ਦਰਸ਼ਨ ਕਰੋ ਤਖ਼ਤ ਸ੍ਰੀ ਪਟਨਾ ਸਾਹਿਬ ''ਚ ਮੌਜੂਦ ਗੁਰੂ ਘਰ ਦੀਆਂ ਨਿਸ਼ਾਨੀਆਂ ਦੇ
Monday, Jan 14, 2019 - 12:19 PM (IST)
ਪਟਨਾ— ਤਖਤ ਸ੍ਰੀ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 352ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਵੱਡੀ ਗਿਣਤੀ ਵਿਚ ਦੇਸ਼-ਵਿਦੇਸ਼ ਤੋਂ ਸੰਗਤਾਂ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਈਆਂ। ਸ੍ਰੀ ਪਟਨਾ ਸਾਹਿਬ ਵਿਖੇ ਗੁਰਦੁਆਰਿਆਂ ਨੂੰ ਬਹੁਤ ਹੀ ਸੁੰਦਰ ਢੰਗਾਂ ਨਾਲ ਸਜਾਇਆ ਗਿਆ। ਅੱਜ ਅਸੀਂ ਤੁਹਾਨੂੰ ਤਖ਼ਤ ਸ੍ਰੀ ਪਟਨਾ ਸਾਹਿਬ 'ਚ ਮੌਜੂਦ ਗੁਰੂ ਘਰ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਵਾ ਰਹੇ ਹਾਂ।

ਚੋਲਾ ਸਾਹਿਬ
ਇਹ ਚੋਲਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 15 ਸਾਲ ਦੀ ਉਮਰ 'ਚ ਧਾਰਨ ਕੀਤਾ ਸੀ। ਇਹ ਚੋਲਾ ਪਾਕਿਸਤਾਨ ਵਿਚ ਭਾਗਾਂ ਵਾਲੀ ਖਾਨਦਾਨ ਤੋਂ ਪ੍ਰਾਪਤ ਹੋਇਆ ਸੀ। ਭਾਗਾਂ ਵਾਲੀ ਦੇ ਪਰਿਵਾਰ ਵਾਲੇ ਵੰਡ ਸਮੇਂ ਪਾਕਿਸਤਾਨ ਤੋਂ ਮੱਧ ਪ੍ਰਦੇਸ਼ ਦੇ ਸ਼ਹਿਰ ਖੰਡਵਾ ਆ ਗਏ ਸਨ। ਇੱਥੇ ਭਾਗਾਂ ਵਾਲੀ ਦੇ ਫੌਤ ਹੋਣ ਤੋਂ ਬਾਅਦ ਉਨ੍ਹਾਂ ਦੀ ਧੀ ਨੇ ਚੋਲੇ ਦੀ ਸੇਵਾ ਤੋਂ ਅਸਮਰੱਥਾ ਜਿਤਾਉਂਦੇ ਹੋਏ ਚੋਲਾ ਖੰਡਵਾ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ ਪਹੁੰਚਾ ਦਿੱਤਾ ਤਾਂ ਕਿ ਸਮੁੱਚੀ ਸੰਗਤ ਵੀ ਇਸ ਚੋਲੇ ਦੇ ਦਰਸ਼ਨ ਕਰ ਸਕੇ।

ਚਾਂਦੀ ਦੀਆਂ ਗਾਗਰਾਂ
ਤਖ਼ਤ ਸ੍ਰੀ ਪਟਨਾ ਸਾਹਿਬ ਵਾਲੀ ਜਗ੍ਹਾ 'ਤੇ ਗੁਰੂ ਸਾਹਿਬ ਆਪਣੀ ਮਾਤਾ ਗੁਜਰੀ ਜੀ ਨਾਲ ਰਹਿੰਦੇ ਸਨ। ਇੱਥੇ ਮਾਤਾ ਗੁਜਰੀ ਜੀ ਦੇ ਖੂਹ ਤੋਂ ਆਂਢ-ਗੁਆਂਢ ਦੇ ਲੋਕ ਪਾਣੀ ਭਰਨ ਆਉਂਦੇ ਸਨ। ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਪਾਣੀ ਭਰਨ ਵਾਲਿਆਂ ਦੀਆਂ ਗਾਗਰਾਂ ਤੀਰ ਨਾਲ ਭੰਨ ਦਿੰਦੇ ਸਨ। ਇਸ ਦੀ ਸ਼ਿਕਾਇਤ ਕਰਨ 'ਤੇ ਮਾਤਾ ਗੁਜਰੀ ਜੀ ਨੇ ਭੰਨੀਆ ਗਾਗਰਾਂ ਬਦਲੇ ਚਾਂਦੀ ਦੀਆਂ ਗਾਗਰਾਂ ਦੇ ਦਿੱਤੀਆਂ ਪਰ ਗੁਰੂ ਸਾਹਿਬ ਨੇ ਉਹ ਵੀ ਵਿੰਨ੍ਹ ਦਿੱਤੀਆਂ।

ਸ਼ਿਕਾਇਤ ਕਰਨ 'ਤੇ ਜਦੋਂ ਮਾਤਾ ਗੁਜਰੀ ਜੀ ਨੇ ਗੁਰੂ ਸਾਹਿਬ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਗੁਰੂ ਸਾਹਿਬ ਨੇ ਗਾਗਰਾਂ ਅੰਦਰ ਪਾਣੀ 'ਚ ਸੱਪ ਹੋਣ ਬਾਰੇ ਦੱਸਿਆ ਭਾਵ ਕਿ ਗੁਰੂ ਸਾਹਿਬ ਵੱਲੋਂ ਗਾਗਰਾਂ ਭੰਨ ਕੇ ਸੱਪ ਤੋਂ ਬਚਾਇਆ ਗਿਆ ਸੀ। ਇਸ ਸਮੇਂ ਦਰਬਾਰ ਸਾਹਿਬ ਵਿਖੇ ਮਾਤਾ ਗੁਜਰੀ ਜੀ ਦੀਆਂ ਦੋ ਚਾਂਦੀ ਦੀਆਂ ਗਾਗਰਾਂ ਹਨ, ਜਿਨ੍ਹਾਂ ਰਾਹੀਂ ਥੜ੍ਹਾ ਸਾਹਿਬ ਨੂੰ ਇਸ਼ਨਾਨ ਕਰਵਾਇਆ ਜਾਂਦਾ ਹੈ।

ਤੀਰ ਅਤੇ ਸ਼ਸਤਰ
ਤਖ਼ਤ ਸ੍ਰੀ ਪਟਨਾ ਸਾਹਿਬ ਆਓ ਤਾਂ ਇੱਥੇ ਗੁਰੂ ਸਾਹਿਬ ਦੇ ਤੀਰ ਅਤੇ ਸ਼ਸਤਰ ਵੀ ਹਨ, ਜਿਨ੍ਹਾਂ ਦੇ ਰੋਜ਼ਾਨਾ ਸਵੇਰੇ 9 ਵਜੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ। ਪ੍ਰਕਾਸ਼ ਪੁਰਬ ਮੌਕੇ ਇਹ ਸਮੁੱਚੀ ਸੰਗਤ ਲਈ ਦਰਬਾਰ ਸਾਹਿਬ ਰੱਖੇ ਜਾਂਦੇ ਹਨ ਤਾਂ ਕਿ ਆਈਆਂ ਸੰਗਤਾਂ ਇਨ੍ਹਾਂ ਤੀਰਾਂ ਅਤੇ ਸ਼ਸਤਰਾਂ ਦੇ ਦਰਸ਼ਨ ਕਰ ਸਕਣ।
