ਮੰਚ ਤੋਂ ਕੈਪਟਨ ਨੂੰ ਵੱਡੇ ਬਾਦਲ ਦਾ ਚੈਲੰਜ, ਕਿਹਾ ‘ਵਾਅਦੇ ਪੂਰੇ ਕਰੋ ਜਾਂ ਗੱਦੀ ਛੱਡੋ’

02/13/2020 7:36:27 PM

ਰਾਜਾਸਾਂਸੀ - ਚੋਣਾਂ ਦੇ ਸਮੇਂ ਕਾਂਗਰਸ ਸਰਕਾਰ ਵਲੋਂ ਜਨਤਾ ਨਾਲ ਕਈ ਤਰ੍ਹਾਂ ਦੇ ਵਾਅਦੇ ਕੀਤੇ ਗਏ ਸਨ, ਜਿਨ੍ਹਾਂ ਦੀ ਪੋਲ ਖੋਲ੍ਹਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਰਾਜਾਸਾਂਸੀ ਵਿਖੇ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਨੇ ਮੰਚ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਚੈਲੰਜ ਕੀਤਾ। ਉਨ੍ਹਾਂ ਕੈਪਟਨ ਨੂੰ ਕਿਹਾ ਕਿ ਉਹ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਜਾਂ ਆਪਣੀ ਗੱਦੀ ਛੱਡ ਦੇਣ। ਕੈਪਟਨ ’ਤੇ ਨਿਸ਼ਾਨਾ ਵਿਨ੍ਹਦੇ ਪ੍ਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਨੇ ਚੋਣ ਜਿੱਤਣ ਤੋਂ ਪਹਿਲਾਂ ਗੁਟਕਾ ਸਾਹਿਬ ’ਤੇ ਹੱਥ ਰੱਖ ਕੇ ਝੂਠ ਬੋਲਿਆ ਅਤੇ ਕਈ ਵਾਅਦੇ ਕੀਤੇ। ਕੁਰਸੀ ਹਾਸਲ ਕਰਨ ਲਈ ਕੈਪਟਨ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਖਿਲਾਫੀ ਅਤੇ ਧੋਖਾ ਕਰਨ ਦੇ ਨਾਲ-ਨਾਲ ਝੂਠੀਆਂ ਕਸਮਾਂ ਖਾਧੀਆਂ। ਕੈਪਟਨ ਇਕ ਵੀ ਵਾਅਦਾ ਗਿਣਾ ਦੇਵੇ ,ਜੋ ਉਸਨੇ ਪੂਰਾ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਵਾਅਦਾ ਖ਼ਿਲਾਫ਼ੀ ਕਰਨ ਵਾਲਿਆਂ ਖਿਲਾਫ਼ ਕਾਨੂੰਨ ਬਣਨਾ ਚਾਹੀਦਾ ਹੈ।

ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਸਾਰੇ ਵਰਗਾਂ ਦੇ ਲੋਕ ਝੂਠੀ ਕਾਂਗਰਸ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ। ਮੁੱਖ ਮੰਤਰੀ ਬਣਨ ਤੋਂ ਬਾਅਦ ਕੈਪਟਨ ਨੇ ਆਪਣੇ ਕਿਸੇ ਵੀ ਮੰਤਰੀ ਨਾਲ ਮੁਲਾਕਾਤ ਨਹੀਂ ਕੀਤੀ, ਜਿਸ ਕਾਰਨ ਉਸ ਦੇ ਆਪਣੇ ਮੰਤਰੀ ਉਸ ਤੋਂ ਨਾਰਾਜ਼ ਹੋ ਰਹੇ ਹਨ। ਕੈਪਟਨ ਦੇ ਕੋਲ ਪੰਜਾਬ ਦੇ ਲੋਕਾਂ ਨਾਲ ਮੁਲਾਕਾਤ ਕਰਨ ਨੂੰ ਸਮਾਂ ਹੀ ਨਹੀਂ, ਜਿਸ ਕਾਰਨ ਉਹ ਅੱਜ ਤੱਕ ਕਿਸੇ ਵੀ ਹਲਕੇ ’ਚ ਨਹੀਂ ਗਏ। ਰੈਲੀ ਨੂੰ ਸੰਬੋਧਨ ਕਰਦੇ ਹੋਏ ਬਾਦਲ ਨੇ ਕਿਹਾ ਕਿ ਸਾਰੇ ਧਰਮਾਂ ਦਾ ਸਤਿਕਾਰ ਕਰੋ। ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਨੂੰ ਹਮੇਸ਼ਾ ਆਪਸ ’ਚ ਮਿਲ ਕੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਆਪਣੀ ਸਰਕਾਰ ਦੇ ਸਮੇਂ ਹਰੇਕ ਧਰਮ ਦੇ ਲਈ ਧਾਰਮਿਕ ਸਥਾਨ ਬਣਾਏ ਪਰ ਕੈਪਟਨ ਸਰਕਾਰ ਨੇ ਇਨ੍ਹਾਂ 3 ਸਾਲਾ ’ਚ ਇਕ ਵੀ ਇਤਿਹਾਸਕ ਇਮਾਰਤ ਨਹੀਂ ਬਣਾਈ। ਇਸ ’ਚ ਸਾਬਕਾ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਮਜੀਠੀਆ ਸਣੇ ਕਈ ਆਗੂ ਮੌਜੂਦ ਹਨ।


rajwinder kaur

Content Editor

Related News