ਠੰਡ ਤੇ ਮੀਂਹ ਦੇ ਮੌਸਮ ’ਚ ਬੱਚਿਆਂ ਨਾਲ ਤਰਪਾਲ ’ਚ ਰਹਿੰਦੀ ਔਰਤ ਲਈ ਮਸੀਹਾ ਬਣੇ ਓਬਰਾਏ

01/29/2020 5:09:06 PM

ਪਟਿਆਲਾ (ਇੰਦਰਜੀਤ, ਰਾਜੇਸ਼) - ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ.ਐੱਸ.ਪੀ. ਸਿੰਘ ਓਬਰਾਏ ਇਕ ਵਾਰ ਫੇਰ ਗਰੀਬ ਅਤੇ ਮਜ਼ਲੂਮ ਦੀ ਮਦਦ ਲਈ ਅਗੇ ਆਏ ਹਨ। ਪਟਿਆਲਾ ਜ਼ਿਲਾ ਦੇ ਸਨੌਰ ਹਲਕੇ ਦੇ ਮੀਰਾਂਪੁਰ ਪਿੰਡ ਵਿਖੇ ਇਕ ਗ਼ਰੀਬ ਔਰਤ, ਜੋ ਆਪਣੀਆਂ 3 ਕੁੜੀਆਂ ਅਤੇ 1 ਮੁੰਡੇ ਨਾਲ ਤਰਪਾਲ ’ਚ ਰਹਿ ਕੇ ਗੁਜ਼ਾਰਾ ਕਰ ਰਹੀ ਹੈ, ਦਾ ਮਕਾਨ ਬਣਾ ਕੇ ਦੇਣ ਦਾ ਫੈਸਲਾ ਕੀਤਾ ਹੈ । ਪਿੰਡ ਦੀ ਸ਼ਾਮਲਾਟ ’ਚ ਔਰਤ ਦਾ ਮਕਾਨ ਬਣਾਉਣ ਲਈ ਪਿੰਡ ਦੀ ਪੰਚਾਇਤ ਨੇ ਡਾ. ਓਬਰਾਏ ਕੋਲ ਗੁਹਾਰ ਲਾਈ ਸੀ । ਪੰਚਾਇਤ ਦੇ ਸੱਦੇ ’ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਟੀਮ ਨੇ ਡਾ.ਐੱਸ.ਪੀ. ਸਿੰਘ ਦੀ ਅਗਵਾਈ ’ਚ ਪਿੰਡ ਦਾ ਦੌਰਾ ਕੀਤਾ, ਜਿਸ ਸਮੇਂ ਟਰੱਸਟ ਦੀ ਟੀਮ ਸਣੇ ਟਰੱਸਟ ਦੇ ਰਾਸ਼ਟਰੀ ਪ੍ਰਧਾਨ ਜੱਸਾ ਸਿੰਘ ਸੰਧੂ ਅਤੇ ਸਕੱਤਰ ਗਗਨਦੀਪ ਆਹੂਜਾ ਡਾ. ਓਬਰਾਏ ਨਾਲ ਰਹੇ। 

ਮੌਕੇ ’ਤੇ ਜਾ ਕੇ ਟੀਮ ਨੇ ਵੇਖਿਆ ਕਿ ਔਰਤ ਪਿਛਲੇ ਕਾਫ਼ੀ ਸਮੇਂ ਤੋਂ ਤਰਪਾਲ ਹੇਠ ਰਹਿ ਰਹੀ ਹੈ। ਬਰਸਾਤ ਅਤੇ ਠੰਢ ਦੇ ਮੌਸਮ ’ਚ ਉਸ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਤੋਂ ਬਾਅਦ ਡਾ.ਓਬਰਾਏ ਨੇ ਪਰਮਜੀਤ ਕੌਰ ਦਾ ਮਕਾਨ 3 ਮਹੀਨਿਆਂ ’ਚ ਬਣਾ ਕੇ ਦੇਣ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਪਰਮਜੀਤ ਕੌਰ ਦਾ ਮਾਮਾ, ਜੋ ਨਾਲ ਹੀ ਇਕ ਕਮਰੇ ’ਚ ਰਹਿੰਦਾ ਹੈ, ਉਸ ਕਮਰੇ ਨੂੰ ਵੀ ਮੁੜ ਉਸਾਰਿਆ ਜਾਵੇਗਾ। ਦੱਸ ਦੇਈਏ ਕਿ ਪਰਮਜੀਤ ਦਾ ਵਿਆਹ 14 ਸਾਲ ਪਹਿਲਾਂ ਯੂ.ਪੀ. ਦੇ ਖ਼ਜਾਨਪੁਰ ’ਚ ਹੋਇਆ ਸੀ। ਡਰਾਈਵਰ ਦੀ ਨੌਕਰੀ ਕਰ ਰਿਹਾ ਉਸ ਦਾ ਪਤੀ ਕਈ ਸਾਲਾ ਤੋਂ ਘਰ ਨਹੀਂ ਆਇਆ, ਜਿਸ ਕਾਰਨ ਪਰਮਜੀਤ ਆਪਣੀ ਮਾਂ ਦੇ ਘਰ ਚੱਲੀ ਗਈ। ਮਾੜੇ ਹਾਲਾਤਾਂ ’ਚ ਉਹ ਆਪਣੀ ਮਾਂ ਨਾਲ ਰਹਿਣ ਲੱਗ ਪਈ। ਪਰਮਜੀਤ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਪਾਲ ਰਹੀ ਹੈ।

ਟਰੱਸਟ ਵਲੋਂ ਪਰਮਜੀਤ ਨੂੰ ਮਹੀਨਾਵਾਰ ਪੈਨਸ਼ਨ ਲਾਈ ਗਈ, ਜਿਸ ’ਚ ਡਾ. ਓਬਰਾਏ ਨੇ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਵਾਧਾ ਕਰਨ ਦਾ ਐਲਾਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਦੇ ਮੋਹਤਬਰ ਵਿਅਕਤੀ ਸੁਖਦੇਵ ਸਿੰਘ, ਰਾਵਿਦੀਪ ਸੰਧੂ ਆਦਿ ਮੌਜੂਦ ਸਨ, ਜਿਨਾਂ ਨੇ ਓਬਰਾਏ ਦੇ ਇਸ ਉਪਰਾਲੇ ਦਾ ਧੰਨਵਾਦ ਕੀਤਾ ।


rajwinder kaur

Content Editor

Related News