6ਵੀਂ ਮੰਜ਼ਿਲ ਤੋਂ ਛਾਲ ਮਾਰ ਪਰਮਜੀਤ ਨੇ ਕੀਤੀ ਖੁਦਕੁਸ਼ੀ, ਕੈਪਟਨ ਵਲੋਂ ਜਾਂਚ ਦੇ ਹੁਕਮ
Saturday, Oct 12, 2019 - 08:48 AM (IST)

ਚੰਡੀਗੜ੍ਹ (ਭੁੱਲਰ, ਸੰਦੀਪ) : ਪੰਜਾਬ ਸਿਵਲ ਸਕੱਤਰੇਤ ਦੀ 6ਵੀਂ ਮੰਜ਼ਿਲ ਤੋਂ ਸ਼ੁੱਕਰਵਾਰ ਸਵੇਰੇ ਸੁਪਰਵਾਈਜ਼ਰ ਪਰਮਜੀਤ ਸਿੰਘ ਨੇ ਛਾਲ ਮਾਰ ਦਿੱਤੀ ਸੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਸੈਕਟਰ-16 ਹਸਪਤਾਲ ਪਹੁੰਚਾਇਆ ਗਿਆ ਪਰ ਇੱਥੇ ਡਾਕਟਰਾਂ ਨੂੰ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮ੍ਰਿਤਕ ਦੀ ਜੇਬ 'ਚੋਂ ਮਿਲੇ ਸੁਸਾਈਡ ਨੋਟ ਤੋਂ ਬਾਅਦ ਮੁੱਖ ਸਕੱਤਰ ਨੂੰ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਜਾਣਕਾਰੀ ਮੁਤਾਬਕ ਸੈਕਟਰ-23 ਵਾਸੀ ਪਰਮਜੀਤ ਸਿੰਘ (ਮ੍ਰਿਤਕ) ਸਕੱਤਰੇਤ 'ਚ ਫਾਈਨਾਂਸ਼ੀਅਲ ਕਮਿਸ਼ਨਰ ਦਫਤਰ 'ਚ ਰਿਕਾਰਡ ਬ੍ਰਾਂਚ 'ਚ ਸੁਪਰਵਾਈਜ਼ਰ ਵਜੋਂ ਤਾਇਨਾਤ ਸੀ। ਸੈਕਟਰ-3 ਥਾਣਾ ਪੁਲਸ ਮੁਤਾਬਕ ਰੋਜ਼ਾਨਾ ਦੀ ਤਰ੍ਹਾਂ ਪਰਮਜੀਤ ਸ਼ੁੱਕਰਵਾਰ ਸਵੇਰੇ ਪੰਜਾਬ ਸਕੱਤਰੇਤ 'ਚ ਡਿਊਟੀ 'ਤੇ ਪੁੱਜਿਆ ਸੀ। ਸਾਰੇ ਮੁਲਾਜ਼ਮ ਕੰਮ 'ਤੇ ਪਹੁੰਚ ਹੀ ਰਹੇ ਸਨ ਕਿ ਅਚਾਨਕ ਸਭ ਨੇ ਇਮਾਰਤ 'ਚੋਂ ਕੁਝ ਡਿਗਣ ਦੀ ਆਵਾਜ਼ ਸੁਣੀ। ਜਦੋਂ ਮੁਲਾਜ਼ਮ ਮੌਕੇ 'ਤੇ ਪੁੱਜੇ ਤਾਂ ਦੇਖਿਆ ਕਿ ਪਰਮਜੀਤ ਲਹੂ-ਲੁਹਾਨ ਹਾਲਤ 'ਚ ਪਿਆ ਸੀ। ਮੌਕੇ 'ਤੇ ਪੁੱਜੀ ਪੀ. ਸੀ. ਆਰ. ਨੇ ਪਰਮਜੀਤ ਨੂੰ ਸੈਕਟਰ-16 ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।
ਪੁਲਸ ਨੂੰ ਮ੍ਰਿਤਕ ਕੋਲੋਂ ਇਕ ਸੁਸਾਈਡ ਨੋਟ ਵੀ ਮਿਲਿਆ, ਜਿਸ 'ਚ ਪਰਮਜੀਤ ਨੇ ਮੌਤ ਦਾ ਕਾਰਨ ਬੀਮਾਰੀ ਤੋਂ ਪਰੇਸ਼ਾਨੀ ਦੱਸਿਆ। ਉਸ ਨੇ ਸੁਸਾਈਡ ਨੋਟ 'ਚ ਆਲ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਸ ਦੀ ਨੌਕਰੀ ਉਸ ਦੇ ਬੱਚੇ ਨੂੰ ਦਿੱਤੀ ਜਾਵੇ। ਉਸ ਨੇ ਲਿਖਿਆ ਹੈ ਕਿ ਉਹ ਬਹੁਤ ਗਰੀਬ ਹੈ ਅਤੇ ਇਸੇ ਨੌਕਰੀ ਨਾਲ ਉਸ ਦੇ ਪੂਰੇ ਪਰਿਵਾਰ ਦਾ ਖਰਚਾ ਚੱਲਦਾ ਸੀ।
ਮੁੱਖ ਮੰਤਰੀ ਵਲੋਂ ਜਾਂਚ ਦੇ ਹੁਕਮ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰਮਜੀਤ ਸਿੰਘ ਖੁਦਕੁਸ਼ੀ 'ਤੇ ਦੁੱਖ ਜ਼ਾਹਰ ਕਰਦੇ ਹੋਏ ਇਸ ਸਬੰਧੀ 'ਚ ਮੁੱਖ ਸਕੱਤਰ ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਪਰਮਜੀਤ ਨੇ ਖੁਦਕੁਸ਼ੀ ਨੋਟ 'ਚ ਸਿਰਫ ਖਰਾਬ ਸਿਹਤ ਦੇ ਕਾਰਨ ਪਰੇਸ਼ਾਨੀ ਦਾ ਜ਼ਿਕਰ ਕੀਤਾ ਹੈ ਅਤੇ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਪਰ ਸਕੱਤਰੇਤ ਦੇ ਗਲਿਆਰਿਆਂ 'ਚ ਚਰਚਾ ਰਹੀ ਕਿ ਸੀਨੀਅਰ ਅਧਿਕਾਰੀ ਦੇ ਰਵੱਈਏ ਤੋਂ ਤੰਗ ਆ ਕੇ ਪਰਮਜੀਤ ਨੇ ਅਜਿਹਾ ਕੀਤਾ ਹੈ। ਦੱਸ ਦੇਈਏ ਕਿ ਉਕਤ ਸੀਨੀਅਰ ਅਧਿਕਾਰੀ ਖਿਲਾਫ ਪਹਿਲਾ ਵੀ ਪੰਜਾਬ ਸਿਵਲ ਸਕੱਤਰੇਤ ਦੀ ਜੁਆਇੰਟ ਐਕਸ਼ਨ ਕਮੇਟੀ ਨੇ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ ਸੀ ਕਿ ਇਸ ਅਧਿਕਾਰੀ ਵਲੋਂ ਮੁਲਾਜ਼ਮਾਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਹੈ।