ਫਿਲੌਰ : ਪ੍ਰਸ਼ਾਸਨ ਨੇ ਨਹੀਂ, ਕੁਦਰਤ ਨੇ ਰੁਕਵਾਇਆ ਸਤਲੁਜ ਦਰਿਆ ’ਤੇ ਨਾਜਾਇਜ਼ ਮਾਈਨਿੰਗ ਦਾ ਕੰਮ
Sunday, Jul 04, 2021 - 12:05 PM (IST)
ਫਿਲੌਰ (ਭਾਖੜੀ)-ਪ੍ਰਸ਼ਾਸਨ ਨੇ ਨਹੀਂ, ਕੁਦਰਤ ਨੇ ਦਰਿਆ ’ਤੇ ਚੱਲ ਰਹੇ ਨਾਜਾਇਜ਼ ਮਾਈਨਿੰਗ ਦੇ ਕੰਮ ਨੂੰ ਰੁਕਵਾਇਆ ਹੈ। ਰਾਤ ਨੂੰ ਹੋਈ ਬਾਰਿਸ਼ ਕਾਰਨ ਦਰਿਆ ਦੇ ਪਾਣੀ ਵਿਚ ਰੇਤ ਨਾਲ ਭਰੇ ਵੱਡੇ ਵਾਹਨਾਂ ਦੇ ਨਿਕਲਣ ਦੇ ਰਸਤੇ ਬੰਦ ਕਰ ਦਿੱਤੇ। ਠੇਕੇਦਾਰ ਦੇ ਲੋਕ ਕੰਮ ਚਲਾਉਣ ਅਤੇ ਰਸਤਾ ਖੋਲ੍ਹਣ ਲਈ ਪੂਰਾ ਦਿਨ ਜਦੋ-ਜਹਿਦ ਕਰਦੇ ਰਹੇ। ਬੀਤੇ ਦਿਨ ਮਾਈਨਿੰਗ ਮਹਿਕਮੇ ਵੱਲੋਂ ਦਰਿਆ ’ਤੇ 15 ਦਿਨ ਹੋਰ ਮਾਈਨਿੰਗ ਕਰਨ ਦਾ ਜੋ ਪੱਤਰ ਜਾਰੀ ਕੀਤਾ ਗਿਆ ਸੀ, ਉਸ ’ਤੇ ਸਥਾਨਕ ਅਧਿਕਾਰਆਂ ਨੇ ਪੂਰੀ ਤਰ੍ਹਾਂ ਚੁੱਪ ਧਾਰ ਰੱਖੀ ਹੈ। ਐੱਸ. ਡੀ. ਐੱਮ. ਨੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਪੁਲਸ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਉੱਪਰੋਂ ਵੱਡੇ ਅਧਿਕਾਰੀ ਬਾਕਾਇਦਾ ਲਿਖ਼ਤੀ ਰੂਪ ਵਿਚ ਇਸ ਪੱਤਰ ਸਬੰਧੀ ਨਿਰਦੇਸ਼ ਨਹੀਂ ਦਿੰਦੇ, ਉਹ ਉਦੋਂ ਤੱਕ ਉਥੇ ਮਾਈਨਿੰਗ ਦਾ ਕੋਈ ਵੀ ਕੰਮ ਨਹੀਂ ਚੱਲਣ ਦੇਣਗੇ।
ਇਹ ਵੀ ਪੜ੍ਹੋ: ਬਾਦਲਾਂ ਦੇ ਸ਼ਾਸਨ ਕਾਲ ’ਚ ਹੋਏ ਬਿਜਲੀ ਖ਼ਰੀਦ ਸਮਝੌਤਿਆਂ ਦੀ ਸਮੀਖਿਆ ਸ਼ੁਰੂ: ਕੈਪਟਨ ਅਮਰਿੰਦਰ ਸਿੰਘ
ਭਾਜਪਾ ਨਾਜਾਇਜ਼ ਮਾਈਨਿੰਗ ਵਿਰੁੱਧ ਦਰਿਆ ’ਤੇ ਧਰਨਾ ਦੇ ਕੇ ਨੇਤਾਵਾਂ ਤੇ ਅਧਿਕਾਰੀਆਂ ਨੂੰ ਬੇਨਕਾਬ ਕਰੇਗੀ
ਭਾਜਪਾ ਜਲੰਧਰ ਦਿਹਾਤੀ ਦੇ ਪ੍ਰਧਾਨ ਅਮਰਜੀਤ ਸਿੰਘ, ਪੰਜਾਬ ਬੁਲਾਰੇ ਮਿੰਟਾ ਕੋਛੜ ਨੇ ਦੱਸਿਆ ਕਿ ਡੀ. ਸੀ. ਜਲੰਧਰ ਅਤੇ ਐੱਸ. ਡੀ. ਐੱਮ. ਫਿਲੌਰ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ 1 ਜੁਲਾਈ ਤੋਂ ਦਰਿਆ ’ਤੇ ਮਾਈਨਿੰਗ ਦਾ ਕੰਮ ਤਿੰਨ ਮਹੀਨੇ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ, ਜਦੋਂਕਿ ਹੁਣ ਮਾਈਨਿੰਗ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਠੇਕੇਦਾਰ ਦੇ ਨਾਲ ਮਿਲ ਕੇ ਇਕ ਪੱਤਰ ਜਾਰੀ ਕਰਕੇ ਕਿਹਾ ਗਿਆ ਹੈ ਕਿ ਦਰਿਆ ’ਤੇ 15 ਦਿਨ ਲਈ ਮਾਈਨਿੰਗ ਦਾ ਕੰਮ ਹੋਣ ਦਿੱਤਾ ਜਾਵੇ। ਜਿਸ ਨੂੰ ਭਾਜਪਾ ਪਾਰਟੀ ਕਿਸੇ ਵੀ ਸੂਰਤ ਵਿਚ ਨਹੀਂ ਹੋਣ ਦੇਵੇਗੀ। ਉਕਤ ਨੇਤਾਵਾਂ ਨੇ ਕਿਹਾ ਕਿ ਜੇਕਰ ਦਰਿਆ ’ਤੇ ਠੇਕੇਦਾਰ ਨੇ ਹੁਣ ਨਾਜਾਇਜ਼ ਮਾਈਨਿੰਗ ਦਾ ਕੰਮ ਸ਼ੁਰੂ ਕੀਤਾ ਜਾਂ ਫਿਰ ਪਿੰਡ ਕਡਿਆਣਾ ਵਿਚ ਕਿਸਾਨਾਂ ਦੀ ਜ਼ਮੀਨ ਹਥਿਆਉਣ ਦੇ ਯਤਨ ਕੀਤੇ ਤਾਂ ਉਹ ਉਥੇ ਹੀ ਦਰਿਆ ’ਤੇ ਟੈਂਟ ਲਗਾ ਕੇ ਧਰਨੇ ’ਤੇ ਬੈਠ ਜਾਣਗੇ ਅਤੇ ਉਨ੍ਹਾਂ ਨੇਤਾਵਾਂ ਨੇ ਭ੍ਰਿਸ਼ਟ ਅਧਿਕਾਰੀਆਂ ਦੇ ਨਾਂ ਮੀਡੀਆ ’ਚ ਆ ਕੇ ਜਨਤਕ ਕਰਨਗੇ ਜਿਹੜੇ ਠੇਕੇਦਾਰ ਜੇਬ ਗਰਮ ਕਰਵਾ ਕੇ ਨਾਜਾਇਜ਼ ਮਾਈਨਿੰਗ ਦੇ ਕੰਮ ’ਚ ਹਿੱਸੇਦਾਰ ਬਣੇ ਬੈਠੇ ਹਨ ਅਤੇ ਉਹ ਉਦੋਂ ਤੱਕ ਧਰਨਾ ਨਹੀਂ ਚੁੱਕਣਗੇ, ਜਦੋਂ ਤੱਕ ਪ੍ਰਸ਼ਾਸਨ ਠੇਕੇਦਾਰ ਵਿਰੁੱਧ ਨਾਜਾਇਜ਼ ਖਨਨ ਦਾ ਮੁਕੱਦਮਾ ਨਹੀਂ ਦਰਜ ਕਰਦਾ। ਉਨ੍ਹਾਂ ਨੇ ਦੱਸਿਆ ਕਿ ਠੇਕੇਦਾਰ ਨੇ ਇਕ ਵੀ ਸ਼ਰਤ ਪੂਰੀ ਨਹੀਂ ਕੀਤੀ। ਦਰਿਆ ਵਿਚ 20 ਫੁੱਟ ਤੋਂ ਡੂੰਘੇ ਟੋਏ ਪੁੱਟੇ ਗਏ। ਬੰਨ੍ਹ ਦੇ ਕੋਲੋਂ ਰੇਤਾ ਚੁੱਕਿਆ, ਪੋਕਲੇਨ ਮਸ਼ੀਨ ਅਤੇ ਹੋਰ ਵੱਡੇ ਵਾਹਨ ਅਦਾਲਤ ਦੇ ਨਿਰਦੇਸ਼ਾਂ ਦੇ ਬਾਵਜੂਦ ਦਰਿਆ ’ਚ ਉਤਾਰੇ। ਉਨ੍ਹਾਂ ਦੇ ਕੋਲ ਸਾਰੇ ਸਬੂਤ ਹਨ ਜੋ ਉਹ ਅਧਿਕਾਰੀਆਂ ਨੂੰ ਵੀ ਸੌਂਪ ਚੁੱਕੇ ਹਨ। ਉਸ ਦੇ ਬਾਵਜੂਦ ਕਿਸੇ ਨੇ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਉਨ੍ਹਾਂ ਨੂੰ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ।
ਇਹ ਵੀ ਪੜ੍ਹੋ:ਮਜੀਠੀਆ ਦਾ ਵੱਡਾ ਇਲਜ਼ਾਮ, ਕੈਪਟਨ ਦੀ ਸ਼ਹਿ ’ਤੇ ਹੋ ਰਹੀ ਨਾਜਾਇਜ਼ ਮਾਈਨਿੰਗ (ਵੀਡੀਓ)
ਬੰਨ੍ਹ ਦੀ ਸੁਰੱਖਿਆ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਮੋਢਿਆਂ ’ਤੇ ਛੱਡੀ, ਨੁਕਸਾਨ ਤਾਂ ਹੋਵੇਗਾ ਹੀ : ਬਲਬੀਰ ਸਿੰਘ
ਸਮਾਜਸੇਵੀ ਬਲਬੀਰ ਸਿੰਘ ਨੇ ਕਿਹਾ ਕਿ ਬੰਨ੍ਹ ਦੀ ਸੁਰੱਖਿਆ ਦਾ ਜ਼ਿੰਮਾ ਨਾਜਾਇਜ਼ ਮਾਈਨਿੰਗ ਕਰਨ ਵਾਲੇ ਠੇਕੇਦਾਰ ਦੇ ਮੋਢਿਆਂ ’ਤੇ ਛੱਡ ਦਿੱਤਾ ਹੈ, ਉਸ ਦਾ ਖਮਿਆਜ਼ਾ ਤਾਂ ਭੁਗਤਣਾ ਹੀ ਪਵੇਗਾ। ਹੁਣ ਦਰਿਆ ’ਤੇ ਹਾਲਾਤ ਇਹ ਹੋ ਚੁੱਕੇ ਹਨ ਕਿ ਠੇਕੇਦਾਰ ਦੇ ਲੋਕਾਂ ਵੱਲੋਂ ਬੰਨ੍ਹ ਦੇ ਨੇੜੇ ਹੀ 20 ਫੁੱਟ ਡੂੰਘੇ ਟੋਏ ਪੁੱਟ ਕੇ ਮਾਈਨਿੰਗ ਕਰ ਦਿੱਤੀ ਗਈ। 1 ਜੁਲਾਈ ਤੋਂ 3 ਮਹੀਨੇ ਲਈ ਕੰਮ ਪੂਰੀ ਤਰ੍ਹਾਂ ਬੰਦ ਕਰਨ ਦੇ ਨਿਰਦੇਸ਼ ਸਨ। ਸ਼ਨੀਵਾਰ ਵੀ ਠੇਕੇਦਾਰ ਵੱਲੋਂ ਲੁਧਿਆਣਾ ਵਿਚ ਪੈਂਦੇ ਪਿੰਡ ਸਸਰਾਲੀ ਵਿਚ ਨਾਜਾਇਜ਼ ਮਾਈਨਿੰਗ ਦਾ ਕੰਮ ਜਰੀ ਰੱਖਿਆ ਗਿਆ। ਉਨ੍ਹਾਂ ਨੇ ਕਿਹਾ ਕਿ ਬਰਸਾਤਾਂ ’ਚ ਪਿੱਛੋਂ ਪਾਣੀ ਛੱਡਿਆ ਗਿਆ ਤਾਂ ਦਰਿਆ ਦੇ ਨੇੜਲੇ ਪਿੰਡਾਂ ਨੂੰ ਭੁਗਤਣਾ ਹੋਵੇਗਾ। ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਏ. ਡੀ. ਜੀ. ਪੀ. ਆਰ. ਐੱਨ. ਢੋਕੇ ਕੋਲ ਠੇਕੇਦਾਰ ਦੇ ਨਾਜਾਇਜ਼ ਕੰਮਾਂ ਦੀ ਸ਼ਿਕਾਇਤ ਕੀਤੀ ਹੈ, ਉਹ ਸੋਮਵਾਰ ਨੂੰ ਅਦਾਲਤ ’ਚ ਇਕ ਹੋਰ ਰਿੱਟ ਪਟੀਸ਼ਨ ਦਾਇਰ ਕਰਨਗੇ।
ਇਹ ਵੀ ਪੜ੍ਹੋ: ਪੰਜਾਬ ਪੁਲਸ ’ਤੇ ਸਰਵੇ: ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾਉਣ ’ਤੇ 98 ਫ਼ੀਸਦੀ ਮੌਤ ਦਾ ਖ਼ਤਰਾ ਘੱਟ
ਨਾਜਾਇਜ਼ ਮਾਈਨਿੰਗ ਸਬੰਧੀ ਸਰਕਾਰ ਨੂੰ ਘੇਰਨਗੇ ਲੋਕ
ਅਮਰੀਕ ਸਿੰਘ ਨੇ ਕਿਹਾ ਕਿ ਪੰਜ ਮਹੀਨੇ ਬਾਅਦ ਪ੍ਰਦੇਸ਼ ’ਚ ਚੋਣਾਂ ਦਾ ਬਿਗੁਲ ਵੱਜਣ ਵਾਲਾ ਹੈ। ਇਨ੍ਹਾਂ ਚੋਣਾਂ ਵਿਚ ਕੈਪਟਨ ਸਰਕਾਰ ਅਤੇ ਉਨ੍ਹਾਂ ਦੇ ਉਮੀਦਵਾਰਾਂ ਤੋਂ ਪਿੰਡ ਵਾਸੀ ਅਤੇ ਉਹ ਕਿਸਾਨ ਜਿਨ੍ਹਾਂ ਦੀਆਂ ਜ਼ਮੀਨਾਂ ਕਬਜ਼ੇ ਵਿਚ ਲੈ ਕੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ, ਸਵਾਲ ਪੁੱਛਣਗੇ ਕਿ ਉਹ ਪੰਜ ਸਾਲ ਤੱਕ ਇਸ ਨਾਜਾਇਜ਼ ਮਾਈਨਿੰਗ ਵਿਰੁੱਧ ਕਿਉਂ ਨਹੀਂ ਬੋਲੇ ਅਤੇ ਆਪਣੀ ਸਰਕਾਰ ਦੇ ਕਾਰਜਕਾਲ ’ਚ ਇਸ ਨਾਜਾਇਜ਼ ਕਾਰਜ ਨੂੰ ਹੋਣ ਕਿਵੇਂ ਦਿੱਤਾ। ਅਮਰੀਕ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਪਾਰਟੀ ਪ੍ਰਧਾਨ ਨੂੰ ਉਨ੍ਹਾਂ ਵਿਧਾਇਕਾਂ ਅਤੇ ਮੰਤਰੀਆਂ ਨੂੰ ਸੂਚੀ ਸੌਂਪ ਕੇ ਆਏ ਹਨ। ਜੋ ਨਾਜਾਇਜ਼ ਖਨਨ ਅਤੇ ਸ਼ਰਾਬ ਮਾਫੀਆ ਨਾਲ ਮਿਲ ਕੇ ਕੰਮ ਚਲਾ ਰਹੇ ਹਨ। ਇਸ ਦਾ ਖੁਦ ਉਨ੍ਹਾਂ ਨੇ ਮੀਡੀਆ ਸਾਹਮਣੇ ਖੁਲਾਸਾ ਕੀਤਾ ਪਰ ਉਸ ਦੇ ਬਾਵਜੂਦ ਮੁੱਖ ਮੰਤਰੀ ਨੇ ਉਨ੍ਹਾਂ ਲੋਕਾਂ ਵਿਰੁੱਧ ਕੋਈ ਐਕਸ਼ਨ ਨਹੀਂ ਲਿਆ।