ਕੇਂਦਰ ਵਲੋਂ ਮਿਲ ਰਹੀ ਮਦਦ ਨੂੰ ਲਾਗੂ ਕਰਨ 'ਤੇ ਹੇਰਾ-ਫੇਰੀ ਕਰਨੀ ਬੱਜਰ ਅਪਰਾਧ : ਬਾਦਲ
Thursday, May 07, 2020 - 10:21 PM (IST)
ਅੰਮ੍ਰਿਤਸਰ (ਦੀਪਕ ਸ਼ਰਮਾ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਫੋਨ ਰਾਹੀਂ ਇਹ ਬਿਆਨ ਦੇ ਕੇ ਸਪਸ਼ਟ ਕੀਤਾ ਹੈ ਕਿ ਕੋਰੋਨਾ ਦੀ ਲੜਾਈ ਕੋਈ ਛੋਟੀ ਲੜਾਈ ਨਹੀਂ ਸਗੋਂ ਇਹ ਲੰਬੀ ਲੜਾਈ ਹੈ। ਸਾਨੂੰ ਇਸ ਤੋਂ ਘਬਰਾਉਣਾ ਨਹੀਂ ਚਾਹੀਦਾ। ਉਨ੍ਹਾਂ ਨੇ ਪੰਜਾਬ ਸਰਕਾਰ ਦੇ ਅਫਸਰ ਅਤੇ ਮਹਿਕਮਿਆਂ ਦੇ ਵਜ਼ੀਰਾਂ ਦੀ ਢਿੱਲਮੱਠ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਇਹ ਕਿਸੇ 'ਤੇ ਦੋਸ਼ ਮੜਣ ਦਾ ਸਮਾਂ ਨਹੀਂ ਸਗੋਂ ਪੰਜਾਬ ਸਰਕਾਰ ਨੂੰ ਕੇਂਦਰ ਦੇ ਸਹਿਯੋਗ ਨਾਲ ਮੋਢੇ ਨਾਲ ਮੋਢਾ ਮਿਲਾ ਕੇ 'ਕੋਰੋਨਾ' ਦੀ ਲੜਾਈ ਨਾਲ ਲੜਣ ਲਈ ਅਮਲੀ ਤੌਰ 'ਤੇ ਪ੍ਰਬੰਧ ਕਰਨੇ ਚਾਹੀਦੇ ਹਨ। ਇਸ ਦੇ ਲਈ ਸਾਰੀਆਂ ਸਿਆਸੀ ਪਾਰਟੀਆਂ ਪੰਜਾਬ ਸਰਕਾਰ ਨੂੰ ਪੂਰਾ ਸਹਿਯੋਗ ਦੇਣ ਲਈ ਤਿਆਰ ਹਨ। ਜਿੱਥੇ ਪੂਰਾ ਇਲਾਜ ਨਹੀਂ ਹੁੰਦਾ, ਉਥੋਂ ਆਉਣ ਵਾਲੀਆਂ ਖਬਰਾਂ 'ਤੇ ਪੰਜਾਬ ਸਰਕਾਰ ਨੂੰ ਪੂਰਾ ਧਿਆਨ ਕਰਨਾ ਚਾਹੀਦਾ ਹੈ। ਸਖਤੀ ਨਾਲ ਲਾਕ ਡਾਊਨ ਨੂੰ ਲਾਗੂ ਕਰਨ ਦੇ ਨਾਲ-ਨਾਲ ਇਲਾਜ ਦੇ ਪ੍ਰਬੰਧਾਂ ਦੀ ਸਮੀਖਿਆ ਕਰਨਾ ਵੀ ਹਰ ਅਧਿਕਾਰੀ ਦਾ ਧਰਮ ਬਣਦਾ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਸਿਸਟਮ 'ਤੇ ਫਿਰ ਚੁੱਕੇ ਸਵਾਲ, ਨਾਂ ਲਏ ਬਿਨਾਂ ਕੀਤਾ ਵੱਡਾ 'ਧਮਾਕਾ'
ਸਾਰੇ ਧਰਮ ਦੇ ਲੋਕ ਕੋਰੋਨਾ ਨੂੰ ਪੰਜਾਬ ਤੋਂ ਭਜਾਉਣ
ਪ੍ਰਕਾਸ਼ ਸਿੰਘ ਬਾਦਲ ਨੇ ਇਹ ਸਪਸ਼ਟ ਕੀਤਾ ਕਿ ਸਾਨੂੰ ਅਮਰੀਕਾ ਅਤੇ ਯੂਰਪ ਦੇ ਮੁਲਕਾਂ ਦੀ ਵਿਗੜਦੀ ਹੋਈ ਹਾਲਤ ਨੂੰ ਦੇਖਦੇ ਹੋਏ ਇਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਸਰਕਾਰ ਨੂੰ ਸੜਕਾਂ 'ਤੇ ਆ ਕੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕੱਢਣਾ ਚਾਹੀਦਾ ਹੈ। ਉਨ੍ਹਾਂ ਇਹ ਗੱਲ ਸਪਸ਼ਟ ਕੀਤੀ ਕਿ ਇਕ ਦੂਜੇ 'ਤੇ ਦੋਸ਼ ਲਗਾਉਣ ਦੀ ਬਿਆਨਬਾਜ਼ੀ ਨੂੰ ਬੰਦ ਕਰਕੇ ਸਾਰਿਆਂ ਧਰਮਾਂ ਦੇ ਲੋਕ ਇਕਜੁੱਟ ਹੋ ਕੇ ਕੋਰੋਨਾ ਨੂੰ ਪੰਜਾਬ ਤੋਂ ਭਜਾਉਣ। ਪ੍ਰਕਾਸ਼ ਸਿੰਘ ਬਾਦਲ ਨੇ ਕਿਸੇ ਵੀ ਅਧਿਕਾਰੀ ਅਤੇ ਸਰਕਾਰ 'ਤੇ ਦੋਸ਼ ਨਾ ਲਾਉਂਦੇ ਹੋਏ ਇਹ ਚਿਤਾਵਨੀ ਦਿੱਤੀ ਕਿ ਇਸ ਮੌਕੇ 'ਤੇ ਜਿਹੜਾ ਵੀ ਕੋਈ ਪੈਸੇ ਦਾ ਲਾਲਚ ਕਰਦਾ ਹੈ ਜਾਂ ਗਰੀਬ ਅਤੇ ਬੀਮਾਰ ਭੁੱਖੇ ਲੋਕਾਂ ਦੀਆਂ ਆਹਾਂ ਲੈਂਦਾ ਹੈ ਇਹ ਸਭ ਤੋਂ ਵੱਡਾ ਅਪਰਾਧ ਹੈ। ਇਹੋ ਜਿਹੇ ਮੌਕਾ ਪ੍ਰਸਤੀ ਦੇ ਲਾਲਚ ਤੋਂ ਕੋਈ ਬੱਚ ਨਹੀਂ ਸਕਦਾ। ਹੁਣ ਵੇਲਾ ਹੈ ਇਨਸਾਨੀਅਤ ਨੂੰ ਬਚਾਉਣਾ ਦਾ।
ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਧਰਤੀ ਨੂੰ ਗੁਰੂਆਂ ਪੀਰਾਂ ਦਾ ਆਸ਼ੀਰਵਾਦ ਲੈਂਦੇ ਹੋਏ ਕਿਹਾ ਕਿ ਸਾਰੇ ਧਾਰਮਿਕ ਅਦਾਰੇ ਭਾਵੇਂ ਮੰਦਿਰ, ਮਸਜ਼ਿਦ, ਗੁਰਦੁਆਰੇ ਹੋਣ ਜਾਂ ਹੋਵੇ ਸਰਕਾਰ ਸਭ ਨੂੰ ਗੁੱਲਕਾਂ ਖੋਲ੍ਹ ਕੇ ਗਰੀਬ, ਬੀਮਾਰ ਅਤੇ ਜ਼ਰੂਰਤਮੰਦਾਂ ਦੀ ਮਦਦ ਕਰਨੀ ਚਾਹੀਦੀ ਹੈ ਕਿਉਂ ਕਿ ਇਹ ਲੰਬੀ ਲੜਾਈ ਹੈ। ਇਸ ਲਈ ਸਾਨੂੰ ਲੜਣ ਲਈ ਇਕ ਮਤ ਅਤੇ ਇਕਜੁੱਟ ਹੋਣਾ ਪਵੇਗਾ। ਗੁਰੂਆਂ ਦੇ ਆਸ਼ੀਰਵਾਦ ਦੇ ਨਾਲ ਪੰਜਾਬ 'ਚ ਰੋਟੀ ਦੀ ਕੋਈ ਫਿਕਰ ਨਹੀਂ ਹੈ ਪਰ ਫਿਰ ਵੀ ਹੁਣ ਸਾਨੂੰ ਇਨਸਾਨੀਅਤ ਦੀ ਸੇਵਾ ਕਰਨ ਤੋਂ ਪਿੱਛੇ ਨਹੀਂ ਹੱਟਣਾ ਚਾਹੀਦਾ।
ਇਹ ਵੀ ਪੜ੍ਹੋ : ਪਾਵਰਕਾਮ ਦਾ ਵੱਡਾ ਫੈਸਲਾ: ਕੱਲ੍ਹ ਤੋਂ ਖੁੱਲ੍ਹਣਗੇ ਕੈਸ਼ ਕਾਊਂਟਰ, ਹੋਵੇਗੀ ਮੀਟਰ ਰੀਡਿੰਗ ਸ਼ੁਰੂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕਰਦਿਆਂ ਹੋਏ ਵੱਡੇ ਬਾਦਲ ਨੇ ਕਿਹਾ ਕਿ ਇਸ ਲੜਾਈ 'ਚ ਜਿੱਤ ਹਾਸਲ ਕਰਨ ਲਈ ਨਰਿੰਦਰ ਮੋਦੀ ਨੇ ਜੋ ਨਾਂ ਕਮਾਇਆ ਹੈ, ਉਸ ਨਾਲ ਦੁਨੀਆ 'ਚ ਭਾਰਤ ਦਾ ਨਾਂ ਉੱਚਾ ਹੋਇਆ ਹੈ। ਸਾਡਾ ਫਰਜ਼ ਬਣਦਾ ਹੈ ਕਿ ਕੋਰੋਨਾ ਦੀ ਲੜਾਈ ਲੜਣ ਵਾਲੇ ਡਾਕਟਰ, ਨਰਸਾਂ, ਸਰਕਾਰੀ ਮੁਲਾਜ਼ਮ ਅਤੇ ਪੁਲਸ ਮੁਲਾਜ਼ਮਾਂ ਦੀ ਦਿੱਲੋਂ ਇੱਜ਼ਤ ਅਤੇ ਮਾਣ ਕਰੀਏ ਕਿਉਂਕਿ ਉਹ ਆਪਣਾ ਘਰ ਛੱਡ ਕੇ ਸਾਡੀ ਅਤੇ ਸਾਡੇ ਪਰਿਵਾਰ ਦੀ ਰੱਖਿਆ ਕਰ ਰਹੇ ਹਨ। ਵੱਡੇ ਬਾਦਲ ਨੇ ਹਰ ਧਰਮਾਂ ਦੇ ਮੁਖੀਆਂ ਨੂੰ ਅਤੇ ਆਮ ਸੰਗਤ ਨੂੰ ਇਹ ਅਪੀਲ ਕੀਤੀ ਕਿ ਰੋਜ਼ਾਨਾ ਮੰਦਰ, ਮਸਜ਼ਿਦ ਅਤੇ ਗੁਰਦੁਆਰੇ 'ਚ ਕੋਰੋਨਾ ਤੋਂ ਮੁਕਤੀ ਲਈ ਰੋਜ਼ ਅਰਦਾਸਾਂ ਕੀਤੀਆਂ ਜਾਣ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਇਲਾਵਾ ਬਾਕੀ ਤਖਤਾਂ ਦੇ ਜਥੇਦਾਰਾਂ ਨੂੰ ਇਹ ਬੇਨਤੀ ਕੀਤੀ ਕਿ ਇਨਸਾਨੀਅਤ ਨੂੰ ਬਚਾਉਣ ਲਈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਹਰ ਰੋਜ਼ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਗੁਰੂ ਦੇ ਆਸ਼ੀਰਵਾਦ ਨਾਲ ਅਸੀਂ ਇਸ ਬੀਮਾਰੀ ਤੋਂ ਮੁਕਤੀ ਪਾ ਸਕਾਂਗੇ।