ਪਿਮਸ ਦੀ ਲਾਪ੍ਰਵਾਹੀ, ਇਕ ਦਾ ਡਿਸਚਾਰਜ ਕਾਰਡ ਦੂਜੇ ਨੂੰ ਦਿੱਤਾ,ਹਾਲਤ ਵਿਗੜੀ

03/08/2019 10:51:49 AM

ਜਲੰਧਰ (ਅਮਿਤ)— ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸ, ਗੜ੍ਹਾ ਰੋਡ ਜਲੰਧਰ ਦਾ ਆਪਣੀ  ਸ਼ੁਰੂਆਤ ਤੋਂ ਵਿਵਾਦਾਂ ਨਾਲ ਚੋਲੀ-ਦਾਮਨ ਦਾ ਸਾਥ ਬਣਿਆ ਹੋਇਆ ਹੈ। ਇਥੇ ਕਦੋਂ ਕੀ ਹੋ  ਜਾਵੇ ਕੋਈ ਨਹੀਂ ਜਾਣਦਾ। ਵੀਰਵਾਰ ਨੂੰ ਪਿਮਸ ਵਿਚ ਇਕ ਬਹੁਤ ਵੱਡੀ ਲਾਪ੍ਰਵਾਹੀ ਦਾ ਮਾਮਲਾ  ਸਾਹਮਣੇ ਆਇਆ। ਜਿਸ ਵਿਚ ਇਕ ਮਰੀਜ਼ ਦੀ ਜਾਨ ਤੱਕ ਨਾਲ ਖਿਲਵਾੜ ਕੀਤੇ ਜਾਣ ਦਾ ਪਤਾ ਲੱਗਾ  ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਪ੍ਰਵਾਸੀ ਮਜ਼ਦੂਰ ਨੂੰ ਕਿਸੇ ਹੋਰ ਦਾ ਡਿਸਚਾਰਜ ਕਾਰਡ ਦੇ  ਦਿੱਤਾ ਗਿਆ ਜਿਸ ਤੋਂ ਬਾਅਦ ਉਹ ਕਈ ਦਿਨਾਂ ਤੱਕ ਗਲਤ ਦਵਾਈਆਂ ਖਾਂਧਾ ਰਿਹਾ ਤੇ ਉਸਦੀ  ਹਾਲਤ ਕਾਫੀ ਵਿਗੜ ਗਈ ਪਰ ਆਪਣੀ ਗਲਤੀ ਮੰਨਣ ਦੀ ਥਾਂ ਦੋਸ਼ੀ ਡਾਕਟਰ ਨੇ ਉਸਨੂੰ ਦਾਖਲ ਕਰਨ ਤੋਂ ਸਾਫ ਮਨ੍ਹਾਂ ਕਰ ਦਿੱਤਾ ਤੇ ਇਨਸਾਨੀਅਤ ਨੂੰ ਤਾਰ-ਤਾਰ ਕਰਦਿਆਂ ਉਸਨੂੰ ਹਸਪਤਾਲ ਤੋਂ ਬਾਹਰ ਕੱਢ ਦਿੱਤਾ।  ਜਿਸ ਤੋਂ ਬਾਅਦ ਮਰੀਜ਼ ਦੇ ਪਰਿਵਾਰ ਵਾਲਿਆਂ ਨੇ ਪਿੰਡ ਦੇ ਕੁਝ  ਰਸੂਖਦਾਰ ਲੋਕਾਂ ਨੂੰ ਨਾਲ ਲੈ ਕੇ ਉਸਨੂੰ ਹਸਪਤਾਲ ਦੀ ਐਮਰਜੈਂਸੀ ਵਿਚ ਦਾਖਲ ਕਰਵਾਇਆ ਤਾਂ  ਜੋ ਉਸਦੀ ਜਾਨ ਬਚ ਸਕੇ। 

PunjabKesari

ਕੀ ਹੈ ਮਾਮਲਾ, ਕਿਵੇਂ ਆਇਆ ਸਾਹਮਣੇ ?
ਸੁਭਾਨਾ ਵਾਸੀ  60 ਸਾਲਾ ਨਨਕੂ ਪਾਸਵਾਨ ਜੋ ਕਿ ਮਜ਼ਦੂਰੀ ਦਾ ਕੰਮ ਕਰਦਾ ਹੈ, ਉਹ  20-25  ਦਿਨ ਪਹਿਲਾਂ ਬੀਮਾਰ ਹੋਇਆ ਸੀ। ਸਾਹ ਦੀ ਤਕਲੀਫ ਕਾਰਨ ਉਸਨੂੰ 14 ਫਰਵਰੀ ਨੂੰ ਪਿਮਸ  ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿੱਥੋਂ ਉਸਨੂੰ 23 ਫਰਵਰੀ ਨੂੰ ਛੁੱਟੀ ਦੇ ਦਿੱਤੀ ਗਈ।  ਡਿਸਚਾਰਜ ਦੌਰਾਨ ਨਨਕੂ ਨੂੰ ਦਵਾਈਆਂ ਦੀ  ਦਿੱਤੀ ਗਈ ਸਲਿੱਪ 'ਤੇ ਦੱਸੀਆਂ  ਦਵਾਈਆਂ ਉਸਨੇ ਹਸਪਤਾਲ ਅੰਦਰੋਂ ਹੀ ਖਰੀਦ ਲਈਆਂ। ਲਗਭਗ 15 ਦਿਨ  ਉਸਨੇ ਦਵਾਈਆਂ  ਖਾਧੀਆਂ ਪਰ ਆਰਾਮ ਆਉਣ ਦੀ ਥਾਂ ਉਸਦੀ ਹਾਲਤ ਹੋਰ ਵਿਗੜ ਗਈ। ਪਰਿਵਾਰ ਵਾਲਿਆਂ  ਨੇ ਪਿੰਡ ਦੇ ਸਰਪੰਚ ਮਲਕੀਤ ਸਿੰਘ ਕੋਲ ਜਾ ਕੇ ਮਾਮਲੇ ਦੀ ਜਾਣਕਾਰੀ ਦਿੱਤੀ। ਸਰਪੰਚ  ਨੇ ਜਦੋਂ ਨਨਕੂ ਦੀ ਸਲਿੱਪ ਦੇਖੀ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ  ਕਿਉਂਕਿ ਨਨਕੂ ਨੂੰ ਜੋ ਸਲਿੱਪ ਦਿੱਤੀ ਗਈ ਸੀ ਉਹ 36 ਸਾਲਾ ਕਿਸੇ ਅਨਮੋਲ ਨਾਂ ਦੇ  ਨੌਜਵਾਨ ਦੇ ਨਾਂ 'ਤੇ ਲਿਖੀਆਂ ਦਵਾਈਆਂ ਸਨ। ਸਰਪੰਚ ਮਲਕੀਤ ਸਿੰਘ ਨੇ ਮਾਮਲੇ ਦੀ ਗੰਭੀਰਤਾ  ਨੂੰ ਦੇਖਦਿਆਂ ਪਿਮਸ ਦੇ ਡਾਕਟਰ ਕੁਲਬੀਰ ਸ਼ਰਮਾ ਨੂੰ ਫੋਨ ਕੀਤਾ ਤੇ ਸਾਰੇ ਮਾਮਲੇ ਤੋਂ  ਜਾਣੂ ਕਰਵਾਇਆ ਪਰ ਡਾਕਟਰ ਨੇ ਆਪਣੀ ਗਲਤੀ ਮੰਨਣ ਦੀ ਥਾਂ ਉਲਟਾ ਜਵਾਬ ਦਿੱਤਾ ਕਿ 39 ਸਾਲ  ਦੇ ਆਦਮੀ ਦੀ ਦਵਾਈ 60 ਸਾਲ ਦੇ ਆਦਮੀ ਨੂੰ ਦਿੱਤੀ ਜਾ ਸਕਦੀ ਹੈ। ਇਸ ਵਿਚ ਕੋਈ ਵੀ ਗਲਤ  ਗੱਲ ਨਹੀਂ ਹੈ। ਮਲਕੀਤ ਸਿੰਘ ਨੇ ਕਿਹਾ ਕਿ ਦੋ ਵੱਖਰੀਆਂ-ਵੱਖਰੀਆਂ ਬੀਮਾਰੀਆਂ ਲਈ ਇਕੋ  ਜਿਹੀ ਦਵਾਈ ਕਿਵੇਂ ਦਿੱਤੀ ਜਾ ਸਕਦੀ ਹੈ ਤਾਂ ਉਨ੍ਹਾਂ ਕਿਹਾ ਕਿ ਨਹੀਂ, ਇਥੇ ਗਲਤੀ ਹੋਈ  ਹੈ। ਤੁਸੀਂ ਮਰੀਜ਼ ਨੂੰ ਹਸਪਤਾਲ ਭੇਜ ਦਿਓ, ਉਹ ਦੇਖ ਲੈਣਗੇ ਪਰ ਹਸਪਤਾਲ ਭੇਜਣ 'ਤੇ ਉਥੇ  ਮੌਜੂਦ ਸਟਾਫ ਨੇ ਉਸਨੂੰ ਐਡਮਿਟ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਜੇਕਰ ਗਲਤ  ਦਵਾਈਆਂ ਖਾਣ ਨਾਲ ਉਸਨੂੰ ਕੁਝ ਹੋ ਜਾਂਦਾ ਹੈ ਤਾਂ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ  ਹੋਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਭਾਰਤੀ ਕਨੌਜੀਆ ਮਹਾ ਸਭਾ ਦੇ ਚੇਅਰਮੈਨ ਰਾਕੇਸ਼  ਕਨੌਜੀਆ, ਗੁਰਦੀਪ ਸਿੰਘ, ਵਿਨੇ, ਮਨੋਜ ਠਾਕੁਰ, ਵਿਜੇ ਸੋਂਧੀ, ਸ਼ਾਂਗਾ, ਪ੍ਰੇਮ,  ਰੌਕ, ਮਿੰਦੀ, ਕਰਨ ਆਦਿ ਵੀ ਸਨ। 

PunjabKesari


Shyna

Content Editor

Related News