2 ਹਜ਼ਾਰ ਦੇ ਨੋਟ ਕਾਰਨ ਜਨਤਾ ਹੋ ਰਹੀ ਪਰੇਸ਼ਾਨ, ਪੈਟਰੋਲ ਪੰਪ ’ਤੇ ਅਜੀਬ ਜਾਣਕਾਰੀ ਬਣੀ ਚਰਚਾ ਦਾ ਵਿਸ਼ਾ
Saturday, Jun 03, 2023 - 02:07 PM (IST)
ਫਗਵਾੜਾ (ਜਲੋਟਾ)-ਭਾਵੇਂ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਇਥੋਂ ਦੇ ਵੱਖ-ਵੱਖ ਸਰਕਾਰੀ ਬੈਂਕਾਂ ਅਤੇ ਨਿੱਜੀ ਬੈਂਕਾਂ ਨੂੰ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਕਿਸੇ ਵੀ ਵਿਅਕਤੀ ਨੂੰ ਨੋਟ ਬਦਲਣ ਲਈ ਕਿਸੇ ਵੀ ਪੱਧਰ ’ਤੇ ਕੋਈ ਮੁਸ਼ਕਿਲ ਨਾ ਆਵੇ ਪਰ ਸਥਿਤੀ ਠੀਕ ਉਸ ਦੇ ਉਲਟ ਹੈ, ਜਿੱਥੇ ਲੋਕ ਕੁਝ ਜਨਤਕ ਖੇਤਰ ਦੇ ਬੈਂਕਾਂ ਵਿਚ 2000 ਦੇ ਨੋਟ ਬਦਲਣ ਲਈ ਜਾਂਦੇ ਹਨ ਤਾਂ ਮੌਕੇ ’ਤੇ ਬੈਂਕ ਅਧਿਕਾਰੀਆਂ ਵੱਲੋਂ ਉਨ੍ਹਾਂ ਤੋਂ ਕਈ ਤਰ੍ਹਾਂ ਦੇ ਸਵਾਲ ਪੁੱਛੇ ਜਾ ਰਹੇ ਹਨ? ਇਸੇ ਤਰ੍ਹਾਂ ਜਦੋਂ ਕੋਈ ਆਮ ਵਿਅਕਤੀ ਨਿੱਜੀ ਬੈਂਕਾਂ ਵਿਚ 2000 ਦੇ ਨੋਟ ਬਦਲਣ ਲਈ ਜਾਂਦਾ ਹੈ ਤਾਂ ਉਸ ਤੋਂ ਸਾਰੀ ਜਾਣਕਾਰੀ ਇਕੱਠੀ ਕਰਕੇ ਗੁਪਤ ਰੂਪ ਵਿਚ ਫਾਰਮ ’ਤੇ ਜ਼ਬਰਦਸਤੀ ਦਸਤਖ਼ਤ ਕਰਵਾਏ ਜਾ ਰਹੇ ਹਨ, ਜਿਵੇਂ ਉਸ ਕੋਲ 2000 ਰੁਪਏ ਦਾ ਨੋਟ ਹੋਣਾ ਕੋਈ ਵੱਡਾ ਜ਼ੁਰਮ ਹੋਵੇ। ਇਨ੍ਹਾਂ ਕਾਰਨਾਂ ਕਰਕੇ ਹੁਣ 2000 ਦੇ ਨੋਟਾਂ ਦੇ ਚੱਲਣ ਨੂੰ ਲੈ ਕੇ ਫਗਵਾੜਾ ਦੇ ਲੋਕਾਂ ’ਚ ਕਈ ਤਰ੍ਹਾਂ ਦੀਆਂ ਚਰਚਾਵਾਂ ਅਤੇ ਚਿੰਤਾ ਦੀਆਂ ਆਵਾਜ਼ਾਂ ਸੁਣਨ ਨੂੰ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ-ਇਨ੍ਹਾਂ ਔਰਤਾਂ ਤੋਂ ਰਹੋ ਸਾਵਧਾਨ, ਲਿਫ਼ਟ ਦੇ ਬਹਾਨੇ ਹਾਈਵੇਅ 'ਤੇ ਇੰਝ ਚਲਾ ਰਹੀਆਂ ਨੇ ਕਾਲਾ ਕਾਰੋਬਾਰ
ਫਗਵਾੜਾ ਦੇ ਇਕ ਪੈਟਰੋਲ ਪੰਪ ’ਤੇ ਤਾਂ 2000 ਰੁਪਏ ਦੇ ਭਾਰਤੀ ਕਰੰਸੀ ਨੋਟਾਂ ਨੂੰ ਸਵੀਕਾਰ ਕਰਨ ’ਤੇ ਕਈ ਸ਼ਰਤਾਂ ਲਗਾਈਆਂ ਹਨ। ਇਥੇ ਪੈਟਰੋਲ ਪੰਪ ਦੇ ਕਰਮਚਾਰੀ 2000 ਰੁਪਏ ਦੇ ਨੋਟ ਲੈਣ ਤੋਂ ਝਿਜਕਦੇ ਹਨ? ਇਸ ਪੈਟਰੋਲ ਪੰਪ ’ਤੇ ਅਜੀਬ ਸੂਚਨਾ ਲਿਖਤੀ ਤੌਰ ’ਤੇ ਚਿਪਕਾਈ ਗਈ ਹੈ, ਜਿਸ ’ਚ ਲਿਖਿਆ ਹੈ ਕਿ ‘ਸਾਰੇ ਮਾਣਯੋਗ ਗਾਹਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਭਾਰਤ ਸਰਕਾਰ ਅਤੇ ਆਰ. ਬੀ. ਆਈ. ਦੀਆਂ ਹਦਾਇਤਾਂ ਅਨੁਸਾਰ 2000 ਰੁਪਏ ਦੇ ਕਰੰਸੀ ਨੋਟ 30 ਸਤੰਬਰ 2023 ਤੱਕ ਸਿਰਫ਼ 2000 ਜਾਂ 2000 ਰੁਪਏ ਤੋਂ ਵੱਧ ਦੀ ਖ਼ਰੀਦ ਹੋਣ ’ਤੇ ਸਵੀਕਾਰਯੋਗ ਹਨ। ਕਰੰਸੀ ਦੇ ਵਟਾਂਦਰੇ ਦੀ ਵਿਵਸਥਾ ਬੈਂਕਾਂ ਤੱਕ ਹੈ। ਪੈਟਰੋਲ ਪੰਪ ’ਤੇ 50 ਜਾਂ 100 ਰੁਪਏ ਦੀ ਖ਼ਰੀਦ ਲਈ ਭੁਗਤਾਨ 2000 ਰੁਪਏ ਦੇ ਕਰੰਸੀ ਨੋਟਾਂ ਵਿਚ ਨਹੀਂ ਕੀਤਾ ਜਾਵੇਗਾ। ਕ੍ਰਿਪਾ ਕਰਕੇ ਸਹਿਯੋਗ ਕਰੋ।’
ਭਾਂਵ ਜਦੋਂ ਗਾਹਕ ਆਪਣੀ ਗੱਡੀ ਵਿਚ 100-200 ਜਾਂ 500 ਰੁਪਏ ਤੱਕ ਦਾ ਪੈਟਰੋਲ ਜਾਂ ਡੀਜ਼ਲ ਪਾਉਣ ਲਈ ਇਥੇ ਆਉਂਦਾ ਹੈ ਤਾਂ ਪੈਟਰੋਲ ਪੰਪ ਦੇ ਅਧਿਕਾਰੀ ਉਸ ਨੂੰ ਉਕਤ ਜਾਣਕਾਰੀ ਦਿੰਦੇ ਹਨ ਅਤੇ ਬਹਿਸ ਕਰਨ ’ਤੇ ਲਿੱਖੀ ਗਈ ਸੂਚਨਾ ਪੜ੍ਹਾਉਂਦੇ ਹਨ? ਲੋਕਾਂ ਨੇ ਜ਼ਿਲ੍ਹਾ ਮੈਜਿਸਟ੍ਰੇਟ ਕਪੂਰਥਲਾ, ਏ. ਡੀ. ਸੀ. ਫਗਵਾੜਾ, ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਅਧਿਕਾਰੀਆਂ, ਵਿੱਤ ਮੰਤਰਾਲੇ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਆਮ ਜਨਤਾ ਨੂੰ ਆ ਰਹੀਆਂ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਇਆ ਜਾਵੇ ਅਤੇ ਜੇਕਰ 2000 ਰੁਪਏ ਦੇ ਨੋਟਾਂ ਸੰਬੰਧੀ ਆਰ. ਬੀ. ਆਈ. ਦੇ ਹੁਕਮਾਂ ਦੇ ਉਲਟ ਲੋਕਾਂ ਨੂੰ ਤੰਕ ਪ੍ਰੇਸ਼ਾਨ ਕਰਨ ਜਾਂ ਗੁੰਮਰਾਹ ਕਰਨ ਲਈ ਕੋਈ ਗਲਤ ਜਾਣਕਾਰੀ ਦਾ ਅਦਾਨ-ਪ੍ਰਦਾਨ ਕੀਤਾ ਜਾ ਰਿਹਾ ਹੈ ਤਾਂ ਉਸ ਦਾ ਸਖ਼ਤ ਨੋਟਿਸ ਲਿਆ ਜਾਵੇ ਅਤੇ ਤੁਰੰਤ ਬਣਦੀ ਪੁਲਸ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ-ਉੱਜੜ ਰਹੇ ਕਈ ਘਰ: ਬਚਪਨ ’ਚ ਫਲਿਊਡ, ਜਵਾਨੀ ’ਚ ਚਿੱਟੇ ਦੀ ਰਾਹ ’ਤੇ ਨਸ਼ੇੜੀ ਬਣ ਰਿਹੈ ਭਵਿੱਖ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani