ਸੈਕਟਰ-18 ''ਚ ਲੋਕਾਂ ਨੇ ਕੱਢਿਆ ਕੈਂਡਲ ਮਾਰਚ, ਇਨਸਾਫ ਦੀ ਲਾਈ ਗੁਹਾਰ

Friday, Jun 22, 2018 - 07:17 AM (IST)

ਸੈਕਟਰ-18 ''ਚ ਲੋਕਾਂ ਨੇ ਕੱਢਿਆ ਕੈਂਡਲ ਮਾਰਚ, ਇਨਸਾਫ ਦੀ ਲਾਈ ਗੁਹਾਰ

ਚੰਡੀਗੜ੍ਹ, (ਰਾਜਿੰਦਰ)- ਸੈਕਟਰ-18 ਵਿਚ ਪਿਛਲੇ ਦਿਨੀਂ ਕੁੱਤਿਆਂ ਦੇ ਹਮਲੇ ਨਾਲ ਡੇਢ ਸਾਲ ਦੇ ਬੱਚੇ ਆਯੂਸ਼ ਦੀ ਹੋਈ ਮੌਤ ਦੇ ਮਾਮਲੇ ਨੂੰ ਲੈ ਕੇ ਵੀਰਵਾਰ ਨੂੰ ਵਾਇਸ ਆਫ ਚੰਡੀਗੜ੍ਹ ਦੀ ਅਗਵਾਈ ਵਿਚ ਸਥਾਨਕ ਲੋਕਾਂ ਨੇ ਕੈਂਡਲ ਮਾਰਚ ਕੱਢਿਆ ਤੇ ਆਯੂਸ਼ ਲਈ ਇਨਸਾਫ ਦੀ ਗੁਹਾਰ ਲਾਈ। ਕੈਂਡਲ ਮਾਰਚ ਵਿਚ ਵੱਡੀ ਗਿਣਤੀ ਵਿਚ ਔਰਤਾਂ, ਮਰਦਾਂ ਤੇ ਬੱਚਿਆਂ ਨੇ ਭਾਗ ਲਿਆ। ਮਾਰਚ ਵਿਚ ਆਯੂਸ਼ ਦੀ ਮਾਂ ਮਮਤਾ ਤੇ ਪਿਤਾ ਮੁਦਰ ਵੀ ਨਿਆਂ ਲਈ ਗੁਹਾਰ ਲਾ ਰਹੇ ਸਨ । 
ਇਸ ਦੌਰਾਨ ਨਗਰ ਨਿਗਮ ਤੇ ਪੁਲਸ ਪ੍ਰਸ਼ਾਸਨ ਖਿਲਾਫ ਲੋਕਾਂ ਵਿਚ ਕਾਫੀ ਗੁੱਸਾ ਸੀ। ਦੂਜੇ ਪਾਸੇ, ਆਯੂਸ਼ ਦੀ ਲਾਸ਼ ਪੰਜਵੇਂ ਦਿਨ ਵੀ ਸੈਕਟਰ-16 ਸਥਿਤ ਜਨਰਲ ਹਸਪਤਾਲ ਦੀ ਮੋਰਚਰੀ ਵਿਚ ਪਈ ਰਹੀ, ਜਿਸ ਦਾ ਅੱਜ ਵੀ ਪਰਿਵਾਰ ਨੇ ਪੋਸਟਮਾਰਟਮ ਨਹੀਂ ਕਰਵਾਇਆ ਤੇ ਨਹੀਂ ਹੀ ਪੁਲਸ ਨੇ ਇਸ ਮਾਮਲੇ ਵਿਚ ਕੋਈ ਕਾਰਵਾਈ ਕੀਤੀ ਹੈ । 
ਕੈਂਡਲ ਮਾਰਚ ਦੌਰਾਨ ਲੋਕਾਂ ਨੇ ਆਯੂਸ਼ ਨੂੰ ਨਿਆਂ ਦਿਓ, ਦੋਸ਼ੀਆਂ 'ਤੇ ਕਾਰਵਾਈ ਕਰੋ, ਦੋਸ਼ੀਆਂ 'ਤੇ ਮੁਕੱਦਮਾ ਦਰਜ ਕਰੋ, ਨਗਰ ਨਿਗਮ ਤੇ ਚੰਡੀਗੜ੍ਹ ਪੁਲਸ ਸ਼ਰਮ ਕਰੋ ਆਦਿ ਨਾਅਰੇ ਲਾਏ। ਇਸ ਮੌਕੇ ਸੰਸਥਾ ਦੇ ਚੇਅਰਮੈਨ ਅਵਿਨਾਸ਼ ਸਿੰਘ ਸ਼ਰਮਾ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਬਚਾਉਣ ਲਈ ਅਜੇ ਤਕ ਮੁਕੱਦਮਾ ਦਰਜ ਨਾ ਕਰ ਕੇ ਆਪਣਾ ਅਸਲ ਚਿਹਰਾ ਚੰਡੀਗੜ੍ਹ ਦੀ ਜਨਤਾ ਦੇ ਸਾਹਮਣੇ ਲਿਆ ਦਿੱਤਾ ਹੈ। ਸ਼ਹਿਰ ਦੀ ਸੰਸਦ ਮੈਂਬਰ, ਮੇਅਰ, ਕੌਂਸਲਰ ਤੇ ਨਿਗਮ ਕਮਿਸ਼ਨਰ ਘਟਨਾ ਦੇ ਪੰਜਵੇਂ ਦਿਨ ਤਕ ਪੀÎੜਤ ਪਰਵਾਰ ਨੂੰ ਦਿਲਾਸਾ ਦੇਣ ਤੇ ਆਪਣੀ ਹਮਦਰਦੀ ਜ਼ਾਹਰ ਕਰਨ ਤਕ ਲਈ ਨਹੀਂ ਪੁੱਜੇ।
ਉਨ੍ਹਾਂ ਕਿਹਾ ਕਿ ਉਹ ਮਮਤਾ ਨੂੰ ਨਿਆਂ ਦਿਵਾਉਣ ਲਈ ਕੋਰਟ ਤਕ ਲੜਾਈ ਲੜਨ 'ਚ ਮਦਦ ਦੇ ਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਗੇ। ਇਸ ਮੌਕੇ ਸੰਗਠਨ ਦੇ ਰਜਨੀਸ਼ ਵਸ਼ਿਸ਼ਠ, ਪਿੰਕਾ ਪਰਾਸ਼ਰ, ਜਵਾਲਾ ਸਿੰਘ, ਸਿਕੰਦਰ, ਗੌਰਵ ਸ਼ੁਕਲਾ, ਰਾਜੀਵ ਸਿੰਘ, ਐੱਮ. ਡੀ. ਖਾਨ ਤੇ ਅਯੋਧਿਆ ਪ੍ਰਸਾਦ ਆਦਿ ਮੌਜੂਦ ਸਨ। ਧਿਆਨ ਯੋਗ ਹੈ ਕਿ ਸੈਕਟਰ-18 ਦੇ ਪਾਰਕ ਵਿਚ ਪਿਛਲੀ 17 ਜੂਨ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਸੂਮ ਆਯੂਸ਼ ਨੂੰ ਮਾਰ ਦਿੱਤਾ ਸੀ । 


Related News