ਮੁਕੇਰੀਆਂ 'ਚ ਪ੍ਰਦਰਸ਼ਨਕਾਰੀਆਂ ਦੀ ਝੜਪ, ਪੁਲਸ ਨੇ ਕੀਤੇ ਹਵਾਈ ਫਾਇਰ

08/13/2019 6:12:03 PM

ਮੁਕੇਰੀਆਂ (ਵਿਜੇ, ਅਮਰੀਕ)— ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਤੋੜਨ ਦੇ ਵਿਰੋਧ 'ਚ ਮੁਕੇਰੀਆਂ ਵਿਖੇ ਅੱਜ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਮਾਨਸਰ ਨੇੜੇ ਪ੍ਰਦਰਸ਼ਨਕਾਰੀ ਅਤੇ ਦੁਕਾਨਦਾਰ ਆਹਮੋ-ਸਾਹਮਣੇ ਹੋ ਗਏ। ਇਸ ਦੌਰਾਨ ਪੁਲਸ ਵੱਲੋਂ ਹਵਾਈ ਫਾਇਰ ਵੀ ਕੀਤੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਮੁਕੇਰੀਆਂ ਦੇ ਕਸਬਾ ਹਰਸ਼ਾ ਮਾਨਸਰ ਵਿਖੇ ਦੁਕਾਨਾਂ ਬੰਦ ਕਰਵਾਉਣ ਲਈ 8 ਤੋਂ 10 ਮੋਟਰ ਸਾਈਕਲਾਂ 'ਤੇ ਪਹੁੰਚੇ ਨੌਜਵਾਨਾਂ ਵੱਲੋਂ ਜਦੋਂ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਵੱਲੋਂ ਇਨਕਾਰ ਕਰਨ 'ਤੇ ਮਾਮੂਲੀ ਤਕਰਾਰ ਨੇ ਲੜਾਈ ਦਾ ਰੂਪ ਧਾਰਨ ਕਰ ਲਿਆ। ਇਸ ਕਾਰਨ ਦੋਵਾਂ ਧਿਰਾਂ ਦੇ 8 ਵਿਅਕਤੀ ਜ਼ਖਮੀ ਹੋ ਗਏ। ਆਪਣੇ ਸਕੂਟਰ-ਮੋਟਰਸਾਈਕਲ ਸਨਿਆਲਾ ਮੋੜ ਮਾਨਸਰ ਵਿਖੇ ਖੜ੍ਹੇ ਕਰਕੇ ਗਏ ਨੌਜਵਾਨਾਂ ਨੇ ਜਦੋਂ ਖੁਦ ਨੂੰ ਚਾਰੇ ਪਾਸਿਓਂ ਘਿਰਿਆ ਦੇਖਿਆ ਤਾਂ ਉਨ੍ਹਾਂ ਆਪਣੇ ਸਕੂਟਰ-ਮੋਟਰਸਾਈਕਲ ਉੱਥੇ ਛੱਡਣਾ ਹੀ ਸਹੀ ਸਮਝਿਆ।

PunjabKesari

ਉਕਤ ਘਟਨਾ ਦੀ ਸੂਚਨਾ ਜਦੋਂ ਮੁਕੇਰੀਆਂ ਵਿਖੇ ਧਰਨੇ 'ਤੇ ਬੈਠੇ ਲੋਕਾਂ ਨੂੰ ਮਿਲੀ ਤਾਂ ਸੈਂਕੜਿਆਂ ਦੀ ਗਿਣਤੀ 'ਚ ਰਵਿਦਾਸੀਆ ਸੰਗਤ ਹਰਸ਼ਾ ਮਾਨਸਰ ਪਹੁੰਚ ਗਈ। ਇੰਨੇ ਸਮੇਂ ਦੌਰਾਨ ਦੁਕਾਨਦਾਰਾਂ ਦੀ ਸਹਾਇਤਾ ਲਈ ਸੈਂਕੜੇ ਮਾਨਸਰ ਵਾਸੀ ਵੀ ਸੜਕ 'ਤੇ ਆਹਮੋ-ਸਾਹਮਣੇ ਖੜ੍ਹੇ ਹੋ ਗਏ। ਦੋਵੇਂ ਪਾਸਿਓਂ ਇੱਟਾਂ-ਰੋੜੇ ਚੱਲਣੇ ਸ਼ੁਰੂ ਹੋ ਜਾਣ ਕਾਰਨ ਪੁਲਸ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਜਿਸ ਕਾਰਨ ਮੌਕੇ 'ਤੇ ਮੌਜੂਦ ਐੱਸ. ਪੀ. ਹੈੱਡ ਕੁਆਰਟਰ ਬਲਬੀਰ ਸਿੰਘ ਭੱਟੀ ਨੂੰ ਦੋਵਾਂ ਧਿਰਾਂ ਨੂੰ ਖਦੇੜਨ ਲਈ ਘੱਟੋ-ਘੱਟ 20 ਹਵਾਈ ਫਾਇਰ ਕਰਨ ਲਈ ਮਜਬੂਰ ਹੋਣਾ ਪਿਆ। ਮੌਕੇ 'ਤੇ ਮੌਜੂਦ ਡੀ. ਐੱਸ. ਪੀ. ਰਵਿੰਦਰ ਸਿੰਘ ਨੇ ਦੋਵਾਂ ਧਿਰਾਂ ਨੂੰ ਅਹੁਦੇਦਾਰਾਂ ਦੀ ਸਹਾਇਤਾ ਨਾਲ ਸਮਝਾਉਂਦੇ ਹੋਏ ਇਸ ਘਟਨਾ ਨੂੰ ਖੂਨੀ ਝੜਪ 'ਚ ਨਾ ਬਦਲਣ ਦਿੱਤਾ।

ਐੱਸ. ਐੱਸ. ਪੀ. ਗੌਰਵ ਗਰਗ ਨੇ ਵੀ ਸੂਚਨਾ ਮਿਲਣ 'ਤੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਇਸ ਦੀ ਜਾਂਚ ਦਾ ਭਰੋਸਾ ਦਿੱਤਾ। ਘਟਨਾ ਦਾ ਸ਼ਿਕਾਰ ਹੋਏ ਦੁਕਾਨਦਾਰਾਂ ਨੇ ਜਿੱਥੇ ਦੁਕਾਨਾਂ ਦੀ ਭੰਨ-ਤੋੜ ਕਰਨ ਅਤੇ ਲੁੱਟਣ ਦਾ ਦੋਸ਼ ਲਾਇਆ, ਉੱਥੇ ਹੀ ਦੂਜੇ ਪਾਸੇ ਜਦੋਂ ਪ੍ਰਦਰਸ਼ਨਕਾਰੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੇ ਇਕ ਸਾਜ਼ਿਸ਼ ਅਧੀਨ ਸਾਨੂੰ ਥੋੜ੍ਹੀ ਗਿਣਤੀ 'ਚ ਦੇਖ ਕੇ ਸਾਡੇ ਨਾਲ ਕੁੱਟਮਾਰ ਕੀਤੀ ਅਤੇ ਸਾਡੇ ਸੜਕ 'ਤੇ ਖੜ੍ਹੇ ਮੋਟਰਸਾਈਕਲ-ਸਕੂਟਰ ਵੀ ਤੋੜ ਦਿੱਤੇ। ਦੋਵਾਂ ਧਿਰਾਂ 'ਚ ਤਣਾਅ ਬਣਿਆ ਹੋਇਆ ਹੈ। ਪੁਲਸ ਪ੍ਰਸ਼ਾਸਨ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੌਕੇ 'ਤੇ ਹੋਏ ਝਗੜੇ ਕਾਰਨ ਜ਼ਖਮੀ ਹੋਏ ਕੁਝ ਵਿਅਕਤੀ ਹਸਪਤਾਲ 'ਚ ਦਾਖਲ ਹਨ।

 


shivani attri

Content Editor

Related News