ਹਰਸਿਮਰਤ ਦੇ ਅਸਤੀਫ਼ੇ ''ਤੇ ਪ੍ਰਕਾਸ਼ ਸਿੰਘ ਬਾਦਲ ਦਾ ਪਹਿਲਾ ਬਿਆਨ ਆਇਆ ਸਾਹਮਣੇ

Sunday, Sep 20, 2020 - 06:26 PM (IST)

ਹਰਸਿਮਰਤ ਦੇ ਅਸਤੀਫ਼ੇ ''ਤੇ ਪ੍ਰਕਾਸ਼ ਸਿੰਘ ਬਾਦਲ ਦਾ ਪਹਿਲਾ ਬਿਆਨ ਆਇਆ ਸਾਹਮਣੇ

ਚੰਡੀਗੜ੍ਹ (ਅਸ਼ਵਨੀ) : ਅਕਾਲੀ ਦਲ ਦੇ ਘਾਗ ਆਗੂ ਅਤੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਅਤੇ ਦੇਸ਼ ਦੇ ਹੋਰ ਭਾਗਾਂ ਦੇ ਕਿਸਾਨਾਂ ਨੂੰ ਬਚਾਉਣ ਵਾਸਤੇ ਲਈ ਮਜ਼ਬੂਤ ਅਤੇ ਸਿਧਾਂਤਕ ਸਟੈਂਡ 'ਤੇ ਬੇਹੱਦ ਤਸੱਲੀ ਤੇ ਮਾਣ ਮਹਿਸੂਸ ਕੀਤਾ। ਇੱਥੇ ਜਾਰੀ ਕੀਤੇ ਇਕ ਬਿਆਨ ਵਿਚ ਬਾਦਲ ਨੇ ਕਿਹਾ ਕਿ ਮੈਨੂੰ ਖੁਸ਼ੀ ਤੇ ਮਾਣ ਹੈ ਕਿ ਜਦੋਂ ਵੀ ਲੋੜ ਪਈ ਤਾਂ ਮੇਰੀ ਪਾਰਟੀ ਨੇ ਹਮੇਸ਼ਾ ਕਿਸਾਨਾਂ ਤੇ ਸਮਾਜ ਦੇ ਹੋਰ ਦੱਬੇ-ਕੁਚਲੇ ਵਰਗਾਂ ਲਈ ਨਿਆਂ ਦਾ ਝੰਡਾ ਬੁਲੰਦ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਦਾ ਹਮੇਸ਼ਾ ਅਹੁਦਿਆਂ ਦੀ ਖਿੱਚ ਤਿਆਗਣ ਤੇ ਸਿਧਾਂਤਾਂ ਲਈ ਡਟਣ ਦਾ ਇਤਿਹਾਸ ਰਿਹਾ ਹੈ। ਅਹੁਦਿਆਂ ਦੀ ਖਿੱਚ ਇਕ ਅਕਾਲੀ ਲਈ ਕੁਝ ਵੀ ਨਹੀਂ।

ਇਹ ਵੀ ਪੜ੍ਹੋ :  ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ 'ਤੇ ਰਣਜੀਤ ਸਿੰਘ ਬ੍ਰਹਮਪੁਰਾ ਦਾ ਵੱਡਾ ਬਿਆਨ

ਬਾਦਲ ਨੇ ਕੇਂਦਰ ਸਰਕਾਰ ਵਿਚੋਂ ਬਾਹਰ ਆਉਣ ਤੇ ਕਿਸਾਨਾਂ ਲਈ ਡਟਣ ਦੇ ਫ਼ੈਸਲੇ ਨੂੰ ਪਾਰਟੀ ਦੇ ਸਿਧਾਂਤਾਂ ਲਈ ਡਟਣ ਦੇ ਲੰਬੇ ਇਤਿਹਾਸ ਦਾ ਇਕ ਮਾਣਮੱਤਾ ਤੇ ਇਤਿਹਾਸਕ ਪਲ ਕਰਾਰ ਦਿੰਦਿਆਂ ਕਿਹਾ ਕਿ ਜਦੋਂ ਵੀ ਲਕੀਰ ਖਿੱਚੀ ਜਾਂਦੀ ਹੈ ਤੇ ਪਾਰਟੀ ਹਮੇਸ਼ਾ ਲੋਕਾਂ ਵੱਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਦੀ ਦਸ਼ਾ ਬਹੁਤ ਤਰਸਯੋਗ ਬਣੀ ਹੋਈ ਹੈ। ਜਦੋਂ ਵੀ ਦੇਸ਼ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਤਾਂ ਪੰਜਾਬ ਦੇ ਕਿਸਾਨ ਹਮੇਸ਼ਾ ਦੇਸ਼ ਦੇ ਬਚਾਅ ਵਿਚ ਆਏ ਹਨ। ਹੁਣ ਕਿਸਾਨਾਂ ਲਈ ਖੜ੍ਹਨ ਦੀ ਵਾਰੀ ਦੇਸ਼ ਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਵਿਚ ਇਕਲੌਤੀ ਪ੍ਰਤੀਨਿਧ ਹਰਸਿਮਰਤ ਬਾਦਲ ਦੇ ਅਸਤੀਫ਼ੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਸ ਲਈ ਕੋਈ ਵੀ ਚੀਜ਼ ਸਿਧਾਂਤਾਂ ਅਤੇ ਲੋਕਾਂ, ਖਾਸ ਤੌਰ 'ਤੇ ਕਿਸਾਨਾਂ, ਖੇਤ ਮਜ਼ਦੂਰਾਂ ਤੇ ਹੋਰ ਗਰੀਬ ਵਰਗਾਂ, ਜੋ ਆਪਣੇ ਅਧਿਕਾਰਾਂ ਲਈ ਲੜ ਰਹੇ ਹਨ, ਦੇ ਹਿੱਤਾਂ ਨਾਲੋਂ ਵਧ ਕੇ ਨਹੀਂ ਹੈ। ਮੇਰੇ ਕੋਲ ਇਹ ਦੱਸਣ ਲਈ ਸ਼ਬਦ ਨਹੀਂ ਹਨ ਕਿ ਮੇਰੀ ਪਾਰਟੀ ਦੇ ਇਸ ਫ਼ੈਸਲੇ ਤੋਂ ਮੈਂ ਕਿੰਨੀ ਖੁਸ਼ੀ 'ਤੇ ਮਾਣ ਮਹਿਸੂਸ ਕਰ ਰਿਹਾ ਹਾਂ। 

ਇਹ ਵੀ ਪੜ੍ਹੋ :  ਹਰਸਿਮਰਤ ਦੇ ਅਸਤੀਫ਼ੇ ਤੋਂ ਬਾਅਦ ਸਿੱਧੂ ਦੀ ਐਂਟਰੀ, 14 ਮਹੀਨਿਆਂ ਬਾਅਦ ਟਵਿੱਟਰ 'ਤੇ ਕੱਢੀ ਭੜਾਸ

ਬਾਦਲ ਨੇ ਹਰਸਿਮਰਤ ਨੂੰ ਕਿਸਾਨਾਂ ਲਈ ਦਲੇਰੀ ਨਾਲ ਬੋਲਣ ਤੇ ਉਨ੍ਹਾਂ ਨਾਲ ਉਨ੍ਹਾਂ ਦੀ 'ਭੈਣ ਤੇ ਧੀ' ਵਜੋਂ ਖੜ੍ਹੇ ਹੋਣ ਦਾ ਵਾਅਦਾ ਕਰਨ ਦੀ ਵੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸੇ ਦੀ ਆਸ ਲੋਕ ਅਕਾਲੀ ਲੀਡਰਸ਼ਿਪ ਤੋਂ ਕਰਦੇ ਹਨ ਤੇ ਮੈਨੂੰ ਇਸ 'ਤੇ ਬਹੁਤ ਮਾਣ ਹੈ । ਬਾਦਲ ਨੇ ਪਾਰਟੀ ਦੀ ਕੋਰ ਕਮੇਟੀ ਨੂੰ ਵੀ ਇਸ ਦਲੇਰਾਨਾ, ਇਤਿਹਾਸਕ ਤੇ ਸਿਧਾਂਤਕ ਸਟੈਂਡ ਦੀ ਵਧਾਈ ਦਿੱਤੀ ਤੇ ਉਸਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਅਜਿਹੇ ਫ਼ੈਸਲੇ ਦਾ ਹਿੱਸਾ ਨਹੀਂ ਹੋ ਸਕਦਾ ਜੋ ਕਿਸਾਨਾਂ ਦੇ ਹਿੱਤਾਂ ਦੇ ਖ਼ਿਲਾਫ਼ ਹੋਵੇ। ਬਾਦਲ ਨੇ ਸਮੂਹ ਪੰਜਾਬੀਆਂ ਤੇ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਨਿਆਂ ਲਈ ਇਸ ਸੰਘਰਸ਼ ਵਿਚ ਕਿਸਾਨਾਂ ਦਾ ਡਟ ਕੇ ਸਾਥ ਦੇਣ।

ਇਹ ਵੀ ਪੜ੍ਹੋ :  ਹਰਸਿਮਰਤ ਨੇ ਕਿਸਾਨੀ ਲਈ ਬਲੀ ਦਿੱਤਾ ਮੰਤਰੀ ਪਦ, ਢੀਂਡਸਾ ਦੇ ਅਕਾਲੀ ਦਲ ਦੀ ਵਿਗਾੜ ਸਕਦੈ ਰਫ਼ਤਾਰ


author

Gurminder Singh

Content Editor

Related News