DM ਖ਼ੁਦਕੁਸ਼ੀ ਮਾਮਲੇ ''ਚ ਪ੍ਰਤਾਪ ਸਿੰਘ ਬਾਜਵਾ ਨੇ CJI ਨੂੰ ਲਿਖੀ ਚਿੱਠੀ, ਸੂ-ਮੋਟੋ ਨੋਟਿਸ ਲੈਣ ਦੀ ਕੀਤੀ ਅਪੀਲ

Monday, Mar 23, 2026 - 02:32 PM (IST)

DM ਖ਼ੁਦਕੁਸ਼ੀ ਮਾਮਲੇ ''ਚ ਪ੍ਰਤਾਪ ਸਿੰਘ ਬਾਜਵਾ ਨੇ CJI ਨੂੰ ਲਿਖੀ ਚਿੱਠੀ, ਸੂ-ਮੋਟੋ ਨੋਟਿਸ ਲੈਣ ਦੀ ਕੀਤੀ ਅਪੀਲ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ, ਅੰਮ੍ਰਿਤਸਰ ਦੇ ਜ਼ਿਲ੍ਹਾ ਮੈਨੇਜਰ  ਗਗਨਦੀਪ ਸਿੰਘ ਰੰਧਾਵਾ ਖ਼ੁਦਕੁਸ਼ੀ ਮਾਮਲੇ ਵਿਚ ਚੀਫ਼ ਜਸਟਿਸ ਆਫ਼ ਇੰਡੀਆ (CJI) ਸੂਰਿਆ ਕਾਂਤ ਨੂੰ ਇਕ ਚਿੱਠੀ ਲਿਖ ਕੇ ਦਖ਼ਲ ਦੇਣ ਦੀ ਮੰਗ ਕੀਤੀ ਹੈ। ਬਾਜਵਾ ਨੇ ਇਸ ਮਾਮਲੇ ਵਿਚ ਸੁਪਰੀਮ ਕੋਰਟ ਨੂੰ 'ਸੂ-ਮੋਟੋ' ਨੋਟਿਸ ਲੈਣ ਅਤੇ ਅਦਾਲਤੀ ਨਿਗਰਾਨੀ ਹੇਠ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਬਾਜਵਾ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਇਕ ਵਿਅਕਤੀ ਦਾ ਨਹੀਂ ਹੈ, ਸਗੋਂ ਕਾਨੂੰਨ ਦੇ ਰਾਜ ਅਤੇ ਇਮਾਨਦਾਰ ਸਰਕਾਰੀ ਕਰਮਚਾਰੀਆਂ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ।

ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕਿ 21 ਮਾਰਚ, 2026 ਨੂੰ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਗਗਨਦੀਪ ਰੰਧਾਵਾ ਨੇ ਕਥਿਤ ਤੌਰ 'ਤੇ ਇਕ ਵੀਡੀਓ ਰਿਕਾਰਡ ਕੀਤੀ ਸੀ, ਜਿਸ ਵਿਚ ਉਨ੍ਹਾਂ ਨੇ ਪੰਜਾਬ ਦੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ 'ਤੇ ਲਗਾਤਾਰ ਦਬਾਅ ਪਾਉਣ, ਪਰੇਸ਼ਾਨ ਕਰਨ ਅਤੇ ਧਮਕਾਉਣ ਦੇ ਦੋਸ਼ ਲਾਏ ਸਨ। ਮ੍ਰਿਤਕ ਦੇ ਪਰਿਵਾਰ ਨੇ ਵੀ ਦੋਸ਼ ਲਾਇਆ ਹੈ ਕਿ ਸਾਬਕਾ ਮੰਤਰੀ, ਉਨ੍ਹਾਂ ਦੇ ਪਿਤਾ ਅਤੇ ਸਾਥੀਆਂ ਵੱਲੋਂ ਰੰਧਾਵਾ ਨੂੰ ਵੇਅਰਹਾਊਸਿੰਗ ਟੈਂਡਰਾਂ ਦੇ ਮਾਮਲੇ ਵਿਚ ਉਨ੍ਹਾਂ ਦੇ ਹੱਕ ਵਿੱਚ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ ਅਤੇ ਸਰੀਰਕ ਤੌਰ 'ਤੇ ਵੀ ਤੰਗ ਕੀਤਾ ਗਿਆ ਸੀ।

ਬਾਜਵਾ ਨੇ ਆਪਣੇ ਪੱਤਰ ਵਿਚ ਖ਼ੁਲਾਸਾ ਕੀਤਾ ਕਿ ਮੌਤ ਤੋਂ ਪਹਿਲਾਂ ਗਗਨਦੀਪ ਰੰਧਾਵਾ ਨੇ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਮੇਤ ਸੀਨੀਅਰ ਅਧਿਕਾਰੀਆਂ ਨੂੰ ਲਿਖਤੀ ਤੌਰ 'ਤੇ ਮੰਤਰੀ ਦੇ ਵਤੀਰੇ ਬਾਰੇ ਸੂਚਿਤ ਕੀਤਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਪੱਸ਼ਟ ਸ਼ਿਕਾਇਤਾਂ ਦੇ ਬਾਵਜੂਦ ਮੁੱਖ ਮੰਤਰੀ ਅਤੇ ਮੁੱਖ ਸਕੱਤਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜੋ ਕਿ ਸੂਬਾ ਪ੍ਰਸ਼ਾਸਨ ਦੀ ਗੰਭੀਰ ਲਾਪਰਵਾਹੀ ਅਤੇ ਮਿਲੀਭੁਗਤ ਵੱਲ ਇਸ਼ਾਰਾ ਕਰਦੀ ਹੈ।

ਵਿਰੋਧੀ ਧਿਰ ਦੇ ਨੇਤਾ ਨੇ ਚਿੰਤਾ ਪ੍ਰਗਟਾਈ ਕਿ ਕਿਉਂਕਿ ਗ੍ਰਹਿ ਅਤੇ ਸਹਿਕਾਰਤਾ ਵਿਭਾਗ ਖੁਦ ਮੁੱਖ ਮੰਤਰੀ ਕੋਲ ਹਨ, ਇਸ ਲਈ ਸੂਬਾ ਸਰਕਾਰ ਦੇ ਅਧੀਨ ਚੱਲ ਰਹੀ ਜਾਂਚ ਨਿਰਪੱਖ ਹੋਣ ਦੀ ਉਮੀਦ ਨਹੀਂ ਹੈ। ਉਨ੍ਹਾਂ ਖਦਸ਼ਾ ਜਤਾਇਆ ਕਿ ਮੁੱਖ ਮੁਲਜ਼ਮਾਂ ਨੂੰ ਬਚਾਉਣ ਲਈ ਜਾਂਚ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ ਅਤੇ ਸਬੂਤਾਂ ਨਾਲ ਛੇੜਛਾੜ ਹੋ ਸਕਦੀ ਹੈ। ਉਸ ਲਈ ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਸੁਪਰੀਮ ਕੋਰਟ ਇਸ ਮਾਮਲੇ ਦਾ ਸੂ ਮੋਟੋ ਨੋਟਿਸ ਲਵੇ ਅਤੇ ਇਸ ਦੀ ਜਾਂਚ ਸੀ.ਬੀ.ਆਈ. (CBI) ਜਾਂ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਕਿਸੇ ਸੁਤੰਤਰ ਐੱਸ.ਆਈ.ਟੀ. ਤੋਂ ਜਾਂਚ ਕਰਵਾਈ ਜਾਵੇ। ਇਸ ਦੇ ਨਾਲ ਹੀ ਬਾਜਵਾ ਨੇ ਮ੍ਰਿਤਕ ਦੇ ਪਰਿਵਾਰ ਅਤੇ ਮੁੱਖ ਗਵਾਹਾਂ ਨੂੰ ਤੁਰੰਤ ਸੁਰੱਖਿਆ ਪ੍ਰਦਾਨ ਕਰਨ ਦੀ ਵੀ ਅਪੀਲ ਕੀਤੀ ਹੈ। 


author

Anmol Tagra

Content Editor

Related News