ਪਰਗਟ, ਰੰਧਾਵਾ ਤੇ ਚੰਨੀ ਨੇ ਸਰਕਾਰ ਖ਼ਿਲਾਫ਼ ਲੜਾਈ ਭਖਾਈ, 2022 ਦੀ ਅਗਵਾਈ ਲਈ ਕੈਪਟਨ ਨੂੰ ਦੱਸਿਆ ਆਯੋਗ

Tuesday, May 25, 2021 - 09:10 PM (IST)

ਚੰਡੀਗੜ੍ਹ (ਅਸ਼ਵਨੀ) : ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ 2022 ਵਿਚ ਕੈਪਟਨ ਦੀ ਲੀਡਰਸ਼ਿਪ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸੋਮਵਾਰ ਨੂੰ ਆਪਣੀ ਸਰਕਾਰੀ ਰਿਹਾਇਸ਼ ’ਤੇ ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਸਮੇਤ ਵਿਧਾਇਕਾਂ ਨਾਲ ਬੈਠਕ ਤੋਂ ਬਾਅਦ ਗੱਲਬਾਤ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਚੋਣ ਲੜੀ ਜਾਂਦੀ ਹੈ ਤਾਂ ਕਾਂਗਰਸ ਨੂੰ ਪੰਜਾਬ ਵਿਚ ਨੁਕਸਾਨ ਝੱਲਣਾ ਪੈ ਸਕਦਾ ਹੈ।

ਇਹ ਵੀ ਪੜ੍ਹੋ : 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ : 3 ਚੋਣਵੇਂ ਵਿਸ਼ਿਆਂ ’ਤੇ ਹੋ ਸਕਦੀ ਹੈ ਪ੍ਰੀਖਿਆ

ਪਰਗਟ ਸਿੰਘ ਨੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਉਸ ਬਿਆਨ ਦਾ ਵੀ ਸਮਰਥਨ ਕੀਤਾ, ਜਿਸ ਵਿਚ ਧੀਮਾਨ ਨੇ ਵਿਧਾਇਕਾਂ ਨੂੰ ਮਿਲ ਕੇ ਸਰਕਾਰ ਡੇਗਣ ਦੀ ਗੱਲ ਕਹੀ ਸੀ। ਪਰਗਟ ਨੇ ਕਿਹਾ ਕਿ ਧੀਮਾਨ ਨੇ ਜੋ ਕੁੱਝ ਕਿਹਾ, ਸਹੀ ਕਿਹਾ। ਪੰਜਾਬ ਕਾਂਗਰਸ ਵਿਚ ਵਿਰੋਧ ਹੈ ਅਤੇ ਇਹ ਸੱਚ ਸਭ ਦੇ ਸਾਹਮਣੇ ਹੈ। ਪਰਗਟ ਨੇ ਤਾਂ ਬਾਕੀ ਵਿਧਾਇਕਾਂ ਨੂੰ ਵੀ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਨੇਤਾ ਇੰਨੇ ਵੀ ਕਮਜ਼ੋਰ ਨਹੀਂ ਹੋਣੇ ਚਾਹੀਦੇ ਕਿ ਆਪਣੀ ਗੱਲ ਨਾ ਰੱਖ ਸਕਣ। ਜੇਕਰ ਨੇਤਾ ਹੀ ਆਗਾਹ ਨਹੀਂ ਕਰਨਗੇ ਤਾਂ ਸੱਤਾ ਵਿਚ ਬੈਠੇ ਇੰਝ ਮਹਿਸੂਸ ਕਰਨ ਲੱਗਣਗੇ ਕਿ ਉਹ ਜੋ ਕੁੱਝ ਕਰ ਰਹੇ ਹਨ, ਉਹ ਠੀਕ ਹੈ। ਅੱਜ ਜੋ ਸਥਿਤੀ ਹੈ, ਜਨਤਾ ਦੇ ਸਾਹਮਣੇ ਉਸ ਦਾ ਸਾਹਮਣਾ ਤਾਂ ਚੁਣੇ ਹੋਏ ਪ੍ਰਤੀਨਿਧੀਆਂ ਨੇ ਹੀ ਕਰਨਾ ਹੈ।

ਇਹ ਵੀ ਪੜ੍ਹੋ : ਕਾਂਗਰਸ ’ਚ ਚੱਲ ਰਹੇ ਕਲੇਸ਼ ’ਤੇ ਬਿਕਰਮ ਮਜੀਠੀਆ ਦਾ ਤੰਜ

ਜਾਖੜ ’ਤੇ ਵੀ ਲਾਇਆ ਨਿਸ਼ਾਨਾ
ਪਰਗਟ ਸਿੰਘ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ ਕਿ ਸੰਦੀਪ ਸੰਧੂ ਵਲੋਂ ਉਨ੍ਹਾਂ ਨੂੰ ਧਮਕਾਉਣ ਦੇ ਮਾਮਲੇ ਵਿਚ ਜਾਖੜ ਜੋ ਕਹਿ ਰਹੇ ਹਨ, ਉਸ ਦਾ ਐਂਗਲ ਪਤਾ ਨਹੀਂ ਕੀ ਹੈ ਪਰ ਸੱਚ ਤਾਂ ਇਹੀ ਹੈ ਕਿ ਅੱਜ ਤੱਕ ਮੁੱਖ ਮੰਤਰੀ ਦਫ਼ਤਰ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਜਾਖੜ ਨੂੰ ਵੀ ਅੰਦਰੂਨੀ ਸਥਿਤੀ ਪਤਾ ਹੈ ਪਰ ਉਨ੍ਹਾਂ ਦਾ ਕੰਮ ਪਾਰਟੀ ਵਿਚ ਸੰਤੁਲਨ ਬਿਠਾਉਣ ਦਾ ਹੈ ਅਤੇ ਉਹ ਇਸ ਕੰਮ ਨੂੰ ਬਾਖੂਬੀ ਕਰ ਰਹੇ ਹਨ। ਉਹ ਹਮੇਸ਼ਾ ਸੱਚ ਬੋਲਦੇ ਹਨ ਅਤੇ ਸ਼ੌਹਰਤ ਪਿੱਛੇ ਦੌੜਨ ਵਾਲਿਆਂ ਵਿਚੋਂ ਨਹੀਂ ਹਨ।

ਇਹ ਵੀ ਪੜ੍ਹੋ : ਬਾਜਵਾ ਦਾ ਪ੍ਰਧਾਨ ਮੰਤਰੀ ਨੂੰ ਟਵੀਟ, ‘ਕਿਸਾਨਾਂ ਨੂੰ ਕੋਰੋਨਾ ਤੋਂ ਵੱਧ ਖੇਤੀ ਕਾਨੂੰਨਾਂ ਦਾ ਡਰ’

ਉਨ੍ਹਾਂ ਦਸ ਸਾਲ ਤੱਕ ਹਿੰਦੁਸਤਾਨ ਲਈ ਕਪਤਾਨ ਦੀ ਭੂਮਿਕਾ ਨਿਭਾਈ ਹੈ ਅਤੇ ਇਹ ਉਨ੍ਹਾਂ ਦਾ ਟ੍ਰੈਕ ਰਿਕਾਰਡ ਰਿਹਾ ਹੈ ਕਿ ਕਦੇ ਵੀ ਆਪਣੇ ਬਿਆਨ ਤੋਂ ਪਿੱਛੇ ਨਹੀਂ ਹਟੇ ਹਨ। ਉਨ੍ਹਾਂ ਕਦੇ ਸਟੇਟਮੈਂਟ ਦੇ ਕੇ ਉਸ ਨੂੰ ਵਿਦਡ੍ਰਾਅ ਨਹੀਂ ਕੀਤਾ ਹੈ। ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਹਿਲਾ ਕਮਿਸ਼ਨ ਦੇ ਨੋਟਿਸ ’ਤੇ ਪਰਗਟ ਸਿੰਘ ਨੇ ਕਿਹਾ ਕਿ ਇਹ ਬੇਹੱਦ ਮੰਦਭਾਗਾ ਹੈ ਕਿ ਇਕ ਪੀੜਤ ਔਰਤ ਦਾ ਟ੍ਰਾਇਲ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਦਫ਼ਤਰ ਤੋਂ ਲੈ ਕੇ ਮਹਿਲਾ ਕਮਿਸ਼ਨ ਤੱਕ ਦਾ ਇਹ ਰਵੱਈਆ ਠੀਕ ਨਹੀਂ ਹੈ। ਇਸ ਦਾ ਸਮਾਜ ’ਤੇ ਚੰਗਾ ਪ੍ਰਭਾਵ ਨਹੀਂ ਪੈ ਰਿਹਾ।

ਇਹ ਵੀ ਪੜ੍ਹੋ : ਖਾਲਿਸਤਾਨ ਟਾਈਗਰ ਫੋਰਸ ਦੇ ਕਾਰਕੁਨਾਂ ਵੱਲੋਂ ਵੱਡੇ ਖ਼ੁਲਾਸੇ, ਸੁੱਖਾ ਲੰਮੇ ਦੇ ਕਤਲ ਦਾ ਬਿਆਨ ਕੀਤਾ ਪੂਰਾ ਸੱਚ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News