ਪੀ. ਜੀ. ਆਈ. ’ਚ ਐਨੀਮਲ ਰਿਸਰਚ ਹੋਵੇਗੀ ਹੋਰ ਬਿਹਤਰ, ਡੀ. ਐੱਸ. ਏ. ਲੈਬ ਸ਼ੁਰੂ
Wednesday, Apr 21, 2021 - 12:40 PM (IST)
ਚੰਡੀਗੜ੍ਹ (ਪਾਲ) : ਐਨੀਮਲ ਟ੍ਰਾਇਲ ਕਿਸੇ ਵੀ ਰਿਸਰਚ ਦਾ ਅਹਿਮ ਫੇਜ਼ ਹੁੰਦਾ ਹੈ, ਜਿਸ ਤੋਂ ਬਾਅਦ ਹੀ ਮੈਡੀਸਿਨ ਜਾਂ ਮੈਡੀਕਲ ਇਕਊਪਮੈਂਟਸ ਦਾ ਮਨੁੱਖਾਂ ’ਤੇ ਟ੍ਰਾਇਲ ਕੀਤਾ ਜਾਂਦਾ ਹੈ। ਹੁਣ ਪੀ. ਜੀ. ਆਈ. ਵਿਚ ਐਨੀਮਲ ਰਿਸਰਚ ਨੂੰ ਹੋਰ ਬਿਹਤਰ ਬਣਾਉਣ ਲਈ ਰੇਡੀਓ ਡਾਇਗਨੋਸਿਸ ਐਂਡ ਇਮੇਜਿੰਗ ਡਿਪਾਰਟਮੈਂਟ ਦੀ ਡਿਜੀਟਲ ਸਬਸਟ੍ਰੈਕਸ਼ਨ ਐਂਜੀਓਗ੍ਰਾਫ਼ੀ (ਡੀ. ਐੱਸ. ਏ.) ਲੈਬ ਇੰਸਟਾਲ ਹੋ ਗਈ ਹੈ। ਡਾਇਰੈਕਟਰ ਪੀ. ਜੀ. ਆਈ. ਡਾ. ਜਗਤਰਾਮ ਨੇ ਲੈਬ ਦਾ ਉਦਘਾਟਨ ਕੀਤਾ। ਇਹ ਲੈਬ ਇੰਡੀਆ ਦੀ ਪਹਿਲੀ ਅਜਿਹੀ ਲੈਬ ਬਣ ਗਈ ਹੈ, ਜੋ ਐਨੀਮਲ ਰਿਸਰਚ ਲਈ ਡੈਡੀਕੇਟਿਡ ਹੋਵੇਗੀ, ਉਹ ਵੀ ਡੀ. ਐੱਸ. ਏ. ਰਿਸਰਚ ਦੇ ਨਾਲ। ਡਿਪਾਰਟਮੈਂਟ ਦੇ ਐੱਚ. ਓ. ਡੀ. ਪ੍ਰੋ. ਐੱਮ. ਐੱਸ. ਸੰਧੂ ਨੇ ਇਸ ਦੀ ਜਾਣਕਾਰੀ ਦਿੱਤੀ।
ਲੈਬ ਦਾ ਮਕਸਦ ਨਵੀਂ ਮੈਡੀਸਿਨ ਅਤੇ ਇਲਾਜ ਦੌਰਾਨ ਵਰਤੇ ਜਾਣ ਵਾਲੇ ਯੰਤਰਾਂ ਨੂੰ ਟੈਸਟ ਕਰਨਾ ਹੈ। ਇਸ ਐਡਵਾਂਸ ਟੈਕਨੋਲਾਜੀ ਦੀ ਲੈਬ ਵਿਚ ਅਜਿਹੀਆਂ ਸਹੂਲਤਾਂ ਹਨ, ਜਿਨ੍ਹਾਂ ਦੀ ਮਦਦ ਨਾਲ ਕਈ ਬੀਮਾਰੀਆਂ ਦਾ ਇਲਾਜ ਆਸਾਨ ਹੋਵੇਗਾ। ਡੀ. ਐੱਸ. ਏ. ਮਸ਼ੀਨ ਦੀ ਮਦਦ ਨਾਲ ਜਾਨਵਰਾਂ ਅਤੇ ਇਨਸਾਨਾਂ ਦੋਵਾਂ ਦਾ ਇਸ ਤਰ੍ਹਾਂ ਐਕਸਰੇ ਲਿਆ ਜਾ ਸਕਦਾ ਹੈ, ਜਿਸ ਵਿਚ ਬੀਮਾਰੀ ਤੋਂ ਪ੍ਰਭਾਵਿਤ ਅੰਗ ਅਤੇ ਉਸ ਦੀ ਛੋਟੀਆਂ ਤੋਂ ਛੋਟੀਆਂ ਨਸਾਂ ਨੂੰ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ, ਜਿਸ ਤੋਂ ਬਾਅਦ ਨਸਾਂ ਵਿਚ ਕੈਥੇਟਰ ਪਾ ਕੇ ਮੈਡੀਸਿਨ (ਇਕ ਤਰ੍ਹਾਂ ਦਾ ਕੈਮੀਕਲ) ਪਾਇਆ ਜਾਵੇਗਾ। ਇਸ ਵਿਚ ਨਸਾਂ ਨੂੰ ਆਸਾਨੀ ਨਾਲ ਵੇਖਿਆ ਜਾ ਸਕੇਗਾ ਅਤੇ ਬਲਾਕੇਜ ਨੂੰ ਦੂਰ ਕੀਤਾ ਜਾ ਸਕੇਗਾ। ਇਹ ਨਿਊਰੋ ਦੀਆਂ ਕਈ ਵੱਡੀਆਂ ਬੀਮਾਰੀਆਂ, ਸਟ੍ਰੋਕ ਅਤੇ ਬ੍ਰੇਨ ਵਿਚ ਨਸਾਂ ਦੀ ਲੀਕੇਜ ਦਾ ਇਲਾਜ ਆਸਾਨ ਕਰ ਦੇਵੇਗੀ।
ਰੇਡੀਏਸ਼ਨ ਦਾ ਇਫੈਕਟ ਹੋਵੇਗਾ ਘੱਟ
ਕੈਂਸਰ ਅਤੇ ਟਿਊਮਰ ਦੇ ਇਲਾਜ ਦੌਰਾਨ ਮਰੀਜ਼ ਨੂੰ ਰੇਡੀਏਸ਼ਨ ਜਾਂ ਕੀਮੋ ਦਿੱਤਾ ਜਾਂਦਾ ਹੈ, ਜਿਸ ਵਿਚ ਮਰੀਜ਼ ਦਾ ਸਰੀਰ ਰੇਡੀਏਸ਼ਨ ਨਾਲ ਐਕਸਪੋਜ਼ ਹੋ ਜਾਂਦਾ ਹੈ, ਜਿਸ ਵਿਚ ਮਰੀਜ਼ ਨੂੰ ਕਈ ਸਾਈਡ ਇਫੈਕਟ ਜਿਵੇਂ ਭਾਰ ਘੱਟ ਹੋਣਾ, ਵਾਲ ਝੜਨਾ, ਭੁੱਖ ਘੱਟ ਲੱਗਣਾ ਅਤੇ ਕਮਜ਼ੋਰੀ ਹੁੰਦੀ ਹੈ ਪਰ ਇਸ ਡੀ. ਐੱਸ. ਏ. ਮਸ਼ੀਨ ਦੀ ਮਦਦ ਨਾਲ ਸਿਰਫ਼ ਬੀਮਾਰੀ ਨਾਲ ਪ੍ਰਭਾਵਿਤ ਅੰਗ ਨੂੰ ਹੀ ਰੇਡੀਏਸ਼ਨ ਜਾਂ ਕੀਮੋ ਦਿੱਤੀ ਜਾਵੇਗੀ। ਇਸ ਤਰ੍ਹਾਂ ਮਰੀਜ਼ ਨੂੰ ਇਨ੍ਹਾਂ ਸਾਰੇ ਸਾਈਡ ਇਫੈਕਟਸ ਤੋਂ ਬਚਾਇਆ ਜਾ ਸਕੇਗਾ।