ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਹੁਣ ਨਹੀਂ ਲੱਗੇਗੀ ਐਂਟਰੀ ਫ਼ੀਸ
Saturday, Mar 23, 2024 - 04:27 PM (IST)
ਅੰਮ੍ਰਿਤਸਰ/ਪਾਕਿਸਤਾਨ- ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪਾਕਿਸਤਾਨ ਸਰਕਾਰ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਹੁਣ ਭਾਰਤੀ ਸ਼ਰਧਾਲੂਆਂ ਤੋਂ ਪੰਜ ਡਾਲਰ (ਭਾਰਤੀ ਕਰੰਸੀ 417.71 ਰੁਪਏ) ਐਂਟਰੀ ਫ਼ੀਸ ਨਹੀਂ ਲਵੇਗੀ ਪਰ ਕਰਤਾਰਪੁਰ ਪ੍ਰਾਜੈਕਟ ਮੈਨੇਜਮੈਂਟ ਯੂਨਿਟ ਵੱਲੋਂ ਭਾਰਤੀ ਸ਼ਰਧਾਲੂਆਂ ਤੋਂ 20 ਡਾਲਰ (ਭਾਰਤੀ ਕਰੰਸੀ 1670.85 ਰੁਪਏ) ਯਾਤਰਾ ਖ਼ਰਚ ਵਸੂਲਿਆ ਜਾਵੇਗਾ। ਇਸ ਦੇ ਨਾਲ ਹੀ ਗੁਰਦੁਆਰਿਆਂ ਦੇ ਰੱਖ-ਰਖਾਅ ਲਈ ਰਾਸ਼ਟਰੀ ਸਲਾਹਕਾਰ ਕਮੇਟੀ ਦੇ ਗਠਨ ਦਾ ਵੀ ਐਲਾਨ ਕੀਤਾ ਹੈ।
ਇਹ ਜਾਣਕਾਰੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਪਾਕਿਸਤਾਨੀ ਪੰਜਾਬ ਸੂਬੇ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਤਿੰਨ ਦਿਨ ਪਹਿਲਾਂ ਹੋਈ ਬੈਠਕ ’ਚ ਵਿਦੇਸ਼ੀ ਸਿੱਖ ਭਾਈਚਾਰੇ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬਾਨ ਦੇ ਨਵਨਿਰਮਾਣ ਦੇ ਕੰਮਾਂ ਲਈ ਯੋਗਦਾਨ ਦੇਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਵੱਖ-ਵੱਖ ਦੇਸ਼ਾਂ ਤੋਂ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਹਰ ਯਾਤਰੀ ਤੋਂ ਪੰਜ ਡਾਲਰ ਦਾਖ਼ਲਾ ਫ਼ੀਸ ਲਈ ਜਾਂਦੀ ਸੀ।
ਇਹ ਵੀ ਪੜ੍ਹੋ:ਹੋਲਾ-ਮਹੱਲਾ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਸਹੂਲਤਾਂ ਲਈ ਕੀਤੇ ਇਹ ਵਿਆਪਕ ਪ੍ਰਬੰਧ
ਸੰਗਤ ਨੇ ਇਸ ਨੂੰ ਬੰਦ ਕਰਨ ਦੀ ਪਾਕਿਸਤਾਨ ਸਰਕਾਰ ਅੱਗੇ ਮੰਗ ਚੁੱਕੀ ਸੀ। ਅਰੋੜਾ ਨੇ ਦੱਸਿਆ ਕਿ ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਾਣ ਵਾਲੇ ਭਾਰਤੀ ਯਾਤਰੀਆਂ ਨੂੰ ਬੱਸਾਂ ਦੀ ਬਜਾਏ ਵਿਸ਼ੇਸ਼ ਟਰੇਨ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾਏ ਜਾਣਗੇ। ਦੇਸ਼ ਦੀ ਵੰਡ ਤੋਂ ਬਾਅਦ ਪਹਿਲੀ ਵਾਰ ਸੰਗਤ ਵਿਸ਼ੇਸ਼ ਟਰੇਨ ਰਾਹੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੇਗੀ। 13 ਅਪ੍ਰੈਲ ਨੂੰ ਅਟਾਰੀ ਸੜਕ ਮਾਰਗ ਰਾਹੀਂ ਵਾਹਗਾ ਸਰਹੱਦ ’ਤੇ ਪੁੱਜਣ ਵਾਲੇ ਜੱਥੇ ਨੂੰ ਬੱਸਾਂ ਦੀ ਬਜਾਏ ਵਿਸ਼ੇਸ਼ ਟਰੇਨ ਰਾਹੀਂ ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ) ਦੀ ਯਾਤਰਾ ਕਰਵਾਈ ਜਾਵੇਗੀ। ਨਵੇਂ ਨਿਯਮਾਂ ਮੁਤਾਬਕ, ਗੁਰਦੁਆਰਿਆਂ ’ਚ ਠਹਿਰਣ ਲਈ ਸਭ ਤੋਂ ਪਹਿਲਾਂ ਵਿਦੇਸ਼ ਤੋਂ ਆਏ ਯਾਤਰੀਆਂ ਨੂੰ ਕਮਰੇ ਅਲਾਟ ਕੀਤੇ ਜਾਣਗੇ। ਇਸ ਤੋਂ ਬਾਅਦ ਹੀ ਪਾਕਿਸਤਾਨ ਦੀ ਸੰਗਤ ਨੂੰ ਕਮਰੇ ਮੁਹੱਈਆ ਕਰਵਾਏ ਜਾਣਗੇ।
ਇਹ ਵੀ ਪੜ੍ਹੋ: ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੇ 5 ਜ਼ਿਲ੍ਹਿਆਂ 'ਚ ਐੱਸ. ਐੱਸ. ਪੀਜ਼. ਦੀ ਕੀਤੀ ਤਾਇਨਾਤੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8