ਹਾਈ ਅਲਰਟ 'ਤੇ ਪਠਾਨਕੋਟ, ਵੱਡੀ ਗਿਣਤੀ 'ਚ ਪੁਲਸ ਤਾਇਨਾਤ
Saturday, Aug 03, 2019 - 10:39 AM (IST)
ਪਠਾਨਕੋਟ (ਧਰਮਿੰਦਰ ਠਾਕੁਰ) : ਜੰਮੂ ਕਸ਼ਮੀਰ ਵਿਚ ਅਮਰਨਾਥ ਯਾਤਰਾ ਨੂੰ ਰੋਕੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਵੀ ਚੌਕਸ ਹੋ ਗਈ ਹੈ, ਜਿਸ ਦੇ ਚੱਲਦੇ ਪਠਾਨਕੋਟ ਨੂੰ ਹਾਈ ਅਲਰਟ 'ਤੇ ਰੱਖ ਦਿੱਤਾ ਗਿਆ ਹੈ। ਵੱਡੀ ਗਿਣਤੀ ਵਿਚ ਪੁਲਸ ਪਠਾਨਕੋਟ ਵਿਚ ਤਾਇਨਾਤ ਹੈ ਤੇ ਨਾਕਿਆਂ 'ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਜੰਮੂ ਕਸ਼ਮੀਰ ਨਾਲ ਲੱਗਦੀਆਂ ਪੰਜਾਬ ਦੀਆਂ ਹੱਦਾਂ 'ਤੇ ਚੌਕਸੀ ਵਧਾ ਦਿੱਤੀ ਗਈ ਹੈ ਤੇ ਅਮਰਨਾਥ ਯਾਤਰਾ ਲਈ ਜਾ ਰਹੇ ਸ਼ਰਧਾਲੂਆਂ ਨੂੰ ਵੀ ਰੋਕ ਦਿੱਤਾ ਗਿਆ ਹੈ। ਪੁਲਸ ਚੱਪੇ-ਚੱਪੇ ਦਾ ਜਾਇਜ਼ਾ ਲੈ ਰਹੀ ਹੈ। ਉੱਧਰ ਅਮਰਨਾਥ ਯਾਤਰਾ ਰੋਕੇ ਜਾਣ ਨੂੰ ਲੈ ਕੇ ਸ਼ਰਧਾਲੂਆਂ 'ਚ ਨਿਰਾਸ਼ਾ ਹੈ। ਉਹ ਪੰਜਾਬ ਸਰਕਾਰ ਨੂੰ ਬੇਨਤੀ ਕਰ ਰਹੇ ਹਨ ਕਿ ਯਾਤਰਾ ਨੂੰ ਮੁੜ ਸ਼ੁਰੂ ਕੀਤਾ ਜਾਵੇ।
ਪੁਲਸ ਵਲੋਂ ਸ਼ਰਧਾਲੂਆਂ ਦੇ ਠਹਿਰਣ ਦਾ ਉੱਚਿਤ ਪ੍ਰਬੰਧ ਕਰ ਦਿੱਤਾ ਗਿਆ ਹੈ। ਇੱਥੇ ਦੱਸ ਦੇਈਏ ਕਿ ਭਾਰਤ ਸਰਕਾਰ ਨੇ ਅੱਤਵਾਦੀ ਹਮਲੇ ਦੀ ਖਦਸ਼ੇ ਦੇ ਚੱਲਦੇ ਅਮਰਨਾਥ ਸ਼ਰਧਾਲੂਆਂ ਨੂੰ ਜੰਮ-ਕਸ਼ਮੀਰ ਤੋਂ ਵਾਪਸ ਆਉਣ ਲਈ ਕਿਹਾ ਹੈ। ਬੀਤੇ ਦਿਨੀਂ ਕਸ਼ਮੀਰ 'ਚ 10 ਹਜ਼ਾਰ ਜਵਾਨਾਂ ਦੀ ਤਾਇਨਾਤੀ ਨੇ ਵੀ ਲੋਕਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ।