ਮਕਾਨ ਦੇਖਣ ਗਏ ਪਤੀ-ਪਤਨੀ ’ਤੇ ਪਿੱਟਬੁਲ ਦਾ ਹਮਲਾ, ਮਕਾਨ ਮਾਲਕ ’ਤੇ ਪਰਚਾ ਦਰਜ
Thursday, Aug 13, 2026 - 06:01 PM (IST)
ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਘੁੰਮਣ ਨਗਰ ਇਲਾਕੇ ’ਚ ਘਰ ਖਰੀਦਣ ਲਈ ਦੇਖਣ ਗਏ ਪਤੀ-ਪਤਨੀ ’ਤੇ ਪਿੱਟਬੁਲ ਕੁੱਤੇ ਵੱਲੋਂ ਕੀਤੇ ਗਏ ਹਮਲੇ ਦੇ ਮਾਮਲੇ ’ਚ ਥਾਣਾ ਅਨਾਜ ਮੰਡੀ ਦੀ ਪੁਲਸ ਨੇ ਮਕਾਨ ਮਾਲਕ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਕੇਸ ਸਿਫ਼ਾਲੀ ਸਭਰਵਾਲ ਪਤਨੀ ਅੰਕਿਤ ਸਭਰਵਾਲ ਵਾਸੀ ਪੁਰਾਣਾ ਗੱਡਾ ਖਾਨਾ ਆਰੀਆ ਸਮਾਜ ਚੌਕ ਪਟਿਆਲਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਸਿਫ਼ਾਲੀ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਪਤੀ ਅਤੇ ਡੀਲਰ ਨਾਲ ਮਕਾਨ ਘੁੰਮਣ ਨਗਰ ਪਟਿਆਲਾ ਦੇਖਣ ਗਈ ਸੀ ਤਾਂ ਜਦੋਂ ਮਾਲਕ ਨਾਲ ਫ਼ੋਨ ’ਤੇ ਗੱਲ ਕਰਨ ਤੋਂ ਬਾਅਦ ਗੇਟ ਖੋਲ੍ਹਿਆ ਤਾਂ ਘਰ ’ਚ ਰੱਖੇ ਗਏ ਕੁੱਤੇ ਨੇ ਸ਼ਿਕਾਇਤਕਰਤਾ ’ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਬੁਰੀ ਤਰ੍ਹਾਂ ਕੱਟ ਲਿਆ। ਜਦੋਂ ਸ਼ਿਕਾਇਤਕਰਤਾ ਦੇ ਪਤੀ ਨੇ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਕੱਟ ਲਿਆ।
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ। ਘਟਨਾ ਤੋਂ ਬਾਅਦ ਸ਼ਿਕਾਇਤਕਰਤਾ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੇ ਉਹ ਜੇਰੇ ਇਲਾਜ ਹੈ ਅਤੇ ਕਾਫ਼ੀ ਜ਼ਿਆਦਾ ਸਹਿਮੀ ਹੋਈ ਸੀ। ਇਸ ਤੋਂ ਬਾਅਦ ਪੁਲਸ ਹਰਕਤ ’ਚ ਆਈ ਅਤੇ ਸਿਫ਼ਾਲੀ ਦਾ ਬਿਆਨ ਦਰਜ ਕਰਕੇ ਇਸ ਮਾਮਲੇ ’ਚ ਘਰ ਦੇ ਮਾਲਕ ਦੇ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
