਦੇ ਰੋਗੀਆਂ ਦੀ ਸੰਖਿਆ 150 ਗੁਣਾ ਵਧ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰੀਰ ’ਤੇ ਪੂਰੇ ਕੱਪਡ਼ੇ ਪਾ ਕੇ ਅਤੇ ਮਾਸਕ ਲਾ ਕੇ ਹੀ ਬਾਹਰ ਜਾਣਾ ਚਾਹੀਦਾ ਹੈ। -ਚਮਡ਼ੀ ਰੋਗ ਮਾਹਰ ਡਾ. ਸ਼ਾਲੂ ਮਿੱਤਲ
ਜ਼ਹਿਰਲੇ ਧੂੰਏਂ ਦਾ ਅਸਰ ਚਾਰੇ ਪਾਸੇ ਫੈਲਿਆ ਹੋਇਆ ਹੈ, ਜਿਸ ਕਾਰਣ ਅਸਥਮਾ ਦੀ ਬੀਮਾਰੀ ’ਚ ਵਾਧਾ ਹੋ ਰਿਹਾ ਹੈ ਅਤੇ ਬੱਚਿਆਂ ਦੇ ਫੇਫਡ਼ੇ ਛੋਟੇ ਹੁੰਦੇ ਹਨ, ਅਜਿਹੇ ’ਚ ਜ਼ਹਿਰੀਲੇ ਧੂੰਏਂ ਦਾ ਅਸਰ ਬੱਚਿਆਂ ’ਤੇ ਵੱਧ ਅਸਰ ਪਾਉਂਦਾ ਹੈ। -ਆਦੇਸ਼ ਹਸਪਤਾਲ ਦੇ ਡਾ. ਕਸਤੂਰੀ ਲਾਲ ਅਤੇ ਚੰਡੀਗਡ਼੍ਹ ਕਲੀਨਿਕ ਦੇ ਡਾ. ਜਗਜੀਤ ਸਿੰਘ ਚਾਈਲਡ ਮਾਹਰ
ਪਰਾਲੀ ਤੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਇੰਨਾ ਖਤਰਨਾਕ ਹੈ ਕਿ ਉਹ ਸਰੀਰ ਦੇ ਪੂਰੇ ਅੰਦਰੂਨੀ ਭਾਗ ਨੂੰ ਆਪਣੀ ਲਪੇਟ ’ਚ ਲੈ ਕੇ ਸਰੀਰ ’ਚ ਆਰਗਨ ’ਤੇ ਅਸਰ ਕਰਦਾ ਹੈ। ਅਜਿਹੇ ’ਚ ਸਾਹ ਫੁੱਲਣਾ, ਅਲਰਜੀ, ਨੱਕ ਵੱਗਣਾ, ਗਲੇ ’ਚ ਖਰਾਸ਼, ਛਾਤੀ ਦਾ ਜਾਮ ਹੋਣਾ ਆਦਿ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਮਾਸਕ ਦੇ ਬਾਹਰ ਨਿਕਲਣਾ ਅਤਿ ਖਤਰਨਾਕ ਹੈ। -ਸਿਵਲ ਹਸਪਤਾਲ ਦੇ ਡਾ. ਗੁਰਮੇਲ ਸਿੰਘ