24 ਘੰਟਿਆਂ ਤੋਂ ਹਾਈ-ਵੋਲਟੇਜ ਬਿਜਲੀ ਟਾਵਰ ’ਤੇ ਬੈਠੇ ਬਜ਼ੁਰਗ ਨੇ ਹੇਠਾਂ ਉਤਰਨ ਤੋਂ ਕੀਤਾ ਇਨਕਾਰ
Wednesday, Aug 26, 2026 - 03:13 PM (IST)
ਪਠਾਨਕੋਟ (ਹਰਜਿੰਦਰ ਸਿੰਘ ਗੋਰਾਇਆ)– ਆਪਣੀਆਂ ਮੰਗਾਂ ਨੂੰ ਲੈ ਕੇ ਪਠਾਨਕੋਟ ਜ਼ਿਲ੍ਹੇ ਦੇ ਮਾਧੋਪੁਰ ਸਥਿਤ ਡਿਪਟੀ ਕਮਿਸ਼ਨਰ (ਡੀ.ਸੀ.) ਦੀ ਰਿਹਾਇਸ਼ ਨੇੜੇ ਇਕ ਬਜ਼ੁਰਗ ਵੱਲੋਂ ਹਾਈ-ਵੋਲਟੇਜ ਬਿਜਲੀ ਦੇ ਟਾਵਰ ’ਤੇ ਚੜ੍ਹ ਕੇ ਦਿੱਤਾ ਜਾ ਰਿਹਾ ਧਰਨਾ 24 ਘੰਟਿਆਂ ਬਾਅਦ ਵੀ ਜਾਰੀ ਰਿਹਾ। ਕਰੀਬ 200 ਫੁੱਟ ਉੱਚੇ ਬਿਜਲੀ ਦੇ ਟਾਵਰ ’ਤੇ ਬੈਠੇ ਬਜ਼ੁਰਗ ਨੇ ਸਪੱਸ਼ਟ ਕਰ ਦਿੱਤਾ ਕਿ ਜਦੋਂ ਤੱਕ ਉਸ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਹ ਹੇਠਾਂ ਨਹੀਂ ਉਤਰੇਗਾ।
ਮਿਲੀ ਜਾਣਕਾਰੀ ਅਨੁਸਾਰ ਬਜ਼ੁਰਗ ਨੂੰ ਟਾਵਰ ਤੋਂ ਹੇਠਾਂ ਉਤਾਰਨ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਧਿਕਾਰੀਆਂ ਵੱਲੋਂ ਉਸ ਨੂੰ ਮੰਗਾਂ ’ਤੇ ਵਿਚਾਰ ਕਰਨ ਅਤੇ ਹੱਲ ਦਾ ਭਰੋਸਾ ਵੀ ਦਿੱਤਾ ਗਿਆ, ਪਰ ਬਜ਼ੁਰਗ ਨੇ ਅਧਿਕਾਰੀਆਂ ਦੇ ਭਰੋਸੇ ’ਤੇ ਵੀ ਹੇਠਾਂ ਉਤਰਨ ਤੋਂ ਇਨਕਾਰ ਕਰ ਦਿੱਤਾ।
ਬਜ਼ੁਰਗ ਦੇ ਟਾਵਰ ’ਤੇ ਬੈਠੇ ਹੋਣ ਕਾਰਨ ਮੌਕੇ ’ਤੇ ਹਲਚਲ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਸ਼ਾਸਨ ਵੱਲੋਂ ਉਸ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਉਸ ਨੂੰ ਸੁਰੱਖਿਅਤ ਤਰੀਕੇ ਨਾਲ ਹੇਠਾਂ ਉਤਾਰਨ ਲਈ ਯਤਨ ਕੀਤੇ ਜਾ ਰਹੇ ਹਨ। ਉੱਚ-ਵੋਲਟੇਜ ਬਿਜਲੀ ਟਾਵਰ ’ਤੇ ਇਸ ਤਰ੍ਹਾਂ ਬੈਠਣਾ ਬੇਹੱਦ ਖਤਰਨਾਕ ਹੋਣ ਕਾਰਨ ਪ੍ਰਸ਼ਾਸਨ ਅਤੇ ਪਰਿਵਾਰਕ ਮੈਂਬਰਾਂ ਦੀ ਚਿੰਤਾ ਵੀ ਵਧੀ ਹੋਈ ਹੈ।
ਬਜ਼ੁਰਗ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਸਬੰਧੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ, ਪਰ ਹਾਲੇ ਤੱਕ ਕੋਈ ਠੋਸ ਹੱਲ ਨਹੀਂ ਨਿਕਲਿਆ। ਉਸ ਨੇ ਕਿਹਾ ਕਿ ਸਿਰਫ਼ ਭਰੋਸਿਆਂ ਨਾਲ ਉਹ ਹੇਠਾਂ ਨਹੀਂ ਉਤਰੇਗਾ ਅਤੇ ਮੰਗਾਂ ਪੂਰੀਆਂ ਹੋਣ ਤੋਂ ਬਾਅਦ ਹੀ ਟਾਵਰ ਤੋਂ ਹੇਠਾਂ ਆਵੇਗਾ। ਮਾਮਲਾ ਇਸ ਸਮੇਂ ਪ੍ਰਸ਼ਾਸਨ ਲਈ ਗੰਭੀਰ ਚੁਣੌਤੀ ਬਣਿਆ ਹੋਇਆ ਹੈ।
