ਬੈਂਕ ਆਫ਼ ਬੜੌਦਾ ਸਕੈਂਡਲ ਦਾ ਮੁੱਖ ਸੂਤਰਧਾਰ ਵਿਕਰਮ ਸੇਠ ਈ. ਡੀ. ਵੱਲੋਂ ਗ੍ਰਿਫ਼ਤਾਰ

Thursday, Jul 29, 2021 - 02:09 PM (IST)

ਬੈਂਕ ਆਫ਼ ਬੜੌਦਾ ਸਕੈਂਡਲ ਦਾ ਮੁੱਖ ਸੂਤਰਧਾਰ ਵਿਕਰਮ ਸੇਠ ਈ. ਡੀ. ਵੱਲੋਂ ਗ੍ਰਿਫ਼ਤਾਰ

ਫਗਵਾੜਾ (ਜਲੋਟਾ)- ਫਗਵਾੜਾ ’ਚ ਸੰਨ 2015 ਵਿਚ ਭਾਰੀ ਚਰਚਾ ਦਾ ਕੇਂਦਰ ਬਣੇ ਬਹੁ-ਚਰਚਿਤ ਬੈਂਕ ਆਫ਼ ਬੜੌਦਾ ਦੇ ਕਰੋੜਾਂ ਰੁਪਏ ਦੇ ਸਕੈਂਡਲ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਸਕੈਮ ਦੇ ਮੁੱਖ ਸੂਤਰਧਾਰ ਵਿਕਰਮ ਸੇਠ ਨੂੰ ਫਗਵਾੜਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਵਿਕਰਮ ਸੇਠ 'ਤੇ ਬੈਂਕ ਆਫ਼ ਬੜੌਦਾ ਨਾਲ 21 ਕਰੋੜ ਰੁਪਏ ਦਾ ਲੋਨ ਫਰਾਡ ਕਰਨ ਸਬੰਧੀ ਚੰਡੀਗੜ੍ਹ ’ਚ ਸੀ. ਬੀ. ਆਈ. ਵੱਲੋਂ ਕੇਸ ਦਰਜ ਕੀਤਾ ਹੋਇਆ ਹੈ, ਜਿਸ ਨੂੰ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਈ. ਡੀ. ਦੀ ਵੱਡੀ ਟੀਮ ਜਾਂਚ ਕਰ ਰਹੀ ਹੈ।

ਸੂਤਰਾਂ ਮੁਤਾਬਕ ਵਿਕਰਮ ਸੇਠ ਅਤੇ ਉਸ ਦੇ ਕਰੀਬੀਆਂ ’ਤੇ ਸੀ. ਬੀ. ਆਈ. ਵੱਲੋਂ ਪ੍ਰੀਵੈਨਸ਼ਨ ਆਫ਼ ਮਨੀ ਲਾਂਡਰਿੰਗ ਐਕਟ (ਪੀ. ਐੱਮ. ਐੱਲ. ਏ.) ਤਹਿਤ ਈ. ਡੀ. ਵੱਲੋਂ ਹੁਣ ਜਲੰਧਰ ਵਿਚ ਆਪਣੇ ਜ਼ੋਨਲ ਦਫ਼ਤਰ ’ਚ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਦੀ ਜਾਂਚ ਈ. ਡੀ. ਦੇ ਸਹਾਇਕ ਡਾਇਰੈਕਟਰ ਰੈਂਕ ਦੇ ਇਕ ਵੱਡੇ ਅਧਿਕਾਰੀ ਵੱਲੋਂ ਬਾਰੀਕੀ ਨਾਲ ਕੀਤੀ ਜਾ ਰਹੀ ਹੈ।  ਈ. ਡੀ. ਦੇ ਸੂਤਰਾਂ ਨੇ ਦੱਸਿਆ ਕਿ ਸੀ. ਬੀ. ਆਈ. ਜਾਂਚ ’ਚ ਖ਼ੁਲਾਸਾ ਹੋਇਆ ਹੈ ਕਿ ਵਿਕਰਮ ਸੇਠ ਨੇ ਬੈਂਕ ਆਫ਼ ਬੜੌਦਾ ਦੇ ਕੁਝ ਵੱਡੇ ਅਫ਼ਸਰਾਂ ਦੇ ਨਾਲ ਆਪਸੀ ਮਿਲੀਭੁਗਤ ਘਰ ਇਕ ਤੋਂ ਬਾਅਦ ਇਕ 19 ਲੋਨ (ਕਰਜ਼ੇ) ਜੋ ਕਰੀਬ 21.31 ਕਰੋਡ਼ ਦੇ ਹਨ, ਨੂੰ ਪਾਸ ਕਰਵਾਉਣ ਤੋਂ ਬਾਅਦ ਇਸ ਰਕਮ ਨੂੰ ਬਣਾਈਆਂ ਗਈਆਂ ਕੰਪਨੀਆਂ ਦੇ ਮਾਰਫਤ ਇਸਤੇਮਾਲ ਕੀਤਾ ਹੈ। ਜਾਂਚ ਦੌਰਾਨ ਖ਼ੁਲਾਸਾ ਹੋਇਆ ਹੈ ਕਿ ਵਿਕਰਮ ਸੇਠ ਨੇ ਇਸ ਰਕਮਾਂ ਨੂੰ ਅੱਗੇ ਆਪਣੇ ਪਰਿਵਾਰਕ ਮੈਂਬਰਾ ਤੇ ਕਰੀਬੀਆਂ ਦੇ ਨਾਂ ’ਤੇ ਇਨਵੈਸਟ ਕਰਦੇ ਹੋਏ ਪ੍ਰਾਪਰਟੀਆਂ ਆਦਿ ਖ਼ਰੀਦੀਆਂ ਹਨ।

ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਨਵਜੋਤ ਸਿੰਘ ਸਿੱਧੂ, ਬੇਕਾਬੂ ਹੋਈ ਭੀੜ ਨੇ ਤੋੜਿਆ ਕਾਂਗਰਸ ਭਵਨ ਦਾ ਦਰਵਾਜ਼ਾ (ਤਸਵੀਰਾਂ)

ਹੈਰਾਨੀ ਦੀ ਗੱਲ ਇਹ ਹੈ ਕਿ ਜਿਨ੍ਹਾਂ ਦੇ ਨਾਂ ’ਤੇ ਕਰੋੜਾਂ ਰੁਪਏ ਦੀਆਂ ਪ੍ਰਾਪਰਟੀਆਂ ਆਦਿ ਬਣਾਈਆਂ ਗਈਆਂ ਹਨ ਉਨ੍ਹਾਂ ਸਬੰਧਤ ਪਰਿਵਾਰਕ ਮੈਬਰਾਂ ਤੇ ਕਰੀਬੀਆਂ ਦੀ ਅਸਲ ਆਮਦਨ ਦਾ ਕੀ ਆਧਾਰ ਰਿਹਾ ਹੈ ਇਸ ਨੂੰ ਲੈ ਕੇ ਕੁਝ ਵੀ ਸਾਫ਼ ਤੌਰ ’ਤੇ ਪਤਾ ਨਹੀਂ ਚੱਲ ਪਾਇਆ ਹੈ ਅਤੇ ਇੰਝ ਜਾਪ ਰਿਹਾ ਹੈ ਕਿ ਇਹ ਸਾਰਾ ਮਾਮਲਾ ਪੂਰੀ ਤਰ੍ਹਾਂ ਨਾਲ ਫਰਾਡ ਹੀ ਰਿਹਾ ਹੈ ਯਾਨੀ ਜਿਹੜੀਆਂ ਪ੍ਰਾਪਰਟੀਆਂ ਬਣਾਈਆਂ ਗਈਆਂ ਤੇ ਜੋ ਕੁਝ ਵੀ ਵੱਡੀਆਂ ਰਕਮਾਂ ਖ਼ਰਚ ਕੇ ਇਨ੍ਹਾਂ ਦੇ ਨਾਂ ’ਤੇ ਹਾਸਲ ਕੀਤਾ ਗਿਆ ਹੈ ਉਹ ਪੂਰੀ ਤਰ੍ਹਾਂ ਨਾਲ ਬੈਂਕ ਆਫ ਬੜੌਦਾ ਦੇ ਹੋਏ ਕਰੋੜਾਂ ਰੁਪਏ ਦੇ ਸਕੈਂਡਲ ਦੇ ਨਾਲ ਜੁੜਿਆ ਹੋਇਆ ਹੀ ਰਿਹਾ ਹੈ। ਇਸ ਕਾਰਨ ਈ. ਡੀ. ਵੱਲੋਂ 18.5 ਕਰੋੜ ਰੁਪਏ ਦੀਆਂ ਕੁੱਲ 49 ਸੰਪਤੀਆਂ, ਜੋ ਵਿਕਰਮ ਸੇਠ ਤੇ ਉਸ ਦੇ ਪਰਿਵਾਰਕ ਮੈਂਬਰਾਂ ਤੇ ਕਰੀਬੀਆਂ ਦੀਆਂ ਦੱਸੀਆਂ ਜਾ ਰਹੀਆਂ ਹਨ ਤੇ ਜੋ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ’ਚ ਮੌਜੂਦ ਹਨ, ਨੂੰ ਈ. ਡੀ. ਵੱਲੋਂ ਅਟੈਚ ਕਰ ਦਿੱਤਾ ਗਿਆ ਹੈ। ਖਬਰ ਲਿਖੇ ਜਾਣ ਤੱਕ ਵਿਕਰਮ ਸੇਠ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ: ਪਰਗਟ ਸਿੰਘ ਦਾ ਵੱਡਾ ਬਿਆਨ, ਚੋਣ ਪ੍ਰਚਾਰ ਲਈ ਤਾਂ ਹੀ ਜਾਵਾਂਗੇ ਜਦੋਂ ਸਾਰੇ ਵਾਅਦੇ ਹੋਣਗੇ ਪੂਰੇ

ਕਰੀਬੀਆਂ ਅਤੇ ਸਕੈਂਡਲ ’ਚ ਸ਼ਾਮਲ ਰਹੇ ਸਫ਼ੈਦਪੋਸ਼ਾਂ ਨੂੰ ਕੀਤਾ ਜਾ ਸਕਦਾ ਹੈ ਗ੍ਰਿਫ਼ਤਾਰ
ਵਿਕਰਮ ਸੇਠ ਨੂੰ ਈ. ਡੀ. ਦੀ ਟੀਮ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਹੁਣ ਮਾਮਲੇ ’ਚ ਉਸ ਦੇ ਕੁਝ ਕਰੀਬੀਆਂ ਦੀ ਵੀ ਕਿਸੇ ਵੀ ਪਲ ਗ੍ਰਿਫ਼ਤਾਰੀ ਹੋ ਸਕਦੀ ਹੈ ਅਤੇ ਜੇਕਰ ਜਾਂਚ ’ਚ ਇਹ ਪਾਇਆ ਜਾਂਦਾ ਹੈ ਕਿ ਇਨ੍ਹਾਂ ਵੱਲੋਂ ਬਣਾਈਆਂ ਗਈਆਂ ਸੰਪਤੀਆਂ ਤੇ ਪ੍ਰਾਪਰਟੀਆਂ ਦਾ ਵਾਸਤਾ ਬੈਂਕ ਆਫ ਬੜੌਦਾ ਦੇ ਸਕੈਂਡਲ ਨਾਲ ਰਿਹਾ ਹੈ ਅਤੇ ਇਨ੍ਹਾਂ ਦੀ ਕਿਸੇ ਵੀ ਪੱਧਰ ’ਤੇ ਕੋਈ ਹਿੱਸੇਦਾਰੀ ਜਾਂ ਭੂਮਿਕਾ ਰਹੀ ਹੈ ਅਤੇ ਇਨ੍ਹਾਂ ’ਤੇ ਈ. ਡੀ. ਦੀ ਵੱਡੀ ਕਾਰਵਾਈ ਹੋਣੀ ਲੱਗਭਗ ਤੈਅ ਮੰਨੀ ਜਾ ਰਹੀ ਹੈ। ਫਿਰ ਭਲੇ ਹੀ ਇਨ੍ਹਾਂ ਲੋਕਾਂ ਵੱਲੋਂ ਸਕੈਂਡਲ ’ਚ ਪ੍ਰਾਪਤ ਕੀਤੀਆਂ ਗਈਆਂ ਬੈਂਕ ਦੀ ਰਕਮ ਬੈਂਕ ਨਾਲ ਸੈਟਲ ਹੀ ਕਿਉਂ ਨਾ ਕਰ ਦਿੱਤੀ ਗਈ ਹੋਵੇ। ਸੂਤਰਾਂ ਮੁਤਾਬਕ ਜੁਰਮ ’ਚ ਹਿੱਸੇਦਾਰ ਹੋਣਾ ਵੀ ਜੁਰਮ ਕਰਨ ਦੇ ਬਰਾਬਰ ਹੀ ਮੰਨਿਆ ਜਾਂਦਾ ਹੈ। ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਇਨ੍ਹਾਂ ਚ ਫਗਵਾੜਾ ਦੇ ਕਈ ਵੱਡੇ ਸਫੈਦਪੋਸ਼ ਰਸੂਖ਼ਦਾਰ ਪ੍ਰਭਾਵਸ਼ਾਲੀ ਲੋਕ ਵੀ ਸ਼ਾਮਲ ਹੋ ਸਕਦੇ ਹਨ। ਬਸ ਹੁਣ ਵੇਖਣਯੋਗ ਤਾਂ ਇਹ ਹੋਵੇਗਾ ਕਿ ਈ. ਡੀ. ਅਗਲੀ ਕਾਰਵਾਈ ਕਦੋਂ ਅਤੇ ਕੀ ਕਰਦੀ ਹੈ?

ਇਹ ਵੀ ਪੜ੍ਹੋ: ਦਿੱਲੀ ਵਿਖੇ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਸੀਨੀਅਰ ਆਗੂ ਅਸ਼ਵਨੀ ਕੁਮਾਰ ਨਾਲ ਕੀਤੀ ਮੁਲਾਕਾਤ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News