ਆਈ. ਜੀ. ਉਮਰਾਨੰਗਲ ਦੀ ਗ੍ਰਿਫਤਾਰੀ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਦਾ ਵੱਡਾ ਬਿਆਨ
Monday, Feb 18, 2019 - 07:19 PM (IST)
ਚੰਡੀਗੜ੍ਹ : ਬਹਿਬਲ ਕਲਾਂ ਗੋਲੀ ਕਾਂਡ ਤੇ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਐੱਸ.ਆਈ. ਟੀ. ਵਲੋਂ ਸੋਮਵਾਰ ਨੂੰ ਇਸ ਕੇਸ 'ਚ ਵੱਡੀ ਕਾਰਵਾਈ ਕਰਦੇ ਹੋਏ ਆਈ. ਜੀ. ਪਰਮਰਾਜ ਸਿੰਘ ਉਮਰਾ ਨੰਗਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਪਰੰਤ ਐੱਸ. ਆਈ. ਟੀ. ਦੇ ਸੀਨੀਅਰ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਕਾਨੂੰਨ ਮੁਤਾਬਕ ਸਬੂਤਾਂ ਦੇ ਆਧਾਰ 'ਤੇ ਆਈ. ਜੀ. ਉਮਰਾਨੰਗਲ ਦੀ ਗ੍ਰਿਫਤਾਰੀ ਕੀਤੀ ਗਈ। ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਵੀ ਪੁੱਛਗਿੱਛ ਦੌਰਾਨ ਇਹ ਖੁਲਾਸਾ ਕਰ ਚੁੱਕੇ ਹਨ ਕਿ ਪਰਮਰਾਜ ਉਮਰਾਨੰਗਲ ਦੀ ਅਗਵਾਈ 'ਚ ਹੀ ਇਹ ਗੋਲੀ ਚੱਲੀ ਸੀ, ਜਿਸ ਵਿਚ ਦੋ ਬੇਕਸੂਰ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਆਈ. ਜੀ. ਉਮਰਾਨੰਗਲ ਨੂੰ ਫਰੀਦਕੋਟ ਦੀ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਂ ਜੋਂ ਉਨ੍ਹਾਂ ਪਾਸੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਸਕੇ।
ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਜਾਂਚ ਵਿਚ ਪੁਲਸ ਦੇ ਇਹ ਤੱਥ ਵੀ ਗਲਤ ਸਾਬਤ ਹੋਏ ਹਨ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਭੀੜ ਵਲੋਂ ਹਮਲਾ ਕਰਨ ਤੋਂ ਬਾਅਦ ਗੋਲੀ ਚਲਾਈ ਗਈ ਸੀ। ਜਦਕਿ ਬਹਿਬਲ ਕਲਾਂ ਵਿਚ ਤਾਂ ਸੰਗਤ ਸ਼ਾਂਤੀਪੂਰਨ ਢੰਗ ਰੋਸ ਪ੍ਰਦਰਸ਼ਨ ਕਰ ਰਹੀ ਸੀ, ਜਿਨ੍ਹਾਂ ਨੂੰ ਜਾਣ ਬੁੱਝ ਕੇ ਭੜਕਾਇਆ ਗਿਆ ਸੀ।
ਅੱਗੇ ਬੋਲਦੇ ਹੋਏ ਕੁੰਵਰ ਪ੍ਰਤਾਪ ਨੇ ਕਿਹਾ ਕਿ ਗੋਲੀ ਕਿਸ ਨੇ ਚਲਵਾਈ ਅਤੇ ਚਲਾਈ ਸੀ, ਜਲਦ ਹੀ ਇਸ ਬਾਰੇ ਵੱਡਾ ਖੁਲਾਸਾ ਕੀਤਾ ਜਾਵੇਗਾ। ਐੱਸ. ਆਈ. ਟੀ. ਇਸ ਮਾਮਲੇ 'ਚ ਹਰ ਪਹਿਲੂ 'ਤੇ ਜਾਂਚ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕੀਤਾ ਜਾਵੇਗਾ।