ਪ੍ਰਨੀਤ ਕੌਰ ਦਾ ਸਮਾਣਾ ਵਿਖੇ ਕਾਲੀਆਂ ਝੰਡੀਆਂ ਨਾਲ ਵਿਰੋਧ, ਚੱਲੇ ਇੱਟਾਂ-ਰੋੜੇ

05/09/2019 3:37:31 PM

ਪਟਿਆਲਾ/ਸਮਾਣਾ (ਜੋਸਨ, ਦਰਦ)—ਮੁੱਖ ਮੰਤਰੀ ਪੰਜਾਬ ਦੇ ਆਪਣੇ ਜੱਦੀ ਲੋਕ ਸਭਾ ਹਲਕੇ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨੂੰ ਅੱਜ ਹਲਕਾ ਸ਼ੁਤਰਾਣਾ ਦੇ ਪਿੰਡ ਕੁਲਾਰਾਂ ਵਿਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਲੋਕਾਂ ਨੇ ਪਿੰਡ 'ਚ ਹੋ ਰਹੇ ਸਮਾਗਮ ਮੌਕੇ ਭਾਸ਼ਣ ਦੇਣ ਆਈ ਪ੍ਰਨੀਤ ਕੌਰ ਅਤੇ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਨੂੰ ਕਾਲੀਆਂ ਝੰਡੀਆਂ ਦਿਖਾਉਣੀਆਂ ਸ਼ੁਰੂ ਕੀਤੀਆਂ। ਇਸ ਤੋਂ ਬਾਅਦ ਕਾਂਗਰਸੀ ਖੇਮੇ 'ਚੋਂ ਇੱਟਾਂ-ਰੋੜੇ ਚਲਾਉਣ ਕਾਰਣ ਇੱਥੇ ਖੂਨੀ ਟਕਰਾਅ ਹੋ ਗਿਆ। ਇਸ ਵਿਚ ਅੱਧੀ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ। ਇਨ੍ਹਾਂ 'ਚੋਂ 2 ਗੰਭੀਰ ਜ਼ਖਮੀ ਰਾਜਿੰਦਰਾ ਹਸਪਤਾਲ ਦਾਖਲ ਹਨ। ਇਥੇ ਮੌਜੂਦ ਪੁਲਸ ਨੇ ਮਾਹੌਲ 'ਤੇ ਕਾਬੂ ਪਾਉਣ ਲਈ ਲੋਕਾਂ 'ਤੇ ਹਲਕਾ ਲਾਠੀਚਾਰਜ ਵੀ ਕਰ ਕੀਤਾ।

ਮਹਾਰਾਣੀ ਪ੍ਰਨੀਤ ਕੌਰ ਪਿੰਡ ਕੁਲਾਰਾਂ ਵਿਖੇ ਪੁੱਜੇ ਤਾਂ ਪੰਚਾਇਤੀ ਚੋਣਾਂ ਵਿਚ ਹੋਏ ਧੱਕੇ ਨੂੰ ਲੈ ਕੇ ਲੋਕਾਂ ਨੇ ਕਾਲੇ ਝੰਡੇ ਲੈ ਕੇ ਪ੍ਰਨੀਤ ਕੌਰ ਖਿਲਾਫ਼ ਜਲੂਸ ਕੱਢਣਾ ਸ਼ੁਰੂ ਕਰ ਦਿੱਤਾ। ਇਹ ਲੋਕ ਨਾਅਰੇਬਾਜ਼ੀ ਕਰਦਿਆਂ ਪ੍ਰਨੀਤ ਕੌਰ ਦੇ ਜਲਸੇ ਤੱਕ ਪਹੁੰਚ ਗਏ। ਉਥੇ ਕਾਲੇ ਝੰਡੇ ਦਿਖਾਉਣੇ ਸ਼ੁਰੂ ਕਰ ਦਿੱਤੇ। ਦੇਖਦੇ ਹੀ ਦੇਖਦੇ ਮਾਹੌਲ ਤਣਾਅਪੂਰਨ ਹੋ ਗਿਆ। ਜਦੋਂ ਕਾਂਗਰਸੀ ਖੇਮੇ 'ਚੋਂ ਇੱਟਾਂ-ਰੋੜੇ ਚਲਣੇ ਸ਼ੁਰੂ ਹੋਏ ਤਾਂ ਮਾਮਲਾ ਖੂਨੀ ਟਕਰਾਅ ਵਿਚ ਬਦਲ ਗਿਆ।

ਇਸ ਮੌਕੇ ਕਾਲੇ ਝੰਡੇ ਦਿਖਾਉਣ ਵਾਲੇ ਲੋਕਾਂ ਵਿਚੋਂ ਅੱਧੀ ਦਰਜਨ ਦੇ ਕਰੀਬ ਜ਼ਖਮੀ ਹੋ ਗਏ। ਕਾਂਗਰਸੀ ਖੇਮੇ ਵਿਚੋਂ ਹੀ 2 ਦੇ ਕਰੀਬ ਇਸ ਲੜਾਈ ਤੋਂ ਬਾਅਦ ਸਮਾਣਾ ਦੇ ਹਸਪਤਾਲ ਵਿਚ ਦਾਖਲ ਹੋਏ ਹਨ। ਗੰਭੀਰ ਰੂਪ 'ਚ ਜ਼ਖਮੀ ਵਿਅਕਤੀਆਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਇਸ ਟਕਰਾਅ ਵਿਚ ਲੋਕਾਂ ਦੇ ਕਈ ਬਾਈਕ ਵੀ ਤੋੜ ਦਿੱਤੇ ਗਏ। ਪੁਲਸ ਨੇ ਭਾਰੀ ਮੁਸ਼ੱਕਤ ਨਾਲ ਮਾਹੌਲ 'ਤੇ ਕਾਬੂ ਪਾਇਆ।

ਜਾਣਕਾਰੀ ਅਨੁਸਾਰ ਪਿੰਡ ਕੁਲਾਰਾਂ 'ਚ ਜੋ ਅੱਜ ਹਿੰਸਕ ਘਟਨਾ ਹੋਈ ਹੈ, ਉਸ ਵਿਚ ਲੋਕ ਮਹਾਰਾਣੀ ਪ੍ਰਨੀਤ ਕੌਰ ਨੂੰ ਕੁੱਝ ਸਮਾਂ ਪਹਿਲਾਂ ਸਰਪੰਚੀ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਹੋਈ ਧੱਕੇਸ਼ਾਹੀ ਤੋਂ ਜਾਣੂ ਕਰਵਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਕਾਲੇ ਝੰਡੇ ਲੈ ਕੇ ਵਿਰੋਧ ਦਾ ਰਸਤਾ ਚੁਣਿਆ। ਲੋਕ ਮਹਾਰਾਣੀ ਨੂੰ ਆਪਣਾ ਦੁਖੜਾ ਦਸਦੇ, ਉਸ ਤੋਂ ਪਹਿਲਾਂ ਹੀ ਇੱਟਾਂ-ਰੋੜੇ ਚੱਲ ਪਏ। ਪੁਲਸ ਨੂੰ ਹਲਕਾ ਲਾਠੀਚਾਰਜ ਵੀ ਕਰਨਾ ਪਿਆ। ਸਮਾਣਾ ਦੇ ਡੀ. ਐੈੱਸ. ਪੀ. ਨੇ ਆਖਿਆ ਕਿ ਦੋਵੇਂ ਧਿਰਾਂ ਦੇ ਬਿਆਨ ਇਕੱਤਰ ਕੀਤੇ ਜਾ ਰਹੇ ਹਨ। ਇਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।


Shyna

Content Editor

Related News