ਫਗਵਾੜਾ ਗੇਟ ਗੋਲੀਕਾਂਡ ਦੀ ਸਾਹਮਣੇ ਆਈ CCTV ਫੁਟੇਜ, ਹਰਿਆਣਾ ਪੁਲਸ ਦੀ ਕਹਾਣੀ ਦਾ ਖੁੱਲ੍ਹਿਆ ਰਾਜ਼
Saturday, Jun 27, 2020 - 07:26 PM (IST)
ਜਲੰਧਰ (ਵਰੁਣ)— ਭਗਤ ਸਿੰਘ ਚੌਕ ਨਜ਼ਦੀਕੀ ਸਥਿਤ ਮੋਬਾਇਲ ਹਾਊਸ ਦੇ ਬਾਹਰ ਹਰਿਆਣਾ ਪੁਲਸ ਵੱਲੋਂ ਗੋਲੀ ਚਲਾ ਕੇ ਖੂੰਖਾਰ ਬਦਮਾਸ਼ ਅਤੇ ਉਸ ਦੇ ਸਾਥੀ ਨੂੰ ਫੜਨ ਤੋਂ ਬਾਅਦ ਰਚੀ ਗਈ ਕਹਾਣੀ ਸਰਾਸਰ ਝੂਠੀ ਨਿਕਲੀ ਹੈ। ਹਰਿਆਣਾ ਪੁਲਸ ਦਾ ਦਾਅਵਾ ਸੀ ਕਿ ਉਨ੍ਹਾਂ 'ਤੇ ਬਦਮਾਸ਼ ਨੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗੋਲੀ ਚਲਾਉਣੀ ਪਈ ਪਰ ਸੀ. ਸੀ. ਟੀ. ਵੀ. ਫੁਟੇਜ 'ਚ ਜੋ ਕੁਝ ਰਿਕਾਰਡ ਹੋਇਆ, ਉਸ ਨਾਲ ਪੁਲਸ ਦੀ ਇਹ ਕਥਿਤ ਕਹਾਣੀ ਝੂਠੀ ਨਿਕਲੀ।
ਸੀ.ਸੀ.ਟੀ.ਵੀ. ਫੁਟੇਜ਼ ਰਾਹੀਂ ਖੁੱਲ੍ਹੀਆਂ ਹਰਿਆਣਾ ਪੁਲਸ ਦੀ ਕਹਾਣੀ ਦੀਆਂ ਪਰਤਾਂ
ਫੁਟੇਜ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਪੁਲਸ ਨੇ ਬਦਮਾਸ਼ਾਂ ਨੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਖੜ੍ਹੀ ਗੱਡੀ ਦੇ ਟਾਇਰ 'ਚ ਗੋਲੀ ਮਾਰੀ, ਜਿਸ ਤੋਂ ਬਾਅਦ ਮੋਬਾਇਲ ਹਾਊਸ ਦੇ ਅੰਦਰ ਜਾ ਕੇ ਬਹੁਤ ਸਾਵਧਾਨੀ ਨਾਲ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ। ਹਰਿਆਣਾ ਦੇ ਕੈਥਲ ਦੇ ਸੀ. ਆਈ. ਏ. ਸਟਾਫ ਦੀ ਪੁਲਸ ਨੇ ਬੁੱਧਵਾਰ ਨੂੰ ਦੁਪਹਿਰ ਜਲੰਧਰ 'ਚ ਬਿਨਾਂ ਜਲੰਧਰ ਪੁਲਸ ਨੂੰ ਸੂਚਨਾ ਦਿੱਤੇ ਰੇਡ ਕੀਤੀ ਸੀ।
ਕੈਥਲ ਦੇ ਸੀ. ਆਈ. ਏ. ਸਟਾਫ ਦੇ ਸਬ-ਇੰਸਪੈਕਟਰ ਵਿਜੇ ਕੁਮਾਰ ਦਾ ਦਾਅਵਾ ਸੀ ਕਿ ਕਈ ਹੱਤਿਆ ਅਤੇ ਡਕੈਤੀ ਸਮੇਤ ਹੋਰ ਕੇਸਾਂ 'ਚ ਨਾਮਜ਼ਦ ਅਜੇ ਕੁਮਾਰ ਨਿਵਾਸੀ ਕੈਥਲ ਨੂੰ ਫੜਨ ਲਈ ਉਨ੍ਹਾਂ ਨੇ ਉਸ ਦੀ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਪੁਲਸ ਟੀਮ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਕਾਰਨ ਉਨ੍ਹਾਂ ਨੇ ਗੱਡੀ ਦੇ ਟਾਇਰ 'ਤੇ ਫਾਇਰ ਕਰ ਦਿੱਤਾ, ਹਾਲਾਂਕਿ ਮੋਬਾਇਲ ਹਾਊਸ ਦੀ ਜਦੋਂ ਸੀ. ਸੀ.ਟੀ. ਵੀ. ਫੁਟੇਜ ਸਾਹਮਣੇ ਆਈ ਤਾਂ ਪਤਾ ਲੱਗਾ ਕਿ ਹਰਿਆਣਾ ਪੁਲਸ ਦੀ ਸਾਰੀ ਕਹਾਣੀ ਝੂਠੀ ਹੈ।
ਫੁਟੇਜ ਤੋਂ ਪਤਾ ਲੱਗਾ ਕਿ ਕੈਥਲ ਪੁਲਸ ਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਮੁਲਜ਼ਮ ਨੇ ਉਕਤ ਮੋਬਾਇਲ ਹਾਊਸ 'ਤੇ ਆਉਣਾ ਹੈ। ਹਰਿਆਣਾ ਪੁਲਸ ਦੀ ਗੱਡੀ ਪਹਿਲਾਂ ਤੋਂ ਹੀ ਮੋਬਾਇਲ ਹਾਊਸ ਦੇ ਨੇੜੇ ਖੜ੍ਹੀ ਸੀ ਪਰ ਜਿਵੇਂ ਹੀ ਬਦਮਾਸ਼ ਅਜੇ ਦੀ ਗੱਡੀ ਆਈ ਅਤੇ ਅਜੇ ਮੋਬਾਇਲ ਹਾਊਸ ਦੇ ਅੰਦਰ ਵੜਿਆ ਤਾਂ ਅਜੇ ਦੀ ਗੱਡੀ 'ਚ ਸਵਾਰ ਪ੍ਰਾਪਰਟੀ ਡੀਲਰ ਕਰਮਜੀਤ ਸਿੰਘ ਨਿਵਾਸੀ ਪਠਾਨਕੋਟ ਰੋਡ ਨੂੰ ਕੈਥਲ ਪੁਲਸ ਨੇ ਕਾਬੂ ਕਰਕੇ ਆਪਣੀ ਗੱਡੀ 'ਚ ਬਿਠਾਇਆ ਅਤੇ ਖੜ੍ਹੀ ਗੱਡੀ ਦੇ ਟਾਇਰ 'ਤੇ ਗੋਲੀ ਮਾਰ ਦਿੱਤੀ।
ਇਸ ਤੋਂ ਬਾਅਦ ਸੀ. ਆਈ. ਏ. ਸਟਾਫ ਦਾ ਇਕ ਮੁਲਾਜ਼ਮ ਸਾਦੀ ਵਰਦੀ 'ਚ ਮੋਬਾਇਲ ਹਾਊਸ ਦੀ ਪਹਿਲੀ ਮੰਜ਼ਿਲ 'ਤੇ ਪਹੁੰਚਦਾ ਹੈ ਉਸ ਸਮੇਂ ਬਦਮਾਸ਼ ਅਜੇ ਮੋਬਾਇਲ ਖਰੀਦਣ ਲਈ ਸਟਾਫ ਨਾਲ ਗੱਲਬਾਤ ਕਰ ਰਿਹਾ ਸੀ। ਕਰੀਬ 10 ਸੈਕਿੰਡ ਤੱਕ ਇਹ ਪੁਲਸ ਮੁਲਾਜ਼ਮ ਨੇੜੇ ਦੇ ਇਲਾਕੇ ਨੂੰ ਵੇਖ ਕੇ ਆਪਣੇ ਦੂਜੇ ਸਾਥੀ ਨੂੰ ਵਾਪਸ ਹੇਠਾਂ ਤੋਂ ਲੈਣ ਆਉਂਦਾ ਹੈ,ਜਿਸਤੋਂ ਬਾਅਦ ਹਰਿਆਣਾ ਪੁਲਸ ਦਾ ਇਕ ਮੁਲਾਜ਼ਮ ਬਦਮਾਸ਼ ਅਜੇ ਦੀ ਪਿੱਠ 'ਤੇ ਹੱਥ ਰੱਖਦਾ ਹੈ ਅਤੇ ਦੂਜਾ ਅਜੇ ਨੂੰ ਹੱਥਕੜੀ ਪਹਿਨਾ ਦਿੰਦਾ ਹੈ। ਅਜੇ ਨੂੰ ਕਾਬੂ ਕਰਕੇ ਪੁਲਸ ਉਸ ਨੂੰ ਬਾਹਰ ਖੜ੍ਹੀ ਇਨੋਵਾ ਗੱਡੀ 'ਚ ਬਿਠਾ ਦਿੰਦੀ ਹੈ, ਜਿਸ ਤੋਂ ਬਾਅਦ ਇਨੋਵਾ ਗੱਡੀ ਉਥੋਂ ਨਿਕਲ ਜਾਂਦੀ ਹੈ।
ਜਲੰਧਰ 'ਚ ਹੀ ਰਹਿ ਰਿਹਾ ਸੀ ਗ੍ਰਿਫ਼ਤਾਰ ਬਦਮਾਸ਼ ਅਜੇ ਕੁਮਾਰ
ਦੱਸ ਦੇਈਏ ਕਿ ਕੈਥਲ ਦਾ ਰਹਿਣ ਵਾਲਾ ਅਜੇ ਕੁਮਾਰ ਜਲੰਧਰ 'ਚ ਪ੍ਰਾਪਰਟੀ ਡੀਲਰ ਦਾ ਕੰਮ ਕਰਨ ਵਾਲੇ ਕਰਮਜੀਤ ਸਿੰਘ ਦੇ ਕੋਲ ਰਹਿ ਰਿਹਾ ਸੀ, ਜਿਸ ਦੀ ਖਬਰ ਜਲੰਧਰ ਪੁਲਸ ਨੂੰ ਵੀ ਨਹੀਂ ਸੀ। ਉਸਦੇ ਖਿਲਾਫ ਹੱਤਿਆ ਅਤੇ ਡਕੈਤੀ ਵਰਗੇ ਕੇਸ ਦਰਜ ਹਨ। ਕਰਮਜੀਤ ਨੇ ਇਸ ਨੂੰ ਆਪਣੇ ਕੋਲ ਇਸ ਲਈ ਰੱਖਿਆ ਹੋਇਆ ਸੀ ਕਿਉਂਕਿ ਉਹ ਕਿਸੇ ਵੀ ਪ੍ਰਾਪਰਟੀ 'ਤੇ ਵਿਵਾਦ ਹੋਣ 'ਤੇ ਅਜੇ ਦੀ ਮਦਦ ਲੈਂਦਾ ਸੀ। ਅਜੇ ਨੂੰ ਪਨਾਹ ਦੇਣ ਲਈ ਹਰਿਆਣਾ ਪੁਲਸ ਨੇ ਕਰਮਜੀਤ ਨੂੰ ਗ੍ਰਿਫ਼ਤਾਰ ਕੀਤਾ ਸੀ।