ਲੋਕਾਂ ਲਈ ਮੁਸੀਬਤ ਬਣੇ  ਲੋਕ ਤੜਕੇ ਹੀ ਲਾਈਨਾਂ ’ਚ ਲੱਗਣ ਲਈ ਮਜਬੂਰ

Saturday, Jul 21, 2018 - 02:09 AM (IST)

ਲੋਕਾਂ ਲਈ ਮੁਸੀਬਤ ਬਣੇ  ਲੋਕ ਤੜਕੇ ਹੀ ਲਾਈਨਾਂ ’ਚ ਲੱਗਣ ਲਈ ਮਜਬੂਰ

ਭਾਦਸੋਂ, (ਅਵਤਾਰ)- ਪਿਛਲੀ ਅਕਾਲੀ-ਭਾਜਪਾ ਗੱਠਜੋਡ਼ ਸਰਕਾਰ ਨੇ ਲੋਕਾਂ ਨੂੰ ਇਕੋ ਛੱਤ ਥੱਲੇ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸੇਵਾ-ਕੇਂਦਰ ਖੋਲ੍ਹੇ ਸਨ। ਮੌਜੂਦਾ ਕਾਂਗਰਸ ਸਰਕਾਰ ਦੀ ਅਗਵਾਈ ਹੇਠ  ਸੂਬੇ ਭਰ ’ਚ ਚੱਲ  ਰਹੇ  ਕੁੱਝ ਸੇਵਾ-ਕੇਂਦਰ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਏ ਹਨ।  
 ਸਬ-ਤਹਿਸੀਲ ਭਾਦਸੋਂ ਦੇ ਨਾਲ ਲਗਦੇ ਸੇਵਾ-ਕੇਂਦਰ ’ਚ ਤੜਕੇ 4 ਵਜੇ ਹੀ ਲੋਕਾਂ ਦੀਅਾਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ, ਜੋ ਕਿ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਚਿੰਨ੍ਹ ਲਾ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ  ਕਈ-ਕਈ ਘੰਟੇ ਲਗਾਤਾਰ ਲਾਈਨਾਂ ਵਿਚ ਵੀ ਖਡ਼੍ਹ ਕੇ ਸੇਵਾ-ਕੇਂਦਰ ਦੇ ਮੁਲਾਜ਼ਮਾਂ ਵੱਲੋਂ ਅਗਲੇ ਦਿਨ ਆਉਣ ਲਈ ਕਿਹਾ ਜਾਂਦਾ ਹੈ। ਸੇਵਾ-ਕੇਂਦਰ ਵਿਚ ਕੰਮ ਲਈ ਆਏ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਕ-ਇਕ ਕੰਮ ਲਈ ਕਈ-ਕਈ ਦਿਨ ਚੱਕਰ ਮਾਰਨੇ ਪੈਂਦੇ ਹਨ। ਇਸੇ ਦੌਰਾਨ ਵਿੱਦਿਅਕ ਅਦਾਰਿਆਂ ਵਿਚ ਪਡ਼੍ਹਨ ਵਾਲੇ ਵਿਦਿਆਰਥੀਆਂ ਨੇ ਆਪਣਾ ਦੁਖਡ਼ਾ ਸੁਣਾਉਂਦਿਆਂ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਜਾਤੀ, ਰਿਹਾਇਸ਼ੀ ਸਰਟੀਫਿਕੇਟ, ਹਲਫੀਆ ਬਿਆਨ, ਆਧਾਰ ਕਾਰਡ ਤੇ ਹੋਰ ਕਈ ਤਰ੍ਹਾਂ ਦੇ ਸਰਟੀਫਿਕੇਟ ਲੈਣ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। 
ਇਸ ਮੁਸ਼ਕਲ ਨਾਲ ਕਈ ਵਾਰ ਇੰਟਰਵਿਊ ਦੇਣ ਵਾਲੇ ਉਮੀਦਵਾਰਾਂ ਨੂੰ ਵੀ ਅੌਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਇਸ ਸਬੰਧੀ ਨਾਇਬ-ਤਹਿਸੀਲਦਾਰ ਨਾਲ ਸੰਪਰਕ ਕਰਨਾ ਚਾਹਿਆ ਤਾਂ ਵਾਰ-ਵਾਰ ਫੋਨ ਕਰਨ ’ਤੇ ਵੀ ਉਨ੍ਹਾਂ ਫੋਨ ਨਹੀਂ ਚੁੱਕਿਆ।
 


Related News