ਸੀ.ਏ.ਏ. ਖਿਲਾਫ ਸੜਕਾਂ 'ਤੇ ਉਤਰੇ ਲੋਕ, ਜਲੰਧਰ-ਜੰਮੂ ਹਾਈਵੇਅ ਕੀਤਾ ਬੰਦ
Sunday, Feb 23, 2020 - 12:24 PM (IST)
ਜਲੰਧਰ/ਭੋਗਪੁਰ (ਸੂਰੀ, ਸੋਨੂੰ, ਰਾਣਾ) — ਸੀ. ਏ. ਏ. ਕਾਨੂੰਨ ਖਿਲਾਫ ਦਲਿਤ ਸਮਾਜ ਦੀਆਂ ਜਥੇਬੰਦੀਆਂ ਵੱਲੋਂ 23 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਭੀਮ ਆਰਮੀ ਵੱਲੋਂ ਐੱਨ. ਪੀ. ਆਰ. ਸੀ. ਏ. ਏ. ਅਤੇ ਰਾਖਵੇਂਕਰਨ ਦੇ ਖਿਲਾਫ ਕੇਂਦਰ ਦੀਆਂ ਨੀਤੀਆਂ ਦੇ ਵਿਰੋਧ 'ਚ ਜਲੰਧਰ-ਜੰਮੂ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ।
ਭੋਗਪੁਰ ਵਿਚਲੇ ਆਦਮਪੁਰ ਟੀ ਪੁਆਇੰਟ ਚੌਕ 'ਚ ਭੀਮਾ ਆਰਮੀ ਦੇ ਆਗੂਆਂ ਵੱਲੋਂ ਨੀਲੇ ਝੰਡੇ ਲੈ ਕੇ ਦੋਵੇਂ ਪਾਸਿਓਂ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਇਸ ਕੌਮੀ ਸ਼ਾਹ ਮਾਰਗ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ। ਪੁਲਸ ਪ੍ਰਸ਼ਾਸਨ ਵੱਲੋਂ ਭਾਰੀ ਗਿਣਤੀ 'ਚ ਪੁਲਸ ਕਰਮੀਆਂ ਦੀ ਤਾਇਨਾਤੀ ਕੀਤੀ ਗਈ ਹੈ।
ਇਸ ਮੌਕੇ ਪੁਲਸ ਕਰਮੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਟ੍ਰੈਫਿਕ ਚਾਲੂ ਕਰਨ ਲਈ ਮਨਾਉਣ ਦੇ ਯਤਨ ਕੀਤੇ ਪਰ ਪ੍ਰਦਰਸ਼ਨਕਾਰੀ ਆਪਣੀ ਜ਼ਿੱਦ 'ਤੇ ਅੜੇ ਰਹੇ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ 'ਭਾਰਤ ਬਚਾਉ ਦਲਿਤ ਬਚਾਉ' ਦੇ ਨਾਅਰੇ ਲਗਾਏ ਜਾ ਰਹੇ ਹਨ।
ਉਥੇ ਹੀ ਜਲੰਧਰ ਦੇ ਬੂਟਾ ਮੰਡੀ ਵਿਖੇ ਸ੍ਰੀ ਗੁਰੂ ਰਵਿਦਾਸ ਧਰਮ ਯੁੱਧ ਮੋਰਚਾ ਪੰਜਾਬ ਦੇ ਪ੍ਰਧਾਨ ਵਿਨੋਦ ਮੋਦੀ ਡਾ. ਅੰਬੇਡਕਰ ਵੈੱਲਫੇਅਰ ਸੁਸਾਇਟੀ ਵੱਲੋਂ ਧਰਨਾ ਦਿੱਤਾ ਗਿਆ। ਇਸ ਤੋਂ ਇਲਾਵਾ ਜਲੰਧਰ ਦੇ ਜੋਤੀ ਚੌਕ 'ਚ ਵੀ ਬਾਜ਼ਾਰ ਬੰਦ ਹਨ ਅਤੇ ਇਥੇ ਵੀ ਭਾਰੀ ਗਿਣਤੀ 'ਚ ਫੋਰਸ ਦੀ ਤਾਇਨਾਤੀ ਕੀਤੀ ਜਾ ਗਈ ਹੈ।