ਬਾਦਲ ਤੋਂ ਪੁੱਛਗਿਛ ਦਾ ਤਰੀਕਾ ਗੋਂਗਲੂਆਂ ਤੋਂ ਮਿੱਟੀ ਝਾੜਨ ਵਰਗਾ: ਦਾਦੂਵਾਲ
Saturday, Nov 17, 2018 - 09:38 AM (IST)

ਚੰਡੀਗੜ੍ਹ(ਭੁੱਲਰ)— ਬਰਗਾੜੀ 'ਚ ਬੇਅਦਬੀ ਦੀ ਘਟਨਾ ਤੋਂ ਬਾਅਦ ਬਹਿਬਲ ਕਲਾਂ 'ਚ ਸ਼ਾਂਤਮਈ ਸਿੱਖਾਂ 'ਤੇ ਹੋਈ ਫਾਇਰਿੰਗ ਦੇ ਕਾਂਡ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਸੰਦਰਭ 'ਚ ਕਾਰਵਾਈ ਲਈ ਬਣਾਈ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿਟ) ਵੱਲੋਂ ਸ਼ੁੱਕਰਵਾਰ ਨੂੰ ਚੰਡੀਗੜ੍ਹ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਉਨ੍ਹਾਂ ਦੀ ਰਿਹਾਇਸ਼ 'ਤੇ ਕੀਤੀ ਪੁੱਛਗਿਛ ਦੇ ਤਰੀਕੇ 'ਤੇ ਬਰਗਾੜੀ ਇਨਸਾਫ ਮੋਰਚੇ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਇਸ ਨੂੰ ਗੋਂਗਲੂਆਂ ਤੋਂ ਮਿੱਟੀ ਝਾੜਨ ਵਰਗਾ ਦੱਸਿਆ ਹੈ। ਮੋਰਚੇ ਦੇ ਪ੍ਰਮੁੱਖ ਆਗੂ ਤੇ ਸਿੱਖ ਪ੍ਰਚਾਰਕ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਕੀਤੀ ਗਈ ਪੁੱਛਗਿਛ ਸਿਰਫ ਡਰਾਮੇਬਾਜ਼ੀ ਸਾਬਤ ਹੋਈ ਹੈ। ਇਸ ਤੋਂ ਚੰਗਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਦੇ ਆਸ-ਪਾਸ ਘੁੰਮਣ ਵਾਲੇ ਅਕਾਲੀ ਆਗੂਆਂ ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ ਤੇ ਵਿਰਸਾ ਸਿੰਘ ਵਲਟੋਹਾ ਵਰਗਿਆਂ ਦੀ ਹੀ ਸਿਟ ਬਣਾ ਦੇਣ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਾਬਕਾ ਮੁੱਖ ਮੰਤਰੀ ਬਾਦਲ ਅੱਗੇ 'ਸਿਟ' ਦੇ ਅਧਿਕਾਰੀਆਂ ਨੇ ਨਤਮਸਤਕ ਹੋ ਕੇ ਕੁਝ ਮਿੰਟਾਂ ਲਈ ਰਸਮੀ ਤੌਰ 'ਤੇ ਇਕ-ਦੋ ਸਵਾਲ ਪੁੱਛ ਕੇ ਕਾਰਵਾਈ ਕੀਤੀ, ਉਸ ਤੋਂ ਸਪੱਸ਼ਟ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲਾਂ ਵਿਚਕਾਰ ਖਿਚੜੀ ਪਹਿਲਾਂ ਹੀ ਪੱਕ ਚੁੱਕੀ ਹੈ। ਮੁੱਖ ਮੰਤਰੀ ਭਾਵੇਂ ਕਾਨੂੰਨ ਅਨੁਸਾਰ ਕਾਰਵਾਈ ਅੱਗੇ ਵਧਾਉਣ ਦੀ ਗੱਲ ਕਰ ਰਹੇ ਹਨ ਪਰ ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ ਵੀ ਤਾਂ ਕਾਨੂੰਨੀ ਸੀ, ਜਿਸ 'ਤੇ ਵਿਧਾਨਸਭਾ 'ਚ ਬਹਿਸ ਹੋਈ। ਵਿਧਾਨਸਭਾ ਹੀ ਕਾਨੂੰਨ ਬਣਾਉਂਦੀ ਹੈ ਤਾਂ ਫਿਰ ਇਸ ਰਿਪੋਰਟ 'ਤੇ ਹੀ ਕਿਉਂ ਕਾਰਵਾਈ ਨਹੀਂ ਹੋ ਸਕਦੀ। ਦਾਦੂਵਾਲ ਨੇ ਕਿਹਾ ਕਿ ਮਿਲੀਭੁਗਤ ਨਾਲ ਬਾਦਲਾਂ ਨੂੰ ਦੋਸ਼ਮੁਕਤ ਕਰਨ ਦੇ ਯਤਨ ਹੋ ਰਹੇ ਹਨ ਅਤੇ 'ਸਿਟ' ਬਣਾ ਕ ਜਾਂਚ ਕਰਵਾਉਣ ਅਤੇ ਪੁੱਛਗਿਛ ਕਰਨ ਦੀ ਕਾਰਵਾਈ ਸਿਰਫ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਹੈ।