ਕੋਵਿਡ ਟੀਕਾਕਰਨ ਦੇ ਮਾਮਲੇ ’ਚ ਪੰਜਾਬ ’ਚ ਪਠਾਨਕੋਟ ਮੋਹਰੀ
Tuesday, Apr 20, 2021 - 11:48 PM (IST)
ਚੰਡੀਗੜ੍ਹ (ਸ਼ਰਮਾ)- ਜ਼ਿਲਾ ਪਠਾਨਕੋਟ ਪੰਜਾਬ ਭਰ ਵਿਚ ਸਭ ਤੋਂ ਵੱਧ ਲਾਭਪਾਤਰੀਆਂ ਦਾ ਕੋਵਿਡ -19 ਟੀਕਾਕਰਨ ਕਰਵਾ ਕੇ ਮੋਹਰੀ ਰਿਹਾ ਹੈ। ਇਹ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਜ਼ਿਲਾ ਹਸਪਤਾਲ, ਮੋਹਾਲੀ ਵਿਖੇ ਕੋਵਿਡ-19 ਟੀਕੇ ਦੀ ਦੂਜੀ ਖੁਰਾਕ ਲੈਣ ਤੋਂ ਬਾਅਦ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈ. ਅਮਰਿੰਦਰ ਸਿੰਘ ਨੇ ਪਹਿਲਾਂ ਹੀ ਭਾਰਤ ਸਰਕਾਰ ਨਾਲ ਵਰਚੁਅਲ ਮੀਟਿੰਗ ਦੌਰਾਨ ਪੰਜਾਬ ਵਿਚ ਕੋਵਿਡ-19 ਟੀਕੇ ਦੀ ਘਾਟ ਅਤੇ ਟੀਕੇ ਦੀ ਤੁਰੰਤ ਸਪਲਾਈ ਦਾ ਮੁੱਦਾ ਚੁੱਕਿਆ ਹੈ। ਇਸ ਦੇ ਨਾਲ ਹੀ ਸੂਬੇ ਨੂੰ ਵਧਦੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਆਕਸੀਜ਼ਨ ਭੰਡਾਰਾਂ ਵਿਚ ਆ ਰਹੀ ਆਕਸੀਜ਼ਨ ਦੀ ਕਮੀ ਕਾਰਨ ਸੂਬੇ ਵਿਚ ਦੋ ਨਵੇਂ ਆਕਸੀਜਨ ਪਲਾਂਟਾਂ ਲਈ ਫੌਰੀ ਪ੍ਰਵਾਨਗੀ ਦੀ ਵੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ’ਚ ਕੋਰੋਨਾ ਨੇ ਮਾਤਮ ’ਚ ਬਦਲੀਆਂ ਵਿਆਹ ਦੀਆਂ ਖ਼ੁਸ਼ੀਆਂ, ਪੰਜ ਦਿਨਾਂ ’ਚ ਮਾਂ-ਪੁੱਤ ਦੀ ਮੌਤ
ਮੰਤਰੀ ਨੇ ਕਿਹਾ ਕਿ ਸਥਿਤੀ ਚਿੰਤਾਜਨਕ ਹੈ ਸੂਬੇ ਕੋਲ ਟੀਕੇ ਦਾ ਸਿਰਫ਼ ਇਕ ਦਿਨ ਦਾ ਭੰਡਾਰ ਬਚਿਆ ਹੈ ਜਦੋਂ ਕਿ ਕੇਂਦਰ ਸਰਕਾਰ ਨੇ 1 ਮਈ, 2021 ਤੋਂ 18 ਸਾਲ ਤੋਂ ਵੱਧ ਉਮਰ ਦੀ ਸਾਰੀ ਆਬਾਦੀ ਨੂੰ ਟੀਕੇ ਲਗਾਉਣ ਦਾ ਐਲਾਨ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਸਿਹਤ ਦਾ ਮਜਬੂਤ ਬੁਨਿਆਦੀ ਢਾਂਚਾ ਹੈ ਅਤੇ 3000 ਤੋਂ ਵੱਧ ਸਰਕਾਰੀ ਸਿਹਤ ਕੇਂਦਰ ਵਿਚ ਇਕ ਦਿਨ ਦੌਰਾਨ ਘੱਟੋ- ਘੱਟ 3 ਲੱਖ ਮਰੀਜਾਂ ਨੂੰ ਟੀਕੇ ਲਗਾਉਣ ਲਈ ਸਮਰੱਥਾ ਹੈ ਪਰ ਭਾਰਤ ਸਰਕਾਰ ਵਲੋਂ ਟੀਕੇ ਦੀ ਘੱਟ ਸਪਲਾਈ ਹੋਣ ਕਰਕੇ ਪੰਜਾਬ ਸਰਕਾਰ ਰੋਜ਼ਾਨਾ 2 ਲੱਖ ਵਿਅਕਤੀਆਂ ਦੇ ਟੀਕਾਕਰਨ ਦਾ ਟੀਚਾ ਪ੍ਰਾਪਤ ਕਰਨ ਵਿਚ ਅਸਮਰੱਥ ਹੈ।
ਹੁਣ ਤੱਕ ਲਗਭਗ 23.4 ਲੱਖ ਵਿਅਕਤੀਆਂ ਨੂੰ ਕੋਵਿਡ -19 ਦਾ ਟੀਕਾ ਲਗਾਇਆ ਗਿਆ ਹੈ, ਜਿਸ ਤਹਿਤ 1,69,268 ਹੈਲਥ ਕੇਅਰ ਵਰਕਰਾਂ ਨੂੰ ਪਹਿਲੀ ਖੁਰਾਕ, 81,104 ਹੈਲਥ ਕੇਅਰ ਵਰਕਰ ਨੂੰ ਦੂਜੀ ਖੁਰਾਕ, 3,14,427 ਫਰੰਟਲਾਈਨ ਯੋਧਿਆਂ ਨੂੰ ਪਹਿਲੀ ਖੁਰਾਕ ਅਤੇ 72,845 ਫਰੰਟ ਲਾਈਨ ਯੋਧਿਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। ਇਸੇ ਤਰ੍ਹਾਂ 45 ਤੋਂ ਵੱਧ ਉਮਰ ਦੇ 18,63,111 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਅਤੇ 90,172 ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਕਹਿਰ ਦਰਮਿਆਨ ਪੰਜਾਬ ’ਚ ਐਤਵਾਰ ਨੂੰ ਲਾਕ ਡਾਊਨ, ਸਿਨੇਮਾ-ਜਿੰਮ ਬੰਦ, ਲੱਗੀਆਂ ਨਵੀਂਆਂ ਪਾਬੰਦੀਆਂ
ਉਨ੍ਹਾਂ ਦੱਸਿਆ ਕਿ ਕੋਵਿਡ-19 ਦੇ ਇਲਾਜ ਅਤੇ ਪ੍ਰਬੰਧਨ ਸੇਵਾਵਾਂ ਨੂੰ ਮਜਬੂਤ ਕਰਨ ਲਈ ਸੂਬਾ ਸਰਕਾਰ ਨੇ 16 ਹੋਰ ਨਿੱਜੀ ਹਸਪਤਾਲਾਂ ਦੀ ਸ਼ਨਾਖਤ ਕੀਤੀ ਹੈ, ਜਿੱਥੇ ਗੰਭੀਰ ਤੌਰ ’ਤੇ ਪ੍ਰਭਾਵਿਤ ਮਰੀਜ਼ਾਂ ਲਈ ਟਰਸ਼ਰੀ ਪੱਧਰ ਦੀਆਂ ਸਹੂਲਤਾਂ ਉਪਲੱਬਧ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਲੋੜੀਂਦੇ ਐੱਲ-2, ਐੱਲ-3 ਅਤੇ ਵੈਂਟੀਲੇਟਰਾਂ ਵਾਲੇ ਬੈੱਡ ਮੌਜੂੂਦ ਹਨ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਲਈ ਕੋਵਿਡ-19 ਸਬੰਧੀ ਲੋੜੀਂਦੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਅਤੇ ਸਰਕਾਰ ਵਲੋਂ ਸਰਕਾਰੀ ਕੇਂਦਰਾਂ ਵਿਚ ਕੀਤੇ ਜਾ ਰਹੇ ਮੁਫ਼ਤ ਕੋਵਿਡ-19 ਟੀਕਾਕਰਣ ਦਾ ਵੱਧ ਤੋਂ ਵੱਧ ਲਾਭ ਲੈਣ।
ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।