CM ਮਾਨ ਵੱਲੋਂ ਲਏ ਜਾ ਰਹੇ ਲੋਕ-ਪੱਖੀ ਫ਼ੈਸਲਿਆਂ ਕਾਰਨ ਲੋਕ ‘ਆਪ’ ਸਰਕਾਰ ਤੋਂ ਸੰਤੁਸ਼ਟ : ਅਨਮੋਲ ਗਗਨ ਮਾਨ
Tuesday, Jun 14, 2022 - 04:39 PM (IST)
ਭਵਾਨੀਗੜ੍ਹ (ਕਾਂਸਲ)-ਆਮ ਆਦਮੀ ਪਾਰਟੀ ਸੁਫ਼ਨਿਆਂ ਦਾ ਪੰਜਾਬ ਬਣਾਉਣ ਲਈ ਵਚਨਬੱਧ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲਏ ਜਾ ਰਹੇ ਲੋਕਪੱਖੀ ਫ਼ੈਸਲਿਆਂ ਕਾਰਨ ਸੂਬੇ ਦੀ ਜਨਤਾ ‘ਆਪ’ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਹਲਕਾ ਖਰੜ ਤੋਂ ਵਿਧਾਇਕ ਮੈਡਮ ਅਨਮੋਲ ਗਗਨ ਮਾਨ ਨੇ ਅੱਜ ਪਿੰਡ ਰਾਏਸਿੰਘਵਾਲਾ ਵਿਖੇ ਸੰਗਰੂਰ ਲੋਕ ਸਭਾ ਉਪ ਚੋਣ ਲਈ ‘ਆਪ’ ਉਮੀਦਵਾਰ ਗੁਰਮੇਲ ਘਰਾਚੋਂ ਦੇ ਹੱਕ ’ਚ ਇਕ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਚੋਣਾਂ ਸਮੇਂ ਵੱਡੇ-ਵੱਡੇ ਵਾਅਦੇ ਕਰਨ ਵਾਲੀਆਂ ਪਿਛਲੀਆਂ ਸਰਕਾਰਾਂ ਚਾਰ ਸਾਲ ਚੁੱਪ ਰਹਿਣ ਤੋਂ ਬਾਅਦ ਹਮੇਸ਼ਾ ਹੀ ਚੋਣ ਵਰ੍ਹੇ ਮੌਕੇ ਆ ਕੇ ਲੋਕ ਦਿਖਾਵੇ ਲਈ ਹੱਥ-ਪੱਲੇ ਮਾਰਦੀਆਂ ਸਨ ਅਤੇ ਇੱਕਾ-ਦੁੱਕਾ ਕੰਮ ਕਰਕੇ ਬਾਕੀ ਅੱਧਵਾਟੇ ਰਹਿ ਜਾਂਦੇ। ਸਾਰੇ ਕੰਮਾਂ ਨੂੰ ਪੂਰਾ ਕਰਨ ਲਈ ਚਲਾਕ ਲੂੰਬੜੀ ਦੀ ਤਰ੍ਹਾਂ ਇਕ ਮੌਕਾ ਹੋਰ ਦੇਣ ਲਈ ਜਨਤਾ ਅੱਗੇ ਝੋਲੀ ਫੈਲਾਉਂਦੀਆਂ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੋਕ ਕੰਮਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਸਿਆਸੀ ਪਾਰਟੀਆਂ ਨੂੰ ਕੀਤੀ ਇਹ ਬੇਨਤੀ
\ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਸਰਕਾਰ ਵੱਲੋਂ 27 ਹਜ਼ਾਰ ਦੇ ਕਰੀਬ ਨੌਕਰੀਆਂ ਦੇਣ, ਭ੍ਰਿਸ਼ਟਾਚਾਰ ਨੂੰ ਨਕੇਲ ਪਾਉਣ ਤੇ ਦਫ਼ਤਰਾਂ ਅੰਦਰ ਲੋਕਾਂ ਦੀ ਖੱਜਲ ਖੁਆਰੀ ਨੂੰ ਰੋਕਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਤੋਂ ਪੂਰੇ ਪੰਜਾਬ ਦੀ ਜਨਤਾ ਸੰਤੁਸ਼ਟ ਹੈ ਅਤੇ ਪੂਰੇ ਦੇਸ਼ ਦੇ ਲੋਕ ਆਮ ਆਦਮੀ ਪਾਰਟੀ ਨੂੰ ਚਾਹੁਣ ਲੱਗੇ ਹਨ। ਉਨ੍ਹਾਂ ਕਿਹਾ ਕਿ ਇਹ ਵੀ ਬਹੁਤ ਵੱਡੀ ਗੱਲ ਹੈ ਕਿ ‘ਆਪ’ ਵੱਲੋਂ ਪਾਰਟੀ ਦੇ ਇਕ ਆਮ ਵਲੰਟੀਅਰ ਸਰਪੰਚ ਗੁਰਮੇਲ ਸਿੰਘ ਘਰਾਚੋਂ ਨੂੰ ਆਪਣਾ ਉਮੀਦਵਾਰ ਬਣਾਇਆ, ਜਦਕਿ ਉਸ ਦੇ ਮੁਕਾਬਲੇ ’ਚ ਬਾਕੀ ਪਾਰਟੀਆਂ ਵੱਲੋਂ ਕਰੋੜਪਤੀ ਵਿਅਕਤੀਆਂ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ ਤੇ ਹੈਰਾਨ ਕਰ ਦੇਣ ਵਾਲੀ ਗੱਲ ਇਹ ਵੀ ਹੈ ਕਿ ਅਕਾਲੀ ਦਲ ਬਾਦਲ ਅਤੇ ਭਾਜਪਾ ਵੱਲੋਂ ਇਸ ਚੋਣ ’ਚ ਆਪਣੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਮੌਕਾ ਦੇਣ ਦੀ ਥਾਂ ਹੋਰ ਪਾਰਟੀਆਂ ’ਚੋਂ ਵਿਅਕਤੀਆਂ ਨੂੰ ਸ਼ਾਮਿਲ ਕਰਕੇ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ।
ਇਹ ਵੀ ਪੜ੍ਹੋ : ਲੁਟੇਰਿਆਂ ’ਚ ਨਹੀਂ ਰਿਹਾ ਖ਼ਾਕੀ ਦਾ ਖ਼ੌਫ਼, ਲੁੱਟ-ਖੋਹ ਦੌਰਾਨ ਪੰਜਾਬ ਪੁਲਸ ਦੇ ASI ਨੂੰ ਮਾਰੀ ਗੋਲ਼ੀ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ ‘ਆਪ’ ਨੂੰ ਹਲਕਾ ਸੰਗਰੂਰ ਵਿਚੋਂ ਲੋਕਾਂ ਦਾ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਹੈ ਅਤੇ ਹਲਕੇ ਦੇ ਲੋਕ ‘ਆਪ’ ਉਮੀਦਵਾਰ ਨੂੰ ਵੱਡੀ ਜਿੱਤ ਦਿਵਾ ਕੇ ਪਾਰਲੀਮੈਂਟ ’ਚ ਭੇਜਣਗੇ ਅਤੇ ਗੁਰਮੇਲ ਘਰਾਚੋਂ ਵੀ ਲੋਕਾਂ ਅਤੇ ਹਲਕੇ ਦੇ ਮਸਲੇ ਸੰਸਦ ਵਿਚ ਉਠਾਉਣਗੇ ਅਤੇ ਲੋਕਾਂ ਦੀ ਆਵਾਜ਼ ਬਣ ਕੇ ਉੱਭਰਨਗੇ। ਇਸ ਮੌਕੇ ਉਨ੍ਹਾਂ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਾਂ ਅਤੇ ਹੱਲ ਕਰਵਾਉਣ ਦੇ ਉਪਰਾਲੇ ਵੀ ਕੀਤੇ। ਇਸ ਮੌਕੇ ਉਨ੍ਹਾਂ ਦੇ ਨਾਲ ਨਰਿੰਦਰ ਕੌਰ ਭਰਾਜ ਹਲਕਾ ਵਿਧਾਇਕ ਸੰਗਰੂਰ, ਵਰਿੰਦਰ ਕੌਰ ਨਿੱਜੀ ਸਹਾਇਕ, ਡਾ.ਮਨਿੰਦਰ ਸਿੰਘ, ਸਰਪੰਚ ਗੁਰਿੰਦਰ ਸਿੰਘ ਖਿਜਰਾਬਾਦ, ਜਸਪਾਲ ਸਿੰਘ, ਰੂਬੀ ਬਰਾੜ, ਜਗਮੀਤ ਸਿੰਘ, ਸੂਰਜ ਭਾਨ ਗੋਇਲ ਸਮੇਤ ਵਰਕਰ ਮੌਜੂਦ ਸਨ।