ਅਸਿਸਟੈਂਟ ਜ਼ਿਲਾ ਅਟਾਰਨੀ ਦੀ ਪ੍ਰੀਖਿਆ
Monday, Apr 01, 2019 - 04:14 AM (IST)
ਪਟਿਆਲਾ (ਬਲਜਿੰਦਰ)-ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ. ਪੀ. ਐੱਸ. ਸੀ.) ਵੱਲੋਂ ਲਈ ਗਈ ਅਸਿਸਟੈਂਟ ਜ਼ਿਲਾ ਅਟਾਰਨੀ ਦੀ ਪ੍ਰੀਖਿਆ ’ਚੋਂ ਪਟਿਆਲਾ ਦੀ ਸੇਵਕ ਕਾਲੋਨੀ ਦੇ ਅਨਮੋਲ ਨੌਹਰੀਆ ਨੇ ਪੰਜਾਬ ਭਰ ’ਚੋਂ ਚੌਥਾ ਸਥਾਨ ਹਾਸਲ ਕੀਤਾ ਹੈ। ਅਨਮੋਲ ਦੀ ਮਾਤਾ ਸਰਿਤਾ ਨੌਹਰੀਆ ਡਾਇਟ ਨਾਭਾ ਵਿਚ ਇੰਗਲਿਸ਼ ਦੀ ਲੈਚਕਰਾਰ ਅਤੇ ਪਿਤਾ ਅਰਵਿੰਦ ਨੌਹਰੀਆ ਪ੍ਰਸਿੱਧ ਬਿਜ਼ਨੈੱਸਮੈਨ ਹਨ। ਉੱਚ ਸਿੱਖਿਆ ਹਾਸਲ ਇਸ ਪਰਿਵਾਰ ਦੀ ਵੱਡੀ ਬੇਟੀ (ਅਨਮੋਲ ਦੀ ਵੱਡੀ ਭੈਣ) ਨੇਹਾ ਨੌਹਰੀਆ ਨੇ ਸਾਲ 2008 ਵਿਚ ਜੁਡੀਸ਼ੀਅਲ ਦਾ ਪੇਪਰ ਪਾਸ ਕੀਤਾ ਸੀ। ਉਹ ਇਸ ਸਮੇਂ ਹਰਿਆਣਾ ਵਿਖੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਤਾਇਨਾਤ ਹਨ। ਦੂਜੀ ਭੈਣ ਮੇਘਾ ਨੌਹਰੀਆ ਪੇਸ਼ੇ ਤੋਂ ਸੀ. ਏ. ਹੈ। ਅਨਮੋਲ ਦੀ ਸਫਲਤਾ ਤੋਂ ਉਸ ਦਾ ਪੂਰਾ ਪਰਿਵਾਰ ਖੁਸ਼ ਨਜ਼ਰ ਆ ਰਿਹਾ ਸੀ। ਅਨਮੋਲ ਨੌਹਰੀਆ ਨੇ ਦੱਸਿਆ ਕਿ ਉਸ ਨੇ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਪਟਿਆਲਾ ਤੋਂ ਬੀ. ਏ. ਐੈੱਲ. ਐੈੱਲ. ਬੀ. ਦੀ ਪ੍ਰੀਖਿਆ ਪਾਸ ਕੀਤੀ। ਪਹਿਲੀ ਹੀ ਵਾਰ ਪੀ. ਪੀ. ਐੈੱਸ. ਸੀ. ਦੀ ਪ੍ਰੀਖਿਆ ਵਿਚ ਬੈਠੇ ਸਨ। ਉਹ ਸਫਲ ਹੋ ਗਏ। ਅਨਮੋਲ ਨੇ ਦੱਸਿਆ ਕਿ ਉਹ ਰੋਜ਼ਾਨਾ 16 ਤੋਂ 18 ਘੰਟੇ ਤੱਕ ਪਡ਼੍ਹਦਾ ਸੀ। ਖਾਸ ਗੱਲ ਇਹ ਹੈ ਕਿ ਅਨਮੋਲ ਆਪਣੇ ਸਕੂਲ ਸਮੇਂ ਕ੍ਰਿਕਟ ਟੀਮ ਦਾ ਵਧੀਆ ਖਿਡਾਰੀ ਵੀ ਰਿਹਾ ਹੈ। (ਡੱਬੀ) ਬੱਚਿਆਂ ’ਤੇ ਕਦੇ ਵੀ ਕੁਝ ਠੋਸਿਆ ਨਹੀਂ : ਸਰਿਤਾ ਨੌਹਰੀਆ ਅਨਮੋਲ ਨੌਹਰੀਆ ਦੀ ਮਾਤਾ ਸਰਿਤਾ ਨੌਹਰੀਆ ਨੇ ਦੱਸਿਆ ਕਿ ਉਸ ਦੇ ਤਿੰਨੋਂ ਬੱਚੇ ਵੱਡੀਆਂ ਪੋਸਟਾਂ ’ਤੇ ਪਹੁੰਚ ਚੁੱਕੇ ਹਨ। ਉਨ੍ਹਾਂ ਨੇ ਕਦੇ ਵੀ ਆਪਣੇ ਬੱਚਿਆਂ ’ਤੇ ਕੁਝ ਠੋਸਿਆ ਨਹੀਂ, ਸਗੋਂ ਘਰ ਵਿਚ ਸਿੱਖਿਆ ਦਾ ਮਾਹੌਲ ਬਣਾਇਆ। ਬੱਸ ਇੰਨਾ ਜ਼ਰੂਰ ਕਿਹਾ ਜਾਂਦਾ ਸੀ ਕਿ ਜਿਹਡ਼ਾ ਵੀ ਕੰਮ ਕਰਨਾ ਹੈ, ਉਹ ਪੂਰਾ ਮਨ ਲਾ ਕੇ ਕਰਨਾ ਹੈ। ਉਨ੍ਹਾਂ ਦੱਸਿਆ ਕਿ ਉਹ ਖੁਦ ਵੀ ਟੀਚਰ ਹਨ। ਆਪਣੇ ਸਟੂਡੈਂਟਸ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪਡ਼੍ਹਾਉਂਦੇ ਹਨ। ਅਨਮੋਲ ਦੇ ਪਰਿਵਾਰ ਵਿਚ ਉਸ ਦੀ ਮਾਤਾ, ਪਿਤਾ ਅਤੇ ਭੈਣ ਤੋਂ ਇਲਾਵਾ ਦਾਦੀ ਮਾਤਾ ਰਮਾ ਨੌਹਰੀਆ ਵੀ ਹਨ। ਉਹ ਖੁਦ ਸਰਕਾਰੀ ਸਕੂਲ ਤੋਂ ਪ੍ਰਿੰਸੀਪਲ ਸੇਵਾ-ਮੁਕਤ ਹਨ।
