CM ਮਾਨ ਨੇ ਮਾਪਿਆਂ ਨੂੰ ਟੀਕਾਕਰਨ ਦੀ ਸਮਾਂ-ਸਾਰਣੀ ਯਾਦ ਕਰਵਾਉਣ ਵਾਲੀ ਆਟੋਮੈਟਿਕ ਸਹੂਲਤ ਦੀ ਕੀਤੀ ਸ਼ੁਰੂਆਤ

Saturday, May 28, 2022 - 06:17 PM (IST)

CM ਮਾਨ ਨੇ ਮਾਪਿਆਂ ਨੂੰ ਟੀਕਾਕਰਨ ਦੀ ਸਮਾਂ-ਸਾਰਣੀ ਯਾਦ ਕਰਵਾਉਣ ਵਾਲੀ ਆਟੋਮੈਟਿਕ ਸਹੂਲਤ ਦੀ ਕੀਤੀ ਸ਼ੁਰੂਆਤ

ਚੰਡੀਗੜ੍ਹ (ਬਿਊਰੋ) : ਸੂਬੇ ਭਰ ਦੇ ਬੱਚਿਆਂ ਦਾ ਲਾਜ਼ਮੀ ਟੀਕਾਕਰਨ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 0 ਤੋਂ 5 ਸਾਲ ਦੀ ਉਮਰ ਦੇ ਨਵਜੰਮੇ ਬੱਚਿਆਂ ਦੇ ਮਾਪਿਆਂ ਨੂੰ ਮੋਬਾਈਲ ਫੋਨਜ਼ ’ਤੇ ਟੀਕਾਕਰਨ ਲਈ  ਸਮਾਂ-ਸਾਰਣੀ ਬਾਰੇ ਸੰਦੇਸ਼ ਭੇਜਣ ਦੀ ਸ਼ੁਰੂਆਤ ਕੀਤੀ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਇਸ ਵੱਡੇ ਕਾਰਜ ਨੂੰ ਇਕ ਮੁਹਿੰਮ ਵਜੋਂ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਟੀਕਾਕਰਨ ਦੀ ਸਮਾਂ-ਸਾਰਣੀ ਅਤੇ ਨਜ਼ਦੀਕੀ ਟੀਕਾਕਰਨ ਕੇਂਦਰ ਦੇ ਵੇਰਵਿਆਂ ਵਾਲਾ ਸੁਨੇਹਾ ਮਾਪਿਆਂ ਦੇ ਰਜਿਸਟਰਡ ਮੋਬਾਈਲ ਨੰਬਰਾਂ ’ਤੇ ਆਪਣੇ ਆਪ ਭੇਜ ਦਿੱਤਾ ਜਾਇਆ ਕਰੇਗਾ। ਇਹ ਸਹੂਲਤ ਪੰਜਾਬ ਦੀ ਟੀਕਾਕਰਨ ਸਥਿਤੀ ਨੂੰ ਸੁਧਾਰਨ ’ਚ ਮਦਦਗਾਰ ਸਾਬਤ ਹੋਵੇਗੀ।

ਇਹ ਵੀ ਪੜ੍ਹੋ : ਖੰਨਾ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਮਾਂ ਸਣੇ ਜੁੜਵਾ ਬੱਚਿਆਂ ਦੀ ਹੋਈ ਮੌਤ

ਇਸ ਸਹੂਲਤ ਦੀ ਰੂਪ-ਰੇਖਾ ਬਾਰੇ ਗੱਲ ਕਰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਆਟੋਮੈਟਿਕ ਅਲਰਟ ਸਹੂਲਤ ਦੋਭਾਸ਼ੀ ਭਾਸ਼ਾ (ਪੰਜਾਬੀ ਅਤੇ ਅੰਗਰੇਜ਼ੀ) ਵਿਚ ਉਪਲੱਬਧ ਹੋਵੇਗੀ। ਇਸ ਸਹੂਲਤ ਦਾ ਉਦੇਸ਼ ਸਾਰੇ ਮਾਪਿਆਂ (ਪੰਜਾਬ ਦੇ ਨਾਗਰਿਕ) ਨੂੰ ਉਨ੍ਹਾਂ ਦੇ ਬੱਚਿਆਂ ਦੇ ਸਮੇਂ ਸਿਰ ਟੀਕਾਕਰਨ ਲਈ ਜਾਗਰੂਕ ਕਰਨਾ ਅਤੇ ਜਾਗਰੂਕਤਾ ਫੈਲਾਉਣ ਤੋਂ ਇਲਾਵਾ ਬੱਚਿਆਂ ਦੇ ਟੀਕਾਕਰਨ (31 ਟੀਕਿਆਂ) ਦੀ ਸਮਾਂ-ਸਾਰਣੀ ਦੀ ਨਿਗਰਾਨੀ ਕਰਨਾ ਤੇ ਪਤਾ ਲਗਾਉਣਾ ਹੈ।

ਇਹ ਵੀ ਪੜ੍ਹੋ : 24 ਘੰਟਿਆਂ ’ਚ ਸੁਲਝੀ ਬਜ਼ੁਰਗ ਜੋੜੇ ਦੇ ਕਤਲ ਦੀ ਗੁੱਥੀ, ਪੁੱਤ ਨੇ ਹੀ ਮਰਵਾਏ ਸੀ ਮਾਪੇ

ਬੁਲਾਰੇ ਨੇ ਅੱਗੇ ਕਿਹਾ ਕਿ ਇਸ ਸਹੂਲਤ ਰਾਹੀਂ 4 ਲੱਖ ਤੋਂ ਵੱਧ ਰਜਿਸਟਰਡ ਜਨਮਾਂ ਦੇ ਮੌਜੂਦਾ ਸਾਲ ਦੇ ਅੰਕੜਿਆਂ ਨੂੰ ਕਵਰ ਕੀਤਾ ਜਾਵੇਗਾ ਅਤੇ ਅਗਲੇ 5 ਸਾਲਾਂ (ਪੂਰੀ ਟੀਕਾਕਰਨ ਉਮਰ) ਲਈ ਉਨ੍ਹਾਂ ਦੇ ਟੀਕਾਕਰਨ ’ਤੇ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਪਹਿਲਕਦਮੀ ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ। ਬੁਲਾਰੇ ਨੇ ਦੱਸਿਆ ਕਿ ਇਹ ਸਹੂਲਤ ਪੰਜਾਬ ਸੂਬੇ ’ਚ ਰਜਿਸਟਰਡ ਜਨਮਾਂ ਦੇ ਅੰਕੜਿਆਂ (ਈ-ਸੇਵਾ) ਨਾਲ ਲਿੰਕ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਟੀਕਾਕਰਨ ਰੀਮਾਈਂਡਰ ਸੇਵਾਵਾਂ ਅਨੇਕਾਂ ਦੇਸ਼ਾਂ ’ਚ ਟੀਕਾਕਰਨ ਨੂੰ 20 ਫੀਸਦੀ ਤੱਕ ਵਧਾਉਣ ’ਚ ਪ੍ਰਭਾਵਸ਼ਾਲੀ ਰਹੀਆਂ ਹਨ ਅਤੇ ਅਜਿਹੇ ਬਹੁਤ ਸਾਰੇ ਵਿਗਿਆਨਕ ਅਧਿਐਨ ਹਨ, ਜਿਨ੍ਹਾਂ ਨੇ ਟੀਕਾਕਰਨ ਰੀਮਾਈਂਡਰ ਦੀ ਪ੍ਰਭਾਵਸ਼ੀਲਤਾ ਨੂੰ ਦਰਸਾਇਆ ਹੈ। ਇਸ ਸਹੂਲਤ ਨੂੰ ਜਾਰੀ ਕਰਨ ਮੌਕੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂੰ ਪ੍ਰਸਾਦ, ਪ੍ਰਮੁੱਖ ਸਕੱਤਰ ਪ੍ਰਸ਼ਾਸਕੀ ਸੁਧਾਰ ਤੇਜਵੀਰ ਸਿੰਘ, ਸਕੱਤਰ ਸਿਹਤ ਡਾ. ਅਜੋਏ ਸ਼ਰਮਾ ਅਤੇ ਡਾਇਰੈਕਟਰ ਪ੍ਰਸ਼ਾਸਕੀ ਸੁਧਾਰ ਗਿਰੀਸ਼ ਦਿਆਲਨ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਟਰਾਂਸਪੋਰਟ ਮੰਤਰੀ ਭੁੱਲਰ ਨੇ ਸਕੂਲ ਪ੍ਰਬੰਧਕਾਂ ਨੂੰ ਬੱਸਾਂ ਦਾ ਬਕਾਇਆ ਟੈਕਸ ਭਰਨ ਸਬੰਧੀ ਦਿੱਤੀ ਇਹ ਹਦਾਇਤ
  


author

Manoj

Content Editor

Related News