ਸੀ. ਪੀ. ਆਈ. ਨੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਦੇ ਵਾਧੇ ਖਿਲਾਫ ਕੀਤਾ ਪ੍ਰਦਰਸ਼ਨ

Thursday, Jun 21, 2018 - 11:58 AM (IST)

ਸੀ. ਪੀ. ਆਈ. ਨੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਦੇ ਵਾਧੇ ਖਿਲਾਫ ਕੀਤਾ ਪ੍ਰਦਰਸ਼ਨ

ਲੁਧਿਆਣਾ (ਸਲੂਜਾ) - ਇਕ ਹੀ ਸਾਲ ਦੌਰਾਨ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਦੇ ਵਾਧੇ ਨੂੰ ਲੈ ਕੇ ਸੀ. ਪੀ. ਆਈ. ਦੇ ਵਰਕਰਾਂ ਨੇ ਰੇਲਵੇ ਸਟੇਸ਼ਨ ਦੇ ਬਾਹਰ ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਜ਼ਿਲਾ ਸਕੱਤਰ ਡੀ. ਪੀ. ਮੌੜ ਅਤੇ ਡਾ. ਅਰੁਣ ਮਿੱਤਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 4 ਸਾਲਾਂ ਦੌਰਾਨ ਅੰਤਰਰਾਸ਼ਟਰੀ ਮਾਰਕੀਟ 'ਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ 'ਚ 4 ਗੁਣਾ ਤੱਕ ਗਿਰਾਵਟ ਆਈ ਪਰ ਦੇਸ਼ 'ਚ ਇਹ ਕੀਮਤਾਂ ਘੱਟ ਹੋਣ ਦੀ ਬਜਾਏ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਦੇਸ਼ ਦੀਆਂ ਸਰਕਾਰੀ ਕੰਪਨੀਆਂ ਨੂੰ ਅੱਖੋਂ-ਪਰੋਖੇ ਕਰਦਿਆਂ ਅੰਬਾਨੀ ਗਰੁੱਪ ਦੀਆਂ ਕੰਪਨੀਆਂ ਨੂੰ ਠੇਕੇ ਦੇ ਦਿੱਤੇ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 1 ਰੁਪਏ ਦਾ ਵਾਧਾ ਹੋਣ ਨਾਲ ਥੋਕ ਦੇ ਮਹਿੰਗਾਈ ਸੂਚਕ ਅੰਕ 'ਚ 0.2 ਤੋਂ ਲੈ ਕੇ 0.7 ਫੀਸਦੀ ਦਾ ਇਜ਼ਾਫਾ ਹੋ ਜਾਂਦਾ ਹੈ। ਮਹਿੰਗਾਈ ਦੇ ਲਗਾਤਾਰ ਵਧਣ ਨਾਲ ਸਮਾਜ ਦੇ ਹਰ ਵਰਗ ਦੇ ਘਰ ਦਾ ਬਜਟ ਲੜਖੜਾ ਚੁੱਕਾ ਹੈ। ਸਰਕਾਰ ਗਰੀਬੀ ਦੀ ਦਰ ਨੂੰ ਘੱਟ ਕਰਨ ਦੀ ਜਗ੍ਹਾ ਗਰੀਬ ਨੂੰ ਹੀ ਖਤਮ ਕਰਨ 'ਤੇ ਆ ਗਈ ਹੈ। 
ਗਰੀਬ ਮਜ਼ਦੂਰ ਅਤੇ ਕਿਸਾਨ ਕਰਜ਼ੇ ਕਾਰਨ ਹਰ ਰੋਜ਼ ਖੁਦਕੁਸ਼ੀਆਂ ਕਰ ਰਿਹਾ ਹੈ। ਅਮਨ-ਕਾਨੂੰਨ ਦੀ ਹਾਲਤ ਦੇਸ਼ ਵਿਚ ਦਿਨ-ਬ-ਦਿਨ ਬਦਤਰ ਹੁੰਦੀ ਜਾ ਰਹੀ ਹੈ। ਹੁਣ ਤਾਂ ਹਰ ਕੋਈ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗਾ ਹੈ। ਇਸ ਰੋਸ ਪ੍ਰਦਰਸ਼ਨ ਨੂੰ ਚਮਕੌਰ ਸਿੰਘ, ਰਮੇਸ਼ ਰਤਨ, ਗੁਰਨਾਮ ਸਿੱਧੂ, ਐੱਸ. ਪੀ. ਸਿੰਘ, ਹਰਬੰਸ ਸਿੰਘ, ਰਣਧੀਰ ਸਿੰਘ, ਮੁਹੰਮਦ ਸਫੀਕ, ਨਗੀਨਾ ਰਾਮ, ਅਜੀਤ ਜਵੱਦੀ ਆਦਿ ਨੇ ਸੰਬੋਧਨ ਕੀਤਾ।


Related News