PM ਮੋਦੀ ਦਾ ਡੇਰਾ ਬਿਆਸ ਦੌਰਾ, ਪੰਜਾਬ ਦੇ ਤਣਾਅਪੂਰਨ ਹਾਲਾਤ ਕਾਰਨ ਅੱਜ ਦਾ ਦਿਨ ਪੁਲਸ ਲਈ ਹੈ ਚੁਣੌਤੀਪੂਰਨ

Saturday, Nov 05, 2022 - 03:30 AM (IST)

PM ਮੋਦੀ ਦਾ ਡੇਰਾ ਬਿਆਸ ਦੌਰਾ, ਪੰਜਾਬ ਦੇ ਤਣਾਅਪੂਰਨ ਹਾਲਾਤ ਕਾਰਨ ਅੱਜ ਦਾ ਦਿਨ ਪੁਲਸ ਲਈ ਹੈ ਚੁਣੌਤੀਪੂਰਨ

ਜਲੰਧਰ (ਪੁਨੀਤ)–ਕਈ ਕਾਰਨਾਂ ਕਰਕੇ ਸ਼ਨੀਵਾਰ ਦਾ ਦਿਨ ਪੁਲਸ ਲਈ ਬੇਹੱਦ ਚੁਣੌਤੀਪੂਰਨ ਸਾਬਿਤ ਹੋਣ ਵਾਲਾ ਹੈ। ਅੰਮ੍ਰਿਤਸਰ ’ਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਗੋਲ਼ੀਆਂ ਮਾਰ ਕੇ ਕੀਤੇ ਗਏ ਕਤਲ ਤੋਂ ਬਾਅਦ ਪੰਜਾਬ ਦੇ ਹਾਲਾਤ ਬੇਹੱਦ ਤਣਾਅਪੂਰਨ ਅਤੇ ਚਿੰਤਾਜਨਕ ਬਣਦੇ ਜਾ ਰਹੇ ਹਨ। ਹਿੰਦੂ ਸੰਗਠਨਾਂ ਵੱਲੋਂ ਪੰਜਾਬ ਬੰਦ ਲਈ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ’ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਸੂਰੀ ਨੂੰ ਸ਼ਹੀਦ ਦਾ ਦਰਜਾ ਦੇਣ ਲਈ ਆਵਾਜ਼ ਉੱਠਣ ਲੱਗੀ ਹੈ। ਗੋਲ਼ੀਆਂ ਦਾ ਸ਼ਿਕਾਰ ਹੋਏ ਸੁਧੀਰ ਸੂਰੀ ਦਾ ਵੀਰਵਾਰ ਨੂੰ ਅੰਤਿਮ ਸੰਸਕਾਰ ਕੀਤਾ ਜਾਵੇਗਾ, ਜਿਸ ’ਚ ਹਿੱਸਾ ਲੈਣ ਲਈ ਸੂਬੇ ਭਰ ’ਚੋਂ ਆਗੂ ਅੰਮ੍ਰਿਤਸਰ ਜਾ ਰਹੇ ਹਨ, ਜਿਥੇ ਅਗਲੀ ਰਣਨੀਤੀ ਤੈਅ ਹੋਵੇਗੀ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਨੀਵਾਰ ਨੂੰ ਪੰਜਾਬ ਆ ਰਹੇ ਹਨ। ਪੀ. ਐੱਮ. ਹਵਾਈ ਰਸਤੇ ਆਦਮਪੁਰ ਉੱਤਰਨਗੇ ਅਤੇ ਉਸ ਤੋਂ ਬਾਅਦ ਡੇਰਾ ਬਿਆਸ ਜਾਣਗੇ। ਪ੍ਰਧਾਨ ਮੰਤਰੀ ਦੀ ਆਮਦ ਨੂੰ ਲੈ ਕੇ ਕਿਸਾਨ ਆਗੂਆਂ ਵੱਲੋਂ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ, ਜਿਸ ਕਾਰਨ ਪੁਲਸ ਦੀ ਜ਼ਿੰਮੇਵਾਰੀ ਬਹੁਤ ਵਧ ਗਈ ਹੈ। ਪ੍ਰਧਾਨ ਮੰਤਰੀ ਹਵਾਈ ਰਸਤੇ ਆਉਣਗੇ ਤੇ ਡੇਰੇ ਵਿਚ ਚੌਪਰ ਜ਼ਰੀਏ ਜਾਣਾ ਸੰਭਵ ਹੋ ਸਕਦਾ ਹੈ ਕਿਉਂਕਿ ਡੇਰੇ ’ਚ ਹੈਲੀਪੈਡ ਆਦਿ ਦੀ ਪੂਰੀ ਵਿਵਸਥਾ ਹੈ। ਸੜਕ ਮਾਰਗ ’ਤੇ ਵੀ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸੁਧੀਰ ਸੂਰੀ ਕਤਲਕਾਂਡ ਤੋਂ ਬਾਅਦ ਅੰਮ੍ਰਿਤਸਰ ਪਹੁੰਚੇ DGP ਗੌਰਵ ਯਾਦਵ, ਸ਼ਰਾਰਤੀ ਅਨਸਰਾਂ ਨੂੰ ਦਿੱਤੀ ਚਿਤਾਵਨੀ

ਧਾਰਮਿਕ ਮਾਇਨੇ ਨਾਲ ਵੀ ਸ਼ਨੀਵਾਰ ਦਾ ਦਿਨ ਮਹੱਤਵਪੂਰਨ ਹੈ ਕਿਉਂਕਿ ਮਹਾਨਗਰ ’ਚ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸੰਗਤਾਂ ’ਚ ਭਾਰੀ ਉਤਸ਼ਾਹ ਹੈ। ਇਸੇ ਵਿਚਕਾਰ ਅੰਮ੍ਰਿਤਪਾਲ ਸਿੰਘ ਵੀ ਸ਼ਨੀਵਾਰ ਜਲੰਧਰ ਪਹੁੰਚਣਗੇ। ਸ਼ਿਵ ਸੈਨਾ ਆਗੂਆਂ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਜਲੰਧਰ ਆਮਦ ’ਤੇ ਰੋਕ ਲਾਉਣ ਦੀ ਮੰਗ ਕੀਤੀ ਜਾ ਚੁੱਕੀ ਹੈ। ਪੂਰੇ ਘਟਨਾਚੱਕਰ ਨੂੰ ਦੇਖਦੇ ਹੋਏ ਸ਼ਨੀਵਾਰ ਦੇ ਦਿਨ ਲਈ ਪੁਲਸ ਦੀ ਜ਼ਿੰਮੇਵਾਰੀ ਬਹੁਤ ਵਧ ਚੁੱਕੀ ਹੈ। ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਵੱਲੋਂ ਡੀ. ਸੀ. ਪੀ. ਲਾਅ ਐਂਡ ਆਰਡਰ ਅੰਕੁਰ ਗੁਪਤਾ, ਡੀ. ਸੀ. ਪੀ. ਜਗਮੋਹਨ ਸਿੰਘ, ਡੀ. ਸੀ. ਪੀ. ਹੈੱਡਕੁਆਰਟਰ ਵਤਸਲਾ ਗੁਪਤਾ ਸਮੇਤ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸੁਰੱਖਿਆ ਪ੍ਰਬੰਧਾਂ ਸਬੰਧੀ ਅਹਿਮ ਵਿਚਾਰ-ਚਰਚਾ ਕੀਤੀ ਗਈ। ਅੰਮ੍ਰਿਤਪਾਲ ਸਿੰਘ ਦੇ ਮਹਾਨਗਰ ’ਚ ਆਉਣ ਦੇ ਸਮੇਂ ਬਾਰੇ ਅਜੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕਿਆ ਪਰ ਪਟੇਲ ਚੌਕ ਵਿਚ ਲਾਈ ਜਾ ਰਹੀ ਸਟੇਜ ’ਤੇ ਜਾਣ ਦਾ ਉਨ੍ਹਾਂ ਦਾ ਪ੍ਰੋਗਰਾਮ ਦੱਸਿਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਬੀਬੀ ਜਗੀਰ ਕੌਰ ਨੇ ਕਾਰਨ ਦੱਸੋ ਨੋਟਿਸ ਦਾ ਦਿੱਤਾ ਜਵਾਬ, ਅਨੁਸ਼ਾਸਨੀ ਕਮੇਟੀ ’ਤੇ ਚੁੱਕੇ ਵੱਡੇ ਸਵਾਲ

ਪੰਜਾਬ ਬੰਦ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਪਰ ਜਲੰਧਰ ਨਾਲ ਜੁੜੀਆਂ ਹਿੰਦੂ ਇਕਾਈਆਂ ਵੱਲੋਂ ਨਗਰ ਕੀਰਤਨ ਕਾਰਨ ਬੰਦ ਦੇ ਸੱਦੇ ਨੂੰ ਅੱਗੇ ਪਾ ਦਿੱਤਾ ਗਿਆ ਹੈ। ਪੁਲਸ ਵੱਲੋਂ ਚੌਕਸੀ ਅਪਣਾਉਂਦਿਆਂ ਮਹਾਨਗਰ ਵਿਚ ਸੁਰੱਖਿਆ ਪ੍ਰਬੰਧ ਪਹਿਲਾਂ ਹੀ ਸਖ਼ਤ ਕਰ ਦਿੱਤੇ ਗਏ ਹਨ। ਪੀ. ਏ. ਪੀ. ਤੋਂ ਰਿਜ਼ਰਵ ਪੁਲਸ ਫੋਰਸ ਨੂੰ ਬੁਲਾ ਕੇ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਸ਼ੱਕੀ ਲੋਕਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਵੱਲੋਂ ਇਸ ਸਬੰਧੀ ਸ਼ਹਿਰ ਦਾ ਦੌਰਾ ਕਰ ਕੇ ਸੁਰੱਖਿਆ ਪ੍ਰਬੰਧਾਂ ਦਾ ਮੁਆਇਨਾ ਕੀਤਾ ਗਿਆ ਹੈ।


author

Manoj

Content Editor

Related News