ਪਾਇਲ ਹਲਕੇ ''ਤੇ ਅਕਾਲੀਆਂ ਦਾ ਹੱਕ ਜਾਂ ਭਾਜਪਾ ਦੀ ਦਾਅਵੇਦਾਰੀ? ਆਉਣ ਵਾਲਾ ਸਮਾਂ ਕਰੇਗਾ ਫ਼ੈਸਲਾ

Sunday, Nov 29, 2026 - 12:51 PM (IST)

ਪਾਇਲ ਹਲਕੇ ''ਤੇ ਅਕਾਲੀਆਂ ਦਾ ਹੱਕ ਜਾਂ ਭਾਜਪਾ ਦੀ ਦਾਅਵੇਦਾਰੀ? ਆਉਣ ਵਾਲਾ ਸਮਾਂ ਕਰੇਗਾ ਫ਼ੈਸਲਾ

ਖੰਨਾ/ਮਲੌਦ (ਸ਼ਿਵਰੰਜਨ ਧੀਰ)- ਪੰਜਾਬ ਦੀ ਸਿਆਸਤ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਮੁੜ ਗੱਠਜੋੜ  ਤੋਂ ਬਾਅਦ ਹੁਣ ਵਿਧਾਨ ਸਭਾ ਹਲਕਾ ਪਾਇਲ ਦੀ ਸੀਟ ਨੂੰ ਲੈ ਕੇ ਵੀ ਸਿਆਸੀ ਹਲਕਿਆਂ ਵਿਚ ਨਵੀਂ ਚਰਚਾ ਛਿੜ ਗਈ ਹੈ। ਹਲਕੇ ਤੋਂ ਚੋਣ ਲੜਨ ਦੇ ਚਾਹਵਾਨ ਆਗੂਆਂ ਦੀਆਂ ਸਿਆਸੀ ਸਰਗਰਮੀਆਂ ਅਤੇ ਦਾਅਵੇਦਾਰੀਆਂ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ। 

ਸਿਆਸੀ ਚਰਚਾਵਾਂ ਅਨੁਸਾਰ ਭਾਜਪਾ ਵੱਲੋਂ ਪਾਇਲ ਹਲਕੇ ਦੀ ਸੀਟ 'ਤੇ ਆਪਣਾ ਦਾਅਵਾ ਪੇਸ਼ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਸਬੰਧੀ ਸਾਬਕਾ ਵਿਧਾਇਕ ਚਰਨਜੀਤ ਸਿੰਘ ਅਟਵਾਲ ਦੇ ਪੁੱਤਰ ਇੰਦਰ ਇਕਬਾਲ ਸਿੰਘ ਅਟਵਾਲ ਦਾ ਨਾਂ ਵੀ ਸੰਭਾਵੀ ਉਮੀਦਵਾਰ ਵਜੋਂ ਚਰਚਾ ਵਿਚ ਆ ਰਿਹਾ ਹੈ। ਦੂਜੇ ਪਾਸੇ ਪਾਇਲ ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਥਾਨਕ ਆਗੂਆਂ ਅਤੇ ਵਰਕਰਾਂ ਦੀ ਵੀ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਦੀ ਟਿਕਟ ਪੱਕੀ ਦਾਅਵੇਦਾਰੀ ਜਤਾ ਰਹੇ ਹਨ।

ਜ਼ਿਕਰਯੋਗ ਹੈ ਕਿ ਪਾਇਲ ਹਲਕੇ ਦੀ ਸਿਆਸਤ ਵਿਚ ਅਕਾਲੀ ਦਲ ਅਤੇ ਭਾਜਪਾ ਦੋਵਾਂ ਦਾ ਆਪਣਾ ਸਿਆਸੀ ਆਧਾਰ ਰਿਹਾ ਹੈ, ਕਿਉਂਕਿ ਸਾਬਕਾ ਵਿਧਾਇਕ ਚਰਨਜੀਤ ਸਿੰਘ ਪਹਿਲਾ ਵੀ ਪਾਇਲ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਜਿੱਤ ਚੁੱਕੇ ਹਨ। ਅਕਾਲੀ ਦਲ ਦਾ ਦੂਜਾ ਧੜਾ ਵੀ ਜਥੇਦਾਰ ਮਦਨੀਪੁਰ ਤੋਂ ਖੁਸ਼ ਨਹੀ ਹੈ। ਜੇਕਰ ਹਲਕਾ ਪਾਇਲ ਤੋਂ ਭਾਜਪਾ ਚੋਣ ਲੜਦੀ ਹੈ ਤਾਂ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਤੋਂ ਨਰਾਜ਼ ਧੜਾ ਵੀ ਭਾਜਪਾ ਦੇ ਹੱਕ ਵਿਚ ਭੁਗਤ ਸਕਦਾ ਹੈ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਪਾਇਲ ਹਲਕੇ ਦੀ ਸੀਟ ਕਿਸ ਪਾਰਟੀ ਨੂੰ ਮਿਲਦੀ ਹੈ ਅਤੇ ਕਿਹੜਾ ਆਗੂ ਆਪਣੀ ਦਾਅਵੇਦਾਰੀ ਮਜ਼ਬੂਤ ਕਰਦਾ ਹੈ। ਅਸਲ ਸਿਆਸੀ ਤਸਵੀਰ ਆਉਣ ਵਾਲੇ ਸਮੇਂ ਵਿਚ ਹੀ ਸਪਸ਼ਟ ਹੋਵੇਗੀ।


author

Anmol Tagra

Content Editor

Related News