ਫਿਜ਼ੀਕਲ ਐਜੂਕੇਸ਼ਨ ਵਿਸ਼ੇ ’ਚੋਂ 4 ਅੰਕ ਲੈਣ ਵਾਲਾ ਹੋਵੇਗਾ ਪਾਸ

Saturday, Feb 08, 2020 - 01:18 AM (IST)

ਫਿਜ਼ੀਕਲ ਐਜੂਕੇਸ਼ਨ ਵਿਸ਼ੇ ’ਚੋਂ 4 ਅੰਕ ਲੈਣ ਵਾਲਾ ਹੋਵੇਗਾ ਪਾਸ

ਪਟਿਆਲਾ (ਪ੍ਰਤਿਭਾ)-ਹਰ ਸਾਲ ਸਰਕਾਰੀ ਸਕੂਲਾਂ ਦੇ ਨਤੀਜੇ ਵਧੀਆ ਨਾ ਆਉਣ ਕਾਰਣ ਹੋਣ ਵਾਲੀ ਕਿਰਕਿਰੀ ਤੋਂ ਬਚਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵਿਦਿਆਰਥੀਆਂ ਨੂੰ ਰਾਹਤ ਦੇਣ ਲਈ ਨਵੇਂ-ਨਵੇਂ ਪੈਂਤਰੇ ਅਪਣਾ ਰਿਹਾ ਹੈ। ਇਨ੍ਹਾਂ ਫੈਸਲਿਆਂ ਵਿਚ ਹੁਣ 8ਵੀਂ ਅਤੇ 10ਵੀਂ ਦੇ ਵਿਦਿਆਰਥੀਆਂ ਨੂੰ ਵਧੀਆ ਲਿਖਾਈ ਲਈ 5 ਅੰਕ ਮਿਲਣਗੇ। 12ਵੀਂ ਦੇ ਪੰਜਾਬੀ ਅਤੇ ਅੰਗਰੇਜ਼ੀ ਵਿਸ਼ੇ ਵਿਚ ਸੁੰਦਰ ਲਿਖਾਈ ਲਈ 5 ਅੰਕ ਹੋਣਗੇ। ਇਹ ਅੰਕ ਗਣਿਤ ਵਿਸ਼ੇ ਲਈ ਨਹੀਂ ਹੋਣਗੇ। ਇਸ ਤੋਂ ਇਲਾਵਾ ਸੀ. ਬੀ. ਐੱਸ. ਈ. ਦੀ ਤਰਜ਼ ’ਤੇ ਕਈ ਬਦਲਾਅ ਹੋਏ ਹਨ। ਇਸ ਨਾਲ ਜਿਥੇ ਪਾਸ ਦਰ ਨੂੰ ਲਗਾਤਾਰ ਘਟਾਇਆ ਜਾ ਰਿਹਾ ਹੈ, ਉਥੇ ਹੀ ਨਵੀਂ ਸੋੋਧ ਵੀ ਕੀਤੀ ਜਾ ਰਹੀ ਹੈ। ਇਸ ਵਿਚ ਸੁੰਦਰ ਲਿਖਾਈ ਲਈ ਨੰਬਰ ਦਿੱਤੇ ਜਾਣੇ ਅਤੇ ਫਿਜ਼ੀਕਲ ਐਜੂਕੇਸ਼ਨ ਦੀ ਥਿਊਰੀ ਦੇ ਨੰਬਰ 30 ਤੋਂ 20 ਕੀਤਾ ਜਾਣਾ ਸ਼ਾਮਲ ਹੈ।

ਸਿੱਖਿਆ ਮਾਹਿਰਾਂ ਦੀ ਮੰਨੀ ਜਾਵੇ ਤਾਂ ਇਸ ਨਾਲ ਨਤੀਜੇ ਵਧੀਆ ਹੋ ਸਕਦੇ ਹਨ। ਵਿਦਿਆਰਥੀ ਦੀ ਯੋਗਤਾ ਘੱਟ ਹੁੰਦੀ ਜਾਵੇਗੀ। ਇਸੇ ਤਰ੍ਹਾਂ ਕਈ ਸੋਧਾਂ ਸਬੰਧੀ ਬੋਰਡ ਦੇ ਡਾਇਰੈਕਟਰ ਅਕਾਦਮਿਕ ਅਤੇ ਹੋਰ ਵਿਸ਼ੇ ਮਾਹਿਰਾਂ ਦੀ ਇਕ ਮੀਟਿੰਗ ਮੋਹਾਲੀ ਵਿਚ ਹੋਈ। ਇਸ ਵਿਚ ਸੌ ਫੀਸਦੀ ਨਤੀਜੇ ਹਾਸਲ ਕਰਨ ਸਮੇਤ 2020 ਦੇ ਸਿਲੇਬਸ ਵਿਚ ਬਦਲਾਅ ਸਬੰਧੀ ਚਰਚਾ ਹੋਈ। ਜਾਣਕਾਰੀ ਅਨੁਸਾਰ ਫਿਜ਼ੀਕਲ ਐਜੂਕੇਸ਼ਨ ਦੇ ਥਿਊਰੀ ਦੇ 20 ਨੰਬਰਾਂ ਵਿਚੋਂ 4 ਅੰਕ ਲੈਣ ਵਾਲਾ ਵਿਦਿਆਰਥੀ ਵੀ ਪਾਸ ਹੋਵੇਗਾ।

ਹੁਣ ਇਕ ਹੀ ਭਾਸ਼ਾ ਲੈ ਸਕਦੇ ਹਨ 12ਵੀਂ ਦੇ ਵਿਦਿਆਰਥੀ
ਸੀ. ਬੀ. ਐੱਸ. ਈ. ਦੀ ਤਰਜ਼ ’ਤੇ ਫੈਸਲਾ ਲੈਂਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਨੂੰ ਰਾਹਤ ਦਿੱਤੀ ਹੈ। ਨਵੇਂ ਸੈਸ਼ਨ ਤੋਂ 12ਵੀਂ ਵਿਚ ਇਕ ਹੀ ਭਾਸ਼ਾ ਨੂੰ ਜ਼ਰੂਰੀ ਕਰ ਦਿੱਤਾ ਹੈ। ਪਹਿਲਾਂ ਜਿਥੇ 12ਵੀਂ ਦੇ ਵਿਦਿਆਰਥੀ ਪੰਜਾਬੀ ਅਤੇ ਅੰਗਰੇਜ਼ੀ ਕੰਪੱਲਸਰੀ ਵਿਸ਼ੇ ਵਜੋਂ ਪਡ਼੍ਹ ਰਹੇ ਸਨ, ਹੁਣ ਉਹ ਪੰਜਾਬੀ ਅਤੇ ਅੰਗਰੇਜ਼ੀ ਵਿਚੋਂ ਇਕ ਹੀ ਭਾਸ਼ਾ ਚੁਣ ਸਕਦੇ ਹਨ। ਇਹ ਆਰਟਸ ਦੇ ਵਿਦਿਆਰਥੀਆਂ ਲਈ ਹੈ।
ਸਾਇੰਸ ਦੇ ਵਿਦਿਆਰਥੀ ਆਪਸ਼ਨਲ ਫਿਜ਼ੀਕਲ ਐਜੂਕੇਸ਼ਨ ਚੁਣ ਸਕਦੇ ਹਨ।

12ਵੀਂ ਸਾਇੰਸ ਦੇ ਵਿਦਿਆਰਥੀਆਂ ਲਈ ਵੀ ਆਪਸ਼ਨ ਦਿੱਤੀ ਗਈ ਹੈ। ਇਸ ਵਿਚ ਉਹ ਫਿਜ਼ਿਕਸ ਅਤੇ ਕੈਮਿਸਟਰੀ ਵਿਚੋਂ ਇਕ ਵਿਸ਼ੇ ਨਾਲ ਫਿਜ਼ੀਕਲ ਐਜੂਕੇਸ਼ਨ ਆਪਸ਼ਨ ਵਜੋਂ ਚੁਣ ਸਕਦੇ ਹਨ। ਪਹਿਲਾਂ ਫਿਜ਼ਿਕਸ ਅਤੇ ਕੈਮਿਸਟਰੀ ਜ਼ਰੂਰੀ ਵਿਸ਼ੇ ਸਨ। ਇਸ ਨੂੰ ਵੀ ਸੀ. ਬੀ. ਐੱਸ. ਈ. ਪੈਟਰਨ ’ਤੇ ਹੀ ਤਿਆਰ ਕੀਤਾ ਗਿਆ ਹੈ। ਹੁਣ ਸਾਇੰਸ ਦੇ ਵਿਦਿਆਰਥੀ ਫਿਜ਼ੀਕਲ ਐਜੂਕੇਸ਼ਨ ਦਾ ਵਿਸ਼ਾ ਲੈ ਕੇ ਨੰਬਰਾਂ ਵਿਚ ਹੋਰ ਵੀ ਵਾਧਾ ਕਰ ਸਕਦੇ ਹਨ।


author

Sunny Mehra

Content Editor

Related News