ਵਿਧਾਨ ਸਭਾ ਇਜਲਾਸ : 'ਪ੍ਰਕਾਸ਼ ਸਿੰਘ ਬਾਦਲ' ਨੂੰ ਬੈਠ ਕੇ ਬੋਲਣ ਦੀ ਮਿਲੀ ਇਜਾਜ਼ਤ
Wednesday, Nov 06, 2019 - 04:19 PM (IST)
ਚੰਡੀਗੜ੍ਹ (ਵਰੁਣ) : 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਪੀਕਰ ਰਾਣਾ ਕੇ. ਪੀ. ਸਿੰਘ ਵਲੋਂ ਬੈਠ ਕੇ ਬੋਲਣ ਦੀ ਇਜਾਜ਼ਤ ਦਿੱਤੀ ਗਈ। ਰਾਣਾ ਸਪੀਕਰ ਨੇ ਕਿਹਾ ਕਿ ਬਾਦਲ ਸਾਹਿਬ ਨੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਵਿਸ਼ੇਸ਼ ਇਜਲਾਸ ਨੂੰ ਖਾਸ ਤਵੱਜੋਂ ਦਿੱਤੀ ਹੈ ਅਤੇ ਸਦਨ 'ਚ ਸ਼ਾਮਲ ਹੋਏ ਹਨ, ਇਸ ਲਈ ਉਨ੍ਹਾਂ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਨੂੰ ਬੈਠ ਕੇ ਬੋਲਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ 'ਤੇ ਬਾਦਲ ਨੇ ਸਪੀਕਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਗੁਆਂਢੀ ਸੂਬੇ ਹਰਿਆਣਾ ਤੋਂ ਆਏ ਆਗੂਆਂ, ਮੁੱਖ ਮੰਤਰੀ, ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸਦਨ 'ਚ ਬੁਲਾਉਣ 'ਤੇ ਕੈਪਟਨ ਦਾ ਧੰਨਵਾਦ ਕੀਤਾ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਨਾਲ-ਨਾਲ ਉਨ੍ਹਾਂ ਦੇ ਉਪਦੇਸ਼ਾਂ ਨੂੰ ਮੰਨਣਾ ਚਾਹੀਦਾ ਹੈ।
ਗੁਰੂ ਨਾਨਕ ਸਾਹਿਬ 550 ਸਾਲ ਪਹਿਲਾਂ ਹੀ ਦੇ ਗਏ ਸੀ ਨਸੀਹਤ : ਬਾਦਲ
ਪ੍ਰਕਾਸ਼ ਸਿੰਘ ਬਾਦਲ ਨੇ ਸਦਨ 'ਚ ਪ੍ਰਦੂਸ਼ਣ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ 550 ਸਾਲ ਪਹਿਲਾਂ ਹੀ ਲੋਕਾਂ ਨੂੰ ਧਾਰਮਿਕ ਤੌਰ 'ਤੇ ਇਹ ਨਸੀਹਤ ਦੇ ਗਏ ਸਨ ਕਿ ਆਪਣੀ ਹਵਾ, ਪਾਣੀ ਅਤੇ ਧਰਤੀ ਨੂੰ ਸ਼ੁੱਧ ਰੱਖਿਆ ਜਾਵੇ ਅਤੇ ਇਸ 'ਤੇ ਗੰਦਗੀ ਨਾਲ ਫੈਲਾਈ ਜਾਵੇ। ਬਾਦਲ ਨੇ ਕਿਹਾ ਕਿ ਗੁਰਬਾਣੀ ਦੀਆਂ ਲਾਈਨਾਂ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ'' 'ਚ ਸਮਝਾਇਆ ਕਿ ਪਵਣੁ ਮਤਲਬ ਕਿ ਹਵਾ ਗੁਰੂ ਹੈ ਅਤੇ ਪਾਣੀ ਪਿਤਾ ਹੈ, ਜਦੋਂ ਕਿ ਧਰਤੀ ਮਾਤਾ ਹੈ, ਇਸ ਲਈ ਇਨ੍ਹਾਂ ਦਾ ਹਮੇਸ਼ਾ ਆਦਰ-ਸਤਿਕਾਰ ਕਰਨਾ ਚਾਹੀਦਾ ਹੈ ਕਦੇ ਵੀ ਤਿਰਸਕਾਰ ਨਹੀਂ ਕਰਨਾ ਚਾਹੀਦਾ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਜੋਕੇ ਸਮੇਂ 'ਚ ਜਿੰਨਾ ਪ੍ਰਦੂਸ਼ਣ ਫੈਲ ਰਿਹਾ ਹੈ, ਲੋਕਾਂ ਨੂੰ ਗੁਰੂ ਜੀ ਦੇ ਉਪਦੇਸ਼ਾਂ 'ਤੇ ਚੱਲਣ ਦੀ ਲੋੜ ਹੈ।
ਵਿਧਾਇਕਾਂ ਨੂੰ ਦਸਵੰਧ ਕੱਢਣ ਲਈ ਕਿਹਾ
ਪ੍ਰਕਾਸ਼ ਸਿੰਘ ਬਾਦਲ ਨੇ ਸਾਰੇ ਵਿਧਾਇਕਾਂ ਨੂੰ ਆਪੋ-ਆਪਣੀਆਂ ਤਨਖਾਹਾਂ 'ਚੋਂ ਦਸਵੰਧ ਕੱਢ ਕੇ ਸੁਲਤਾਨਪੁਰ ਲੋਧੀ ਵਿਖੇ ਦਿੱਤੇ ਜਾਣ ਦੀ ਗੱਲ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਅੱਗੇ ਰੱਖੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਬਾ ਸਰਕਾਰ ਵਲੋਂ ਗਰੀਬ ਬੱਚਿਆਂ ਨੂੰ ਵੀ ਤਾਲੀਮ ਦੇਣ ਦੀ ਗੱਲ ਕਹੀ।