5 ਪਿਸਤੌਲਾਂ, 5 ਮੈਗਜ਼ੀਨ ਤੇ 6 ਜ਼ਿੰਦਾ ਰੌਂਦ ਸਮੇਤ 2 ਗ੍ਰਿਫਤਾਰ
Tuesday, Jul 25, 2023 - 02:25 PM (IST)

ਬਟਾਲਾ (ਸਾਹਿਲ) : ਥਾਣਾ ਰੰਗੜ ਨੰਗਲ ਦੀ ਪੁਲਸ ਨੇ 5 ਪਿਸਤੌਲਾਂ, 5 ਮੈਗਜ਼ੀਨ ਤੇ 6 ਜ਼ਿੰਦਾ ਰੌਂਦਾਂ ਸਮੇਤ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਜਲੰਧਰ ਰੋਡ ਮਿਸ਼ਰਪੁਰਾ ਵਿਖੇ ਸਾਥੀ ਕਰਮਚਾਰੀਆਂ ਨਾਲ ਮੌਜੂਦ ਸੀ ਕਿ ਗੁਪਤਚਰ ਨੇ ਗੁਪਤ ਸੂਚਨਾ ਦਿੱਤੀ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਜਗਤਾਰ ਸਿੰਘ ਵਾਸੀ ਸ਼ਾਹਬਾਦ ਅਤੇ ਰਾਜਨ ਮਸੀਹ ਉਰਫ ਸਾਜਨ ਪੁੱਤਰ ਗੁਰਮੇਜ ਮਸੀਹ ਵਾਸੀ ਛੋਟਾ ਦੀਵਾਨੀਵਾਲ ਜੋ ਕਿ ਅੱਡਾ ਅੰਮੋਨੰਗਲ ਵਿਖੇ ਖੜ੍ਹੇ ਕਿਸੇ ਦੀ ਉਡੀਕ ਕਰ ਰਹੇ ਹਨ, ਜੇਕਰ ਚੈਕਿੰਗ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ।
ਇਸ ਦੇ ਤੁਰੰਤ ਬਾਅਦ ਉਨ੍ਹਾਂ ਨੇ ਪੁਲਸ ਪਾਰਟੀ ਸਮੇਤ ਉਕਤ ਜਗ੍ਹਾ ’ਤੇ ਜਾ ਕੇ ਉਕਤ ਦੋਵਾਂ ਨੌਜਵਾਨਾਂ ਦੀ ਚੈਕਿੰਗ ਕੀਤੀ ਤਾਂ ਉਕਤਾਨ ਕੋਲੋਂ 5 ਪਿਸਤੌਲ ਦੇਸੀ ਸਮੇਤ 5 ਮੈਗਜ਼ੀਨ ਤੇ 6 ਰੌਂਦ ਜ਼ਿੰਦਾਂ ਬਰਾਮਦ ਹੋਏ। ਏ.ਐੱਸ.ਆਈ ਨੇ ਅੱਗੇ ਦੱਸਿਆ ਕਿ ਮਾਰੂ ਹਥਿਆਰਾਂ ਨੂੰ ਕਬਜ਼ੇ ਵਿਚ ਲੈਣ ਉਪਰੰਤ ਉਕਤ ਦੋਵਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਨ੍ਹਾਂ ਖ਼ਿਲਾਫ ਉਪਰੋਕਤ ਥਾਣੇ ਵਿਚ ਅਸਲਾ ਐਕਟ ਤਹਿਤ ਪਰਚਾ ਕਰ ਦਿੱਤਾ ਹੈ।