ਕੈਪਟਨ ਨੇ ਵਾਅਦੇ ਪੂਰੇ ਨਾ ਕੀਤੇ ਤਾਂ ਬਾਦਲਾਂ ਨਾਲੋਂ ਵੀ ਹੋਵੇਗਾ ਬੁਰਾ ਹਾਲ : ਬਾਜਵਾ (ਵੀਡੀਓ)

09/11/2019 10:03:18 AM

ਜਲੰਧਰ — ਪੰਜਾਬ ਦੇ ਸਾਬਕਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਮੁੱਦੇ ਉਠਾਉਂਦੇ ਹੋਏ ਕੈਪਟਨ ਸਰਕਾਰ 'ਤੇ ਜੰਮ ਕੇ ਵਰ੍ਹੇ। ਉਨ੍ਹਾਂ ਕਿਹਾ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਚੋਣ ਰੈਲੀਆਂ 'ਚ ਕੈਪਟਨ ਅਮਰਿੰਦਰ ਸਿੰਘ ਨੇ ਜੋ ਗੁਟਕਾ ਸਾਹਿਬ ਹੱਥ 'ਚ ਫੜ ਕੇ ਪੰਜਾਬੀਆਂ ਦੇ ਸਾਹਮਣੇ ਸਹੁੰ ਖਾਧੀ ਸੀ ਕਿ ਉਹ ਸੱਤਾ 'ਚ ਆਉਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਹਰ ਹਾਲਤ 'ਚ ਸੀਖਾਂ ਪਿੱਛੇ ਡੱਕਣਗੇ, ਉਹ ਹੁਣ ਤੱਕ ਪੂਰਾ ਨਹੀਂ ਕਰ ਸਕੇ। ਸਰਕਾਰ ਦੇ ਕਾਰਜਕਾਲ ਨੂੰ ਢਾਈ ਸਾਲ ਬੀਤ ਗਏ ਹਨ। ਜੇਕਰ ਹੁਣ ਵੀ ਕੈਪਟਨ ਸਰਕਾਰ ਨੇ ਕੁਝ ਨਾ ਕੀਤਾ ਤਾਂ ਆਉਣ ਵਾਲੇ ਸਮੇਂ 'ਚ ਕਾਂਗਰਸ ਦਾ ਹਾਲ ਬਾਦਲਾਂ ਨਾਲੋਂ ਵੀ ਬੁਰਾ ਹੋਵੇਗਾ। 'ਪੰਜਾਬ ਕੇਸਰੀ' ਅਤੇ 'ਜਗ ਬਾਣੀ' ਨਾਲ ਵਿਸ਼ੇਸ਼ ਇੰਟਰਵਿਊ 'ਚ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਨੇ ਉਨ੍ਹਾਂ ਨਾਲ ਕਈ ਸਿਆਸੀ ਅਤੇ ਪੰਜਾਬ ਦੇ ਮੁੱਦਿਆਂ 'ਤੇ ਗੱਲਬਾਤ ਕੀਤੀ।

ਢਾਈ ਸਾਲ 'ਚ ਵੀ ਕਾਂਗਰਸ ਦੇ ਵਾਅਦੇ ਵਫਾ ਨਹੀਂ ਹੋਏ
ਇਸ ਦਾ ਜਵਾਬ ਮੁੱਖ ਮੰਤਰੀ ਹੀ ਦੇ ਸਕਦੇ ਹਨ, ਕਿਉਂਕਿ ਤਲਵੰਡੀ ਸਾਬੋ 'ਚ ਉਨ੍ਹਾਂ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਂਦੇ ਹੋਏ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੂੰ ਭਰੋਸਾ ਦਿੱਤਾ ਸੀ ਕਿ ਅਕਾਲੀ ਦਲ ਦੇ ਰਾਜ 'ਚ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਅਤੇ ਕੋਟਕਪੂਰਾ ਗੋਲੀਕਾਂਡ ਦੇ ਜੋ ਦੋਸ਼ੀ ਹਨ, ਪੰਜਾਬ 'ਚ ਮੇਰੀ ਸਰਕਾਰ ਬਣਦੇ ਹੀ ਮੈਂ ਉਨ੍ਹਾਂ ਦੋਸ਼ੀਆਂ ਨੂੰ ਜੇਲ ਭੇਜਾਂਗਾ। ਸਰਕਾਰ ਬਣਨ ਤੋਂ ਬਾਅਦ ਵੀ ਐਡਵੋਕੇਟ ਜਨਰਲ ਨੇ ਇਹ ਮਾਮਲਾ ਸਹੀ ਢੰਗ ਨਾਲ ਨਹੀਂ ਰੱਖਿਆ। ਇਸ ਮਾਮਲੇ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉੱਪ ਮੁਖ ਮੰਤਰੀ ਸੁਖਬੀਰ ਬਾਦਲ ਅਤੇ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਦੇ ਨਾਂ ਸਾਹਮਣੇ ਆ ਰਹੇ ਸਨ। ਨਾਲ ਹੀ ਇਸ 'ਚ ਬਾਕੀ ਟੀਮ ਦਾ ਵੀ ਪਰਦਾਫਾਸ਼ ਹੋਣਾ ਸੀ, ਜੋ ਇਸ ਕਾਂਡ ਵਿਚ ਸ਼ਾਮਲ ਸਨ ਪਰ ਢਾਈ ਸਾਲ ਵਿਚ ਇਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਹੋਈ।

ਨਸ਼ੇ ਦੇ ਮੁੱਦੇ 'ਤੇ ਦੋਸ਼ੀਆਂ ਦੇ ਨਾਂ ਹੁਣ ਤੱਕ ਨਹੀਂ ਆਏ ਸਾਹਮਣੇ
ਪੰਜਾਬ 'ਚ ਨਸ਼ਿਆਂ ਨੂੰ ਲੈ ਕੇ ਉਪਰ ਹਾਈ ਕਮਾਨ ਨੂੰ ਦੱਸਣ ਤੋਂ ਬਾਅਦ ਵੀ ਕੁਝ ਨਹੀਂ ਹੋਇਆ। ਇਸ ਮਾਮਲੇ 'ਚ ਹਾਈ ਕੋਰਟ ਵੱਲੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿਟ) ਬਣਾਈ ਗਈ ਸੀ, ਜਿਸ 'ਚ ਡੀ. ਜੀ. ਪੀ. ਪੱਧਰ ਦੇ ਅਧਿਕਾਰੀ ਦੀ ਡਿਊਟੀ ਲਾਈ ਸੀ। ਢਾਈ ਸਾਲ ਦੀ ਜਾਂਚ ਵਿਚ ਇਸ 'ਚ ਜਿਨ੍ਹਾਂ ਪੁਲਸ ਅਫਸਰਾਂ ਦੇ ਨਾਂ ਜਾਂ ਸਿਆਸੀ ਲੋਕਾਂ ਦੇ ਨਾਂ ਹੋ ਸਕਦੇ ਹਨ, ਉਹ ਲਿਫਾਫਾ ਅਜੇ ਤੱਕ ਖੁੱਲ੍ਹਿਆ ਹੀ ਨਹੀਂ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ, ''ਅਕਾਲੀ ਸ਼ਰੇਆਮ ਕਹਿ ਰਹੇ ਹਨ ਕਿ ਜੇਕਰ ਕਾਂਗਰਸੀਆਂ 'ਚ ਦਮ ਹੈ ਤਾਂ ਸਾਡੇ 'ਤੇ ਕਾਰਵਾਈ ਕਰਕੇ ਦਿਖਾਉਣ? ਇਸ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਹੀ ਇਸ ਦਾ ਵਧੀਆ ਢੰਗ ਨਾਲ ਜਵਾਬ ਦੇ ਸਕਦੇ ਹਨ।

6 ਵਿਧਾਇਕਾਂ ਨੂੰ ਕੈਬਨਿਟ ਰੈਂਕ ਦੇਣਾ ਸਰਕਾਰੀ ਖਜ਼ਾਨੇ 'ਤੇ ਬੋਝ
ਬੀਤੇ ਦਿਨ ਮੁੱਖ ਮੰਤਰੀ ਕੈਪਟਨ ਸਰਕਾਰ ਨੇ ਜੋ 6 ਨਵੇਂ ਐਡਵਾਈਜ਼ਰ ਬਣਾਏ ਹਨ, ਉਹ ਇਕ ਤਰ੍ਹਾਂ ਨਾਲ ਸਰਕਾਰੀ ਖਜ਼ਾਨੇ 'ਤੇ ਬੋਝ ਹੈ ਕਿਉਂਕਿ ਸਰਕਾਰ ਕੋਲ ਪਹਿਲਾਂ ਹੀ 14-15 ਓ. ਐੱਸ. ਡੀ. ਹਨ। ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਸਲਾਹਕਾਰਾਂ ਦੀ ਇੰਨੀ ਵੱਡੀ ਟੀਮ ਹੋਣ ਦੇ ਬਾਵਜੂਦ ਪੰਜਾਬ ਦੇ ਨਾਰਾਜ਼ ਵਿਧਾਇਕਾਂ 'ਚ ਸਰਕਾਰ ਖਿਲਾਫ ਕੁਝ ਸੁਲਗ ਰਿਹਾ ਸੀ, ਜਿਸ ਨੂੰ ਸ਼ਾਂਤ ਕਰਨ ਲਈ ਸਰਕਾਰ ਵੱਲੋਂ ਉਨ੍ਹਾਂ ਨੂੰ ਕੈਬਨਿਟ ਰੈਂਕ ਦੇਣਾ ਪਿਆ।

ਮੈਂ ਭਾਜਪਾ ਦੇ ਸੰਪਰਕ 'ਚ ਨਹੀਂ ਸੀ
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਦੂਜੀ ਵਾਰ ਭਾਰੀ ਬਹੁਮਤ ਨਾਲ ਕੇਂਦਰ ਦੀ ਸੱਤਾ 'ਚ ਆਈ ਭਾਜਪਾ ਦੇ ਸੰਪਰਕ 'ਚ ਪੰਜਾਬ ਦੇ 15-20 ਕਾਂਗਰਸੀ ਵਿਧਾਇਕ ਸਨ ਜਿਨ੍ਹਾਂ 'ਚ ਤੁਹਾਡਾ ਵੀ ਨਾਂ ਸੀ, ਉਨ੍ਹਾਂ ਕਿਹਾ ਕਿ ਇਸ 'ਚ ਕੋਈ ਸੱਚਾਈ ਨਹੀਂ ਹੈ। ਕਾਂਗਰਸ ਇਸ ਸਮੇਂ ਪਾਵਰ 'ਚ ਹੈ। ਤਾਂ ਕੋਈ ਵਿਧਾਇਕ ਉਨ੍ਹਾਂ ਨਾਲ ਸੰਪਰਕ ਕਿਉਂ ਕਰੇਗਾ। ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ 'ਚ ਧਾਰਾ 370 ਹਟਾਏ ਜਾਣ 'ਤੇ ਉਨ੍ਹਾਂ ਕਿਹਾ ਕਿ ਅਸੀਂ ਆਰਥਿਕ ਪੱਧਰ 'ਤੇ ਪੱਛੜ ਰਹੇ ਹਾਂ। ਧਾਰਾ 370 ਹਟਾਉਣ ਨੂੰ ਲੈ ਕੇ ਕੇਂਦਰ ਸਰਕਾਰ ਤਾਂ ਹੀ ਸਫਲ ਹੋਵੇਗੀ ਜਦ ਕਸ਼ਮੀਰ 'ਚ ਲੋਕਾਂ ਨੂੰ ਜਿਊਣ ਦੀ ਆਜ਼ਾਦੀ ਮਿਲੇਗੀ। ਉਨ੍ਹਾਂ 'ਤੇ ਲਾਈਆਂ ਗਈਆਂ ਪਾਬੰਦੀਆਂ ਹਟਾਈਆਂ ਜਾਣਗੀਆਂ। ਲੋਕਾਂ 'ਚ ਅਮਨ-ਸ਼ਾਂਤੀ ਰਹੇਗੀ ਤਾਂ ਹੀ ਸਰਕਾਰ ਇਸ 'ਤੇ ਸਫਲ ਹੋਵੇਗੀ।

ਬਟਾਲਾ ਕਾਂਡ ਲਈ ਜ਼ਿੰਮੇਵਾਰ ਅਫਸਰਾਂ 'ਤੇ ਹੋਣੀ ਚਾਹੀਦੀ ਹੈ ਕਾਰਵਾਈ
ਪਿਛਲੇ ਦਿਨੀਂ ਬਟਾਲਾ ਦੇ ਰਿਹਾਇਸ਼ੀ ਇਲਾਕੇ 'ਚ ਚੱਲ ਰਹੀ ਨਾਜਾਇਜ਼ ਪਟਾਕਾ ਫੈਕਟਰੀ 'ਚ 24 ਲੋਕਾਂ ਦੀ ਮੌਤ ਦੇ ਜ਼ਿੰਮੇਵਾਰ ਅਫਸਰਾਂ 'ਤੇ ਕਾਰਵਾਈ ਹੋਣੀ ਚਾਹੀਦੀ ਸੀ। ਡੀ. ਸੀ. ਨਾਲ ਮਾੜਾ ਵਿਵਹਾਰ ਕਰਨ 'ਤੇ ਲੁਧਿਆਣਾ ਤੋਂ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਦੇ ਖਿਲਾਫ ਮਾਮਲਾ ਦਰਜ ਕਰਨ ਸਬੰਧੀ ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਚੁਣੇ ਗਏ ਪ੍ਰਤੀਨਿਧੀ ਇਕ ਰੋਲ ਮਾਡਲ ਹੁੰਦੇ ਹਨ। ਲੋਕਾਂ ਦੀਆਂ ਸਮੱਸਿਆਵਾਂ ਨੂੰ ਅਫਸਰਾਂ ਦੇ ਅੱਗੇ ਰੱਖਣਾ ਅਤੇ ਇਸ ਸਬੰਧੀ ਉਨ੍ਹਾਂ ਨੂੰ ਕਟਹਿਰੇ 'ਚ ਖੜ੍ਹਾ ਕਰਨਾ ਵਿਧਾਇਕਾਂ ਦਾ ਅਧਿਕਾਰ ਹੈ ਪਰ ਉਨ੍ਹਾਂ ਨੂੰ ਘਟੀਆ ਸ਼ਬਦਾਵਲੀ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਕੈਪਟਨ ਵੱਲੋਂ ਬੈਂਸ 'ਤੇ ਕੇਸ ਦਰਜ ਕਰਾਉਣ ਸੰਬੰਧੀ ਦਿੱਤੇ ਬਿਆਨ 'ਤੇ ਬਾਜਵਾ ਨੇ ਕਿਹਾ ਕਿ ਜਿੰਨੀ ਤੇਜ਼ੀ ਨਾਲ ਕੈਪਟਨ ਨੇ ਬੈਂਸ 'ਤੇ ਕੇਸ ਦਰਜ ਕਰਵਾਇਆ ਹੈ, ਜੇਕਰ ਇੰਨੀ ਹੀ ਤੇਜ਼ੀ ਨਾਲ ਬਟਾਲਾ ਫੈਕਟਰੀ ਕਾਂਡ ਦੇ ਦੋਸ਼ੀਆਂ 'ਤੇ ਕਾਰਵਾਈ ਕੀਤੀ ਹੁੰਦੀ ਤਾਂ ਪੰਜਾਬ ਦੀ ਜਨਤਾ ਨੂੰ ਸੰਦੇਸ਼ ਕੁਝ ਹੋਰ ਹੀ ਜਾਂਦਾ ਕਿ ਸਰਕਾਰ ਇਸ ਮੁੱਦੇ 'ਤੇ ਕਿੰਨੀ ਗੰਭੀਰ ਹੈ। ਇਸ ਮਾਮਲੇ 'ਚ ਦੋਸ਼ੀ ਅਫਸਰਾਂ 'ਤੇ ਕੇਸ ਦਰਜ ਹੋਣਾ ਚਾਹੀਦਾ ਸੀ। ਮੈਂ ਸਰਕਾਰ ਤੋਂ ਇਹ ਮੰਗ ਵੀ ਕੀਤੀ ਸੀ ਕਿ ਦੀਵਾਲੀ ਤੋਂ ਪਹਿਲਾਂ ਪੰਜਾਬ 'ਚ ਜਿੰਨੀਆਂ ਵੀ ਪਟਾਕਾ ਫੈਕਟਰੀਆਂ ਰਿਹਾਇਸ਼ੀ ਖੇਤਰਾਂ 'ਚ ਚੱਲ ਰਹੀਆਂ ਹਨ, ਨੂੰ ਬਾਹਰੀ ਖੇਤਰ 'ਚ ਸ਼ਿਫਟ ਕੀਤਾ ਜਾਵੇ।

2002 ਅਤੇ ਅੱਜ ਦੇ ਕੈਪਟਨ 'ਚ ਕਾਫੀ ਫਰਕ ਹੈ
2002 'ਚ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਦਿਆਂ ਨੂੰ ਜਿਸ ਗੰਭੀਰਤਾ ਨਾਲ ਉਠਾਉਂਦੇ ਸਨ, ਹੁਣ ਉਹ ਇਨ੍ਹਾਂ ਮਾਮਲਿਆਂ 'ਤੇ ਇੰਨੇ ਗੰਭੀਰ ਨਹੀਂ ਹਨ। ਇਕ ਇੰਟਰਵਿਊ 'ਚ ਕੈਪਟਨ ਨੇ ਕਿਹਾ ਸੀ ਕਿ ਬਾਦਲਾਂ ਨੂੰ ਜੇਲ 'ਚ ਪਾਉਣਾ ਉਨ੍ਹਾਂ ਦਾ ਕੰਮ ਨਹੀਂ ਹੈ ਪਰ ਅਸੀਂ ਇਹ ਨਹੀਂ ਕਹਿ ਰਹੇ ਕਿ ਕੈਪਟਨ ਖੁਦ ਬਾਦਲਾਂ ਨੂੰ ਅੰਦਰ ਕਰੇ ਪਰ ਉਨ੍ਹਾਂ ਦਾ ਸਿਸਟਮ ਇਹ ਕਾਰਵਾਈ ਕਰ ਸਕਦਾ ਹੈ। ਬਹਿਬਲ ਕਲਾਂ ਅਤੇ ਬਰਗਾੜੀ ਕਾਂਡ 'ਤੇ ਜੇਕਰ ਸਰਕਾਰ ਨੇ ਅਫਸਰਾਂ ਤੋਂ ਸਹੀ ਰਿਪੋਰਟ ਲਈ ਹੁੰਦੀ ਤਾਂ ਘੱਟੋ-ਘੱਟ ਦੋਸ਼ੀਆਂ ਨੂੰ ਸਰਕਾਰ ਕਚਹਿਰੀ ਤਕ ਪਹੁੰਚਾ ਦਿੰਦੀ, ਬਾਕੀ ਕੰਮ ਅਦਾਲਤ ਨੇ ਕਰਨਾ ਸੀ।
ਕੈਪਟਨ ਅਤੇ ਬਾਦਲਾਂ 'ਚ ਮੈਚ ਫਿਕਸਿੰਗ
'ਆਪ' ਦੇ ਪ੍ਰਧਾਨ ਭਗਵੰਤ ਮਾਨ, ਸੁਖਪਾਲ ਖਹਿਰਾ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਨੇ ਕਿਹਾ ਸੀ ਕਿ ਮੁੱਖ ਮੰਤਰੀ ਕੈਪਟਨ ਅਤੇ ਬਾਦਲਾਂ ਵਿਚ ਮੈਚ ਫਿਕਸਿੰਗ ਚੱਲ ਰਹੀ ਹੈ। ਇਸ ਦੇ ਜਵਾਬ 'ਚ ਬਾਜਵਾ ਨੇ ਕਿਹਾ ਕਿ ਇਹ ਲੋਕਾਂ ਦੀ ਵਿਚਾਰਧਾਰਾ ਬਣ ਗਈ ਹੈ। ਇਸ ਦਾ ਮੁੱਖ ਕਾਰਨ ਕਾਂਗਰਸ ਸਰਕਾਰ ਵੱਲੋਂ ਜਨਤਾ ਨਾਲ ਕੀਤੇ ਵਾਅਦੇ ਨਾ ਨਿਭਾਉਣਾ ਹੈ। ਸਪੱਸ਼ਟ ਤੌਰ 'ਤੇ ਚੋਣਾਂ ਦੌਰਾਨ ਕਾਂਗਰਸ ਨੇ ਪੰਜਾਬ 'ਚ ਟਰਾਂਸਪੋਰਟ, ਡਰੱਗਸ, ਕੇਬਲ ਨੈੱਟਵਰਕ ਅਤੇ ਰੇਤ ਮਾਫੀਆ 'ਤੇ ਕਾਰਵਾਈ ਕਰਨ ਦਾ ਵਾਅਦਾ ਕੀਤਾ ਸੀ, ਅਜਿਹਾ ਕੁਝ ਨਹੀਂ ਹੋਇਆ। ਜਿਸ ਕਾਰਨ ਲੋਕਾਂ 'ਚ ਇਹ ਵਿਚਾਰਧਾਰਾ ਬਣ ਗਈ ਹੈ ਕਿ ਉਨ੍ਹਾਂ ਦੀ ਆਪਸੀ ਸੈਟਿੰਗ ਹੈ।

ਵਾਅਦੇ ਪੂਰੇ ਨਾ ਹੋਏ ਤਾਂ 2022 'ਚ ਹੋਵੇਗੀ ਮੁਸ਼ਕਲ
ਜਦੋਂ ਬਾਜਵਾ ਤੋਂ ਪੁੱਛਿਆ ਗਿਆ ਕਿ 2022 'ਚ ਤੁਹਾਨੂੰ ਪੰਜਾਬ ਦੀ ਵਾਗਡੋਰ ਸੰਭਾਲਣ ਦਾ ਮੌਕਾ ਮਿਲੇਗਾ ਤਾਂ ਕੀ ਤੁਸੀਂ ਇਸ ਦੇ ਲਈ ਤਿਆਰ ਹੋ? ਇਸ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਜੋ ਜਨਤਾ ਨਾਲ ਵਾਅਦੇ ਕੀਤੇ ਹਨ, ਜੇਕਰ ਉਨ੍ਹਾਂ ਨੂੰ ਪੂਰਾ ਕਰ ਲੈਣਗੇ ਤਾਂ 2022 'ਚ ਅਸੀਂ ਜਨਤਾ 'ਚ ਜਾ ਸਕਾਂਗੇ ਨਹੀਂ ਤਾਂ ਉਸ ਸਮੇਂ ਕਾਂਗਰਸ ਨੂੰ ਜਨਤਾ ਦੀ ਕਚਹਿਰੀ 'ਚ ਜਵਾਬ ਦੇਣੇ ਮੁਸ਼ਕਲ ਹੋ ਜਾਣਗੇ। ਮੈਂ ਪਾਰਟੀ ਲਈ ਵਫਾਦਾਰੀ ਨਾਲ ਕੰਮ ਕੀਤਾ ਹੈ। ਪਾਰਟੀ ਨੂੰ 10 ਸਾਲ ਬਾਅਦ ਸੱਤਾ ਵਿਚ ਲਿਆਉਣ ਅਤੇ ਕੈਪਟਨ ਨੂੰ ਮੁੱਖ ਮੰਤਰੀ ਬਣਾਉਣ ਲਈ ਮੁੱਖ ਰੋਲ ਅਦਾ ਕੀਤਾ ਸੀ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਪੰਜਾਬ ਦੇ ਮੁੱਦੇ 'ਤੇ ਕਾਂਗਰਸ ਪਾਰਟੀ ਦੇ ਮਸਲਿਆਂ ਨੂੰ ਲੈ ਕੇ ਆਵਾਜ਼ ਉਠਾ ਰਹੇ ਹੋ, ਕੀ ਹਾਈ ਕਮਾਨ ਤੁਹਾਡੇ ਨਾਲ ਹੈ? ਇਸ 'ਤੇ ਬਾਜਵਾ ਨੇ ਕਿਹਾ ਕਿ ਵਿਅਕਤੀ ਨੂੰ ਆਪਣੀ ਲੜਾਈ ਆਪਣੇ ਦਮ 'ਤੇ ਹੀ ਲੜਨੀ ਚਾਹੀਦੀ ਹੈ ਨਾ ਕਿ ਕਿਸੇ ਦੀ ਸਪੋਰਟ 'ਤੇ। 10 ਸਾਲ ਬਾਅਦ ਪੰਜਾਬੀਆਂ ਨੇ ਸਾਨੂੰ ਬਹੁਤ ਮਾਣ ਬਖਸ਼ਿਆ ਹੈ। ਇਸ ਲਈ ਸਾਨੂੰ ਉਨ੍ਹਾਂ ਦੀਆਂ ਉਮੀਦਾਂ 'ਤੇ ਖਰਾ ਉਤਰਨਾ ਚਾਹੀਦਾ ਹੈ।

ਪੰਜਾਬ ਦੇ ਸੰਭਾਵੀ ਮੁੱਖ ਮੰਤਰੀ ਸਿਆਸਤ ਤੋਂ ਗਾਇਬ ਕਿਉਂ?
ਪਿਛਲੀ ਵਾਰ ਗੁਰਦਾਸਪੁਰ ਉਪ ਚੋਣਾਂ ਦੌਰਾਨ ਕੈਪਟਨ ਨੇ ਕਿਹਾ ਸੀ ਕਿ ਕਾਂਗਰਸ ਦੇ ਅਗਲੇ ਸੰਭਾਵੀ ਮੁੱਖ ਮੰਤਰੀ ਸੁਨੀਲ ਜਾਖੜ ਹੋਣਗੇ, ਇਸ ਬਾਰੇ ਉਨ੍ਹਾਂ ਕਿਹਾ ਕਿ ਇਸ ਦਾ ਬਿਹਤਰ ਜਵਾਬ ਕੈਪਟਨ ਹੀ ਦੇ ਸਕਦੇ ਹਨ। ਪਿਛਲੀਆਂ ਐੱਮ. ਪੀ. ਚੋਣਾਂ ਵਿਚ ਉਨ੍ਹਾਂ ਦੀ ਕਾਰਜਸ਼ੈਲੀ ਜਨਤਾ ਦੇ ਸਾਹਮਣੇ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਤੁਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੀ ਵਾਗਡੋਰ ਤੁਹਾਡੇ ਹੱਥ ਵਿਚ ਆਵੇ ਤਾਂ ਇਸ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ 2022 ਵਿਚ ਉਨ੍ਹਾਂ ਦੀ ਉਮਰ 65 ਸਾਲ ਦੇ ਕਰੀਬ ਹੋ ਜਾਵੇਗੀ ਜੋ ਰਿਟਾਇਰ ਹੋਣ ਦੀ ਉਮਰ ਹੈ ਪਰ ਫਿਰ ਵੀ ਵਾਹਿਗੁਰੂ ਨੇ ਮਿਹਰ ਕੀਤੀ ਤਾਂ ਉਹ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਪਿੱਛੇ ਨਹੀਂ ਹਟਣਗੇ।

ਪਿਛਲੇ ਤਿੰਨ ਸਾਲਾਂ 'ਚ ਘੱਟ ਕੀਤਾ 30 ਕਿਲੋ ਭਾਰ
ਬਾਜਵਾ ਇਨ੍ਹੀਂ ਦਿਨੀਂ ਸਿਹਤ ਪ੍ਰਤੀ ਬੇਹੱਦ ਚੌਕਸ ਹਨ। ਇਨ੍ਹੀਂ ਦਿਨੀਂ ਉਹ ਇਕ ਤੋਂ ਦੋ ਘੰਟੇ ਜਿਮ 'ਚ ਲਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਸ ਉਮਰ 'ਚ ਸਿਹਤ ਦਾ ਧਿਆਨ ਨਾ ਰੱਖਿਆ ਗਿਆ ਤਾਂ ਅੱਗੇ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਨੇ ਪਿਛਲੇ 3 ਸਾਲਾਂ 'ਚ 25 ਤੋਂ 30 ਕਿਲੋ ਭਾਰ ਘੱਟ ਕੀਤਾ ਹੈ।

ਸਿੱਧੂ ਬਾਰੇ ਮੈਂ ਕੁਝ ਨਹੀਂ ਬੋਲਾਂਗਾ
ਆਪਣੀ ਬੇਬਾਕ ਬੋਲਣ ਦੀ ਪ੍ਰਵਿਰਤੀ ਅਤੇ ਸਿਸਟਮ ਵਿਰੁੱਧ ਆਵਾਜ਼ ਉਠਾਉਣ ਵਾਲੇ ਨਵਜੋਤ ਸਿੰਘ ਸਿੱਧੂ ਅੱਜ ਕਿਸ ਹਾਸ਼ੀਏ 'ਤੇ ਹਨ, ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਇਸ 'ਤੇ ਬਾਜਵਾ ਨੇ ਕਿਹਾ ਕਿ ਨਵਜੋਤ ਸਿੱਧੂ ਨਾਲ ਜੋ ਹੋਇਆ ਉਸ ਦਾ ਜਵਾਬ ਉਹੀ ਦੇ ਸਕਦੇ ਹਨ, ਮੈਂ ਉਨ੍ਹਾਂ ਬਾਰੇ ਕੁਝ ਨਹੀਂ ਬੋਲਣਾ।


shivani attri

Content Editor

Related News