ਪਟਿਆਲਾ ’ਚ ਬਗਾਵਤ, ਕੈਪਟਨ ਦੇ ਹੱਕ ’ਚ ਖੜ੍ਹਨ ਵਾਲਿਆਂ ’ਤੇ ਕਾਂਗਰਸ ਦੀ ਵੱਡੀ ਕਾਰਵਾਈ!

12/04/2021 12:22:27 PM

ਪਟਿਆਲਾ (ਰਾਜੇਸ਼ ਪੰਜੌਲਾ) : ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਪਟਿਆਲਾ ਸ਼ਹਿਰ ਦੀ ਕਾਂਗਰਸ ’ਚ ਘਮਾਸਾਨ ਹੋ ਗਿਆ ਹੈ। ਜਿਥੇ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਕੇ. ਕੇ. ਮਲਹੋਤਰਾ ਡਟ ਕੇ ਮੋਤੀ ਬਾਗ ਪੈਲਸ ਨਾਲ ਖੜ੍ਹ ਗਏ ਹਨ, ਉਥੇ ਹੀ ਪੀ. ਆਰ. ਟੀ. ਸੀ. ਦੇ ਸਾਬਕਾ ਚੇਅਰਮੈਨ ਕੇ. ਕੇ. ਸ਼ਰਮਾ ਅਤੇ ਮੇਅਰ ਸੰਜੀਵ ਸ਼ਰਮਾ ਬਿੱਟੂ ਵੀ ਕਾਂਗਰਸ ਤੋਂ ਬਗਾਵਤ ਕਰ ਕੇ ਮੋਤੀ ਮਹਿਲ ਦੇ ਹੱਕ ’ਚ ਡਟ ਗਏ ਹਨ। ਕਾਂਗਰਸ ਨੇ ਕੇ. ਕੇ. ਸ਼ਰਮਾ ਨੂੰ ਚੇਅਰਮੈਨੀ ਤੋਂ ਹਟਾ ਦਿੱਤਾ ਹੈ, ਜਦੋਂ ਕਿ ਮੇਅਰ ਸੰਜੀਵ ਸ਼ਰਮਾ ਬਿੱਟੂ ਖ਼ਿਲਾਫ਼ ਬੇਭਰੋਸਗੀ ਮਤਾ ਲਿਆ ਕੇ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ। ਇਹ ਮਾਮਲਾ ਹੁਣ ਹਾਈਕੋਰਟ ’ਚ ਚਲਾ ਗਿਆ ਹੈ। ਇਸੇ ਦੌਰਾਨ ਕਾਂਗਰਸ ਪਾਰਟੀ ਨੇ ਪਟਿਆਲਾ ’ਚ ਮੋਤੀ ਮਹਿਲ ਨੂੰ ਕਮਜ਼ੋਰ ਕਰਨ ਲਈ ਯੂਥ ਕਾਂਗਰਸ ਦੇ ਸਮੁੱਚੇ ਅਹੁਦੇਦਾਰਾਂ ਦੀ ਛੁੱਟੀ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਾਂਗਰਸ ’ਚ ਸ਼ਾਮਲ ਹੋਣ ’ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ

ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਯੂਥ ਕਾਂਗਰਸ ਦੇ ਪ੍ਰਧਾਨ ਅਨੁਜ ਖੋਸਲਾ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਮੁੱਢਲੀ ਮੈਂਬਰਸ਼ਿਪ ਮੁਅੱਤਲ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪਟਿਆਲਾ ਸ਼ਹਿਰੀ ਹਲਕੇ ਦੇ ਯੂਥ ਕਾਂਗਰਸ ਦੇ ਲਹਿਲ ਬਲਾਕ ਦੇ ਯੂਥ ਕਾਂਗਰਸ ਦੇ ਪ੍ਰਧਾਨ ਮਨਸ਼ਿਕ ਗਰਗ ਮਨੀ ਕੂਕਾ ਅਤੇ ਕਿਲ੍ਹਾ ਮੁਬਾਰਕ ਬਲਾਕ ਦੇ ਪ੍ਰਧਾਨ ਨਿਖਿਲ ਕੁਮਾਰ ਕਾਕਾ ਦੀ ਵੀ ਅਹੁਦੇ ਤੋਂ ਛੁੱਟੀ ਕਰ ਦਿੱਤੀ ਹੈ। ਇਹ ਸਮੁੱਚੇ ਅਹੁਦੇਦਾਰ ਮੋਤੀਬਾਗ ਪੈਲੇਸ ਨਾਲ ਚੱਲ ਰਹੇ ਸਨ, ਜਿਸ ਕਰਕੇ ਉਨ੍ਹਾਂ ਨੂੰ ਪਹਿਲਾਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ। ਹੁਣ ਅਹੁਦੇ ਤੋਂ ਹਟਾ ਦਿੱਤਾ ਗਿਆ। ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਉਦੇਵੀਰ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਯੂਥ ਕਾਂਗਰਸ ਪਟਿਆਲਾ ਸ਼ਹਿਰੀ ਦੇ ਇੰਚਾਰਜ ਅਤੇ ਯੂਥ ਕਾਂਗਰਸ ਪੰਜਾਬ ਦੇ ਸਕੱਤਰ ਦਵਿੰਦਰ ਸਿੰਘ ਛਾਂਜਲੀ ਨੇ ਕਿਹਾ ਕਿ ਇਹ ਸਮੁੱਚੇ ਅਹੁਦੇਦਾਰ ਪਾਰਟੀ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਸਨ ਅਤੇ ਪੰਜਾਬ ਲੋਕ ਕਾਂਗਰਸ ਨਾਲ ਕੰਮ ਕਰ ਰਹੇ ਸਨ, ਜਿਸ ਕਰਕੇ ਇਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇਨ੍ਹਾਂ ਦੀ ਮੁੱਢਲੀ ਮੈਂਬਰਸ਼ਿਪ ਮੁਅੱਤਲ ਕਰ ਦਿੱਤੀ ਗਈ ਹੈ। ਯੂਥ ਕਾਂਗਰਸ ਦੇ ਸੂਬਾ ਆਗੂਆਂ ਨੇ ਕਿਹਾ ਕਿ ਕਿਸੇ ਨੂੰ ਵੀ ਪਾਰਟੀ ਵਿਰੋਧੀ ਗਤੀਵਿਧੀਆਂ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਡੋਲੀ ਵਾਲੀ ਰੇਂਜ ਰੋਵਰ ਨਾਲ ਟੱਕਰ ਤੋਂ ਬਾਅਦ ਲਾੜੇ ਦੇ ਸਾਥੀ ਖੋਹ ਕੇ ਲੈ ਗਏ ਸਕਾਰਪੀਓ, ਥਾਣੇ ਪੁੱਜੀ ਪੂਰੀ ਬਾਰਾਤ

ਅਸੀਂ ਆਪ ਅਹੁਦੇ ਤੋਂ ਅਸਤੀਫੇ ਦੇ ਦਿੱਤੇ : ਖੋਸਲਾ, ਕਾਕਾ, ਗਰਗ
ਇਸੇ ਦੌਰਾਨ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਯੂਥ ਕਾਂਗਰਸ ਦੇ ਪ੍ਰਧਾਨ ਅਨੁਜ ਕੁਮਾਰ ਖੋਸਲਾ, ਬਲਾਕ ਕਿਲ੍ਹਾ ਮੁਬਾਰਕ ਦੇ ਪ੍ਰਧਾਨ ਨਿਖਿਲ ਕੁਮਾਰ ਕਾਕਾ ਅਤੇ ਬਲਾਕ ਲਹਿਲ ਦੇ ਪ੍ਰਧਾਨ ਮਨਸ਼ਿਕ ਗਰਗ ਮਨੀ ਕੂਕਾ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮਹਾਰਾਣੀ ਪ੍ਰਨੀਤ ਕੌਰ ਅਤੇ ਬੀਬਾ ਜੈਇੰਦਰ ਕੌਰ ਨੂੰ ਆਪਣਾ ਲੀਡਰ ਮੰਨਿਆ ਹੈ। ਉਹ ਅੱਜ ਵੀ ਡਟ ਕੇ ਮੋਤੀ ਬਾਗ ਪੈਲੇਸ ਨਾਲ ਖੜ੍ਹੇ ਹਨ। ਉਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਆਪਣੇ ਅਸਤੀ੍ਰ਼ੇ ਆਪ ਭੇਜ ਦਿੱਤੇ ਹਨ। ਬਲਾਕ ਪ੍ਰਧਾਨ ਨਿਖਿਲ ਕੁਮਾਰ ਕਾਕਾ ਨੇ ਕਿਹਾ ਕਿ ਸਿਰਫ ਉਨ੍ਹਾਂ ਨੇ ਹੀ ਅਸਤੀਫ਼ਾ ਨਹੀਂ ਦਿੱਤਾ, ਉਨ੍ਹਾਂ ਦੇ ਬਲਾਕ ਦੇ ਸਮੁੱਚੇ ਅਹੁਦੇਦਾਰਾਂ ਨੇ ਕਾਂਗਰਸ ਤੋਂ ਅਸਤੀਫੇ ਦਿੱਤੇ ਹਨ। ਹਾਈਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਪੰਜਾਬ ’ਚ ਕਾਂਗਰਸ ਪਾਰਟੀ ਦਾ ਭੋਗ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ 2008 ਤੋਂ ਯੂਥ ਕਾਂਗਰਸ ਨਾਲ ਜੁੜੇ ਹੋਏ ਹਨ। ਮੋਤੀ ਬਾਗ ਪੈਲੇਸ ਨੇ ਉਨ੍ਹਾਂ ਨੂੰ ਹਮੇਸ਼ਾ ਮਾਣ-ਸਤਿਕਾਰ ਦਿੱਤਾ ਹੈ। ਮਹਾਰਾਣੀ ਪ੍ਰਨੀਤ ਕੌਰ ਨੇ ਹਮੇਸ਼ਾ ਯੂਥ ਵਰਕਰਾਂ ਨੂੰ ਆਪਣੇ ਬੱਚਿਆਂ ਵਾਂਗ ਰੱਖਿਆ। ਉਹ ਅੱਜ ਵੀ ਮਹਾਰਾਣੀ ਪ੍ਰਨੀਤ ਕੌਰ ਅਤੇ ਬੀਬਾ ਜੈਇੰਦਰ ਕੌਰ ਦੇ ਨਾਲ ਡੱਟ ਕੇ ਖੜ੍ਹੇ ਹਨ। ਲਹਿਲ ਬਲਾਕ ਦੇ ਪ੍ਰਧਾਨ ਮਨਸ਼ਿਕ ਗਰਗ ਮਨੀ ਕੂਕਾ ਨੇ ਕਿਹਾ ਕਿ ਕੈ. ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਹੀ ਉਨ੍ਹਾਂ ਦੇ ਆਗੂ ਹਨ। ਜਦੋਂ ਕੈਪਟਨ ਹੀ ਕਾਂਗਰਸੀ ਨਹੀਂ ਰਹੇ ਤਾਂ ਉਨ੍ਹਾਂ ਦਾ ਵੀ ਕਾਂਗਰਸ ਪਾਰਟੀ ਨਾਲ ਕੋਈ ਸਬੰਧ ਨਹੀਂ।

ਇਹ ਵੀ ਪੜ੍ਹੋ : ਜਨਮ ਦਿਨ ਦੀ ਪਾਰਟੀ ’ਚੋਂ ਪਰਤੇ ਹੌਂਡਾ ਕੰਪਨੀ ਦੇ ਮੈਨੇਜਰ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ’ਚ ਮਚਿਆ ਕੋਹਰਾਮ

10 ਦਿਨ ਪਹਿਲਾਂ ਹੀ ਇਨ੍ਹਾਂ ਨੂੰ ਪਾਰਟੀ ’ਚੋਂ ਕੱਢ ਦਿੱਤਾ ਗਿਆ ਸੀ : ਸੰਜੀਵ ਸ਼ਰਮਾ ਕਾਲੂ
ਜ਼ਿਲ੍ਹਾ ਯੂਥ ਕਾਂਗਰਸ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਨੇ ਕਿਹਾ ਕਿ 10 ਦਿਨ ਪਹਿਲਾਂ ਹੀ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰ ਦੇ ਪ੍ਰਧਾਨ ਅਨੁਜ ਖੋਸਲਾ, ਬਲਾਕ ਪ੍ਰਧਾਨ ਮਨੀ ਕੂਕਾ ਅਤੇ ਨਿਖਿਲ ਕੁਮਾਰ ਕਾਕਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਕੇ ਪਾਰਟੀ ’ਚੋਂ ਕੱਢ ਦਿੱਤਾ ਗਿਆ ਸੀ। ਇਸ ਸਬੰਧੀ ਯੂਥ ਕਾਂਗਰਸ ਵੱਲੋਂ ਬਕਾਇਦਾ ਹੁਕਮ ਜਾਰੀ ਕਰ ਦਿੱਤੇ ਗਏ ਸਨ। ਜਦੋਂ ਉਨ੍ਹਾਂ ਨੂੰ ਪਾਰਟੀ ’ਚੋਂ ਕੱਢ ਦਿੱਤਾ ਗਿਆ ਤਾਂ ਹੁਣ ਉਹ ਅਸਤੀਫੇ ਦੇਣ ਦਾ ਡਰਾਮਾ ਰਚ ਰਹੇ ਹਨ। ਸੰਜੀਵ ਸ਼ਰਮਾ ਕਾਲੂ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਸਰਵਉੱਚ ਹੈ। ਪਾਰਟੀ ਨੇ ਇਨ੍ਹਾਂ ਨੂੰ ਮਾਣ-ਸਤਿਕਾਰ ਦਿੱਤਾ ਪਰ ਇਨ੍ਹਾਂ ਨੇ ਪਾਰਟੀ ਦੀ ਪਿੱਠ ’ਚ ਛੁਰਾ ਮਾਰਿਆ। ਉਨ੍ਹਾਂ ਕਿਹਾ ਕਿ ਆਲ ਇੰਡੀਆ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਬਕਾਇਦਾ ਇਲੈਕਸ਼ਨ ਸਿਸਟਮ ਰਾਹੀਂ ਯੂਥ ਕਾਂਗਰਸ ਦੇ ਅਹੁਦੇਦਾਰ ਚੁਣੇ ਸਨ ਪਰ ਇਹ ਲੋਕ ਪਰਿਵਾਰ-ਪ੍ਰਸਤੀ ਦੇ ਅਧੀਨ ਹਨ। ਇਨ੍ਹਾਂ ਲਈ ਪਾਰਟੀ ਦੀ ਬਜਾਏ ਮੋਤੀਬਾਗ ਪੈਲੇਸ ਜ਼ਿਆਦਾ ਉੱਚ ਹੈ। ਇਸ ਮੌਕੇ ਐਡਵੋਕੇਟ ਸੇਵਕ ਸਿੰਘ ਝਿੱਲ, ਐਡਵੋਕੇਟ ਭੁਵੇਸ਼ ਤਿਵਾਡ਼ੀ ਤੇ ਅਮਰਪ੍ਰੀਤ ਸਿੰਘ ਬੌਬੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਇਹ ਵੀ ਪੜ੍ਹੋ : ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਦਿੱਲੀ ਰਵਾਨਾ ਹੋਏ ਸਿੱਧੂ ਮੂਸੇਵਾਲਾ, ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News