300 ਪੈਟਰੋਲ ਪੰਪ ਮਾਲਕਾਂ ਨੂੰ ਪੱਤਰ ਜਾਰੀ ਕਰ ਕੇ ਦਿੱਤੀ ਚਿਤਾਵਨੀ

Thursday, Mar 15, 2018 - 06:29 AM (IST)

300 ਪੈਟਰੋਲ ਪੰਪ ਮਾਲਕਾਂ ਨੂੰ ਪੱਤਰ ਜਾਰੀ ਕਰ ਕੇ ਦਿੱਤੀ ਚਿਤਾਵਨੀ

ਲੁਧਿਆਣਾ(ਖੁਰਾਣਾ)-ਪੈਟਰੋਲ ਪੰਪ ਕਰਮਚਾਰੀਆਂ ਵਲੋਂ ਗਾਹਕਾਂ ਦੇ ਅਧਿਕਾਰਾਂ ਦੀ ਅਣਦੇਖੀ ਦੇ ਮਾਮਲੇ 'ਚ ਪੈਟਰੋਲੀਅਮ ਕੰਪਨੀਆਂ ਦੇ ਆਲਾ ਅਧਿਕਾਰੀਆਂ ਵਲੋਂ ਲਏ ਸਖਤ ਐਕਸ਼ਨ ਦੇ ਬਾਅਦ ਹੁਣ ਖਾਧ ਤੇ ਅਪੂਰਤੀ ਵਿਭਾਗ ਦੇ ਕੰਟਰੋਲਰਸ ਨੇ ਵੀ ਲੁਧਿਆਣਾ ਜ਼ਿਲੇ ਨਾਲ ਸਬੰਧਤ ਸਾਰੇ 300 ਦੇ ਲਗਭਗ ਪੈਟਰੋਲ ਪੰਪ ਮਾਲਕਾਂ ਨੂੰ ਪੱਤਰ ਜਾਰੀ ਕਰ ਕੇ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੇ ਪੈਟਰੋਲ ਪੰਪਾਂ 'ਤੇ ਤੇਲ ਕੰਪਨੀਆਂ ਵਲੋਂ ਜਾਰੀ ਐੱਮ. ਡੀ. ਜੀ (ਮਾਰਕੀਟਿੰਗ ਡਿਸਪਲਿਨ ਗਾਈਡਲਾਈਨ) ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਗਾਹਕਾਂ ਨੂੰ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸਾਰੀਆਂ ਲੋੜੀਂਦੀਆਂ ਸੁਵਿਧਾਵਾਂ ਨੂੰ ਪੂਰਾ ਕਰਨਾ ਯਕੀਨੀ ਬਣਾਉਣ ਨਹੀਂ ਤਾਂ ਵਿਭਾਗ ਵਲੋਂ ਇਸ ਤਰ੍ਹਾਂ ਦੇ ਪੈਟਰੋਲ ਪੰਪ ਮਾਲਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ, ਜੋ ਕਿ ਨਿਯਮਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਵਿਭਾਗ ਦੇ ਕੰਟਰੋਲਰ ਸੁਰਿੰਦਰ ਕੁਮਾਰ ਬੇਰੀ ਨੇ ਦੇਸ਼ ਦੀਆਂ ਤਿੰਨ ਪ੍ਰਮੁੱਖ ਤੇਲ ਕੰਪਨੀਆਂ ਹਿੰਦੋਸਤਾਨ ਪੈਟਰੋਲੀਅਮ, ਇੰਡੀਅਨ ਆਇਲ ਤੇ ਭਾਰਤ ਪੈਟਰੋਲੀਅਮ ਸਮੇਤ ਪ੍ਰਾਈਵੇਟ ਤੇਲ ਕੰਪਨੀਆਂ ਦੇ ਸੇਲਜ਼ ਅਫਸਰਾਂ ਨੂੰ ਵੀ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਉਹ ਆਪਣੇ-ਆਪਣੇ ਅਧਿਕਾਰ ਖੇਤਰ 'ਚ ਪੈਂਦੇ ਪੈਟਰੋਲ ਪੰਪਾਂ ਦੀ ਸਮੇਂ-ਸਮੇਂ 'ਤੇ ਜਾਂਚ ਕਰਨ ਤੇ ਜੇਕਰ ਇਸ ਦੌਰਾਨ ਕਿਸੇ ਵੀ ਪੈਟਰੋਲ ਪੰਪ 'ਤੇ ਐੱਮ. ਡੀ. ਜੀ. ਨਿਯਮਾਂ ਦੀ ਅਣਦੇਖੀ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕਰਨ ਸਬੰਧੀ ਵਿਭਾਗੀ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਜਾਵੇ। 
ਕੀ ਹੈ ਮਾਮਲਾ 
ਵਰਨਣਯੋਗ ਹੈ ਕਿ ਉਕਤ ਪੂਰੇ ਮਾਮਲੇ ਨੂੰ ਲੈ ਕੇ ਜਗ ਬਾਣੀ ਵੱਲੋਂ ਜਿਥੇ 13 ਮਾਰਚ ਨੂੰ ਪ੍ਰਕਾਸ਼ਿਤ ਅੰਕ ਦੇ ਜ਼ਰੀਏ ਤੇਲ ਕੰਪਨੀਆਂ ਦੇ ਆਲਾ ਅਧਿਕਾਰੀਆਂ ਤੱਕ ਇਹ ਸੱਚਾਈ ਪਹੁੰਚਾਉਣ ਦੀ ਪਹਿਲ ਕੀਤੀ ਗਈ ਸੀ ਕਿ ਕਿਵੇਂ ਮਹਾਨਗਰ ਦੇ ਜ਼ਿਆਦਾਤਰ ਪੈਟਰੋਲ ਪੰਪਾਂ 'ਤੇ ਗਾਹਕਾਂ ਦੇ ਅਧਿਕਾਰਾਂ ਦਾ ਹਨਨ ਕਰ ਕੇ ਐੱਮ. ਡੀ. ਜੀ. ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਨਾਲ ਗਾਹਕ ਪੈਟਰੋਲ ਪੰਪਾਂ ਵਲੋਂ ਦਿੱਤੀਆਂ ਜਾਣ ਵਾਲੀਆਂ ਲੋੜੀਂਦੀਆਂ ਸੁਵਿਧਾਵਾਂ ਦੀ ਪੂਰਤੀ ਲਈ ਇਧਰ-ਉਧਰ ਭਟਕ ਰਹੇ ਹਨ। ਇਨ੍ਹਾਂ 'ਚ ਮੁੱਖ ਰੂਪ 'ਚ ਪੀਣ ਵਾਲੇ ਪਾਣੀ ਦਾ ਉਚਿਤ ਪ੍ਰਬੰਧ ਨਾ ਹੋਣਾ ਅਤੇ ਵਾਹਨਾਂ 'ਚ ਭਰਨ ਵਾਲੀ ਮੁਫਤ ਹਵਾ ਦੀ ਅਣਦੇਖੀ ਕਰਨਾ ਸ਼ਾਮਲ ਹੈ। ਉਥੇ ਇਸ ਮਸਲੇ 'ਤੇ ਤੁਰੰਤ ਨੋਟਿਸ ਲੈਂਦੇ ਹੋਏ ਤੇਲ ਕੰਪਨੀਆਂ ਦੇ ਆਲਾ ਅਧਿਕਾਰੀਆਂ ਨੇ ਉਕਤ ਦੋਵੇਂ ਪੈਟਰੋਲ ਪੰਪਾਂ ਦੇ ਮਾਮਲਾਂ ਦੇ ਵਿਰੁੱਧ ਐਕਸ਼ਨ ਲੈਂਦੇ ਹੋਏ ਵਿਭਾਗੀ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਸਨ। ਜਦਕਿ ਇਸ ਮਾਮਲੇ ਨੂੰ ਲੈ ਕੇ ਕੰਪਨੀ ਦੇ ਸਥਾਨਕ ਅਧਿਕਾਰੀਆਂ ਦਾ ਰਵੱਈਆ ਲੀਪਾਪੋਚੀ ਵਾਲਾ ਹੀ ਨਜ਼ਰ ਆਇਆ ਹੈ।


Related News