ਕੈਪਟਨ ਤੇ ਬਾਦਲ ਦੋਵੇਂ ਘਰਾਣਿਆਂ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ: ਪਰਮਜੀਤ ਕੌਰ ਖਾਲੜਾ
Saturday, Apr 06, 2019 - 05:52 PM (IST)
ਸੁਲਤਾਨਪੁਰ ਲੋਧੀ (ਸੋਢੀ)— ਪੀ. ਡੀ. ਏ. ਦੀ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਫੱਤੂਢੀਗਾ ਅਤੇ ਆਰ. ਸੀ. ਐੱਫ 'ਚ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਨੂੰ ਕੈਪਟਨ ਅਤੇ ਬਾਦਲ ਦੋਵੇਂ ਘਰਾਣਿਆਂ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਦੋਹਾਂ ਘਰਾਣਿਆਂ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ ਹੈ। ਅੱਜ ਪੰਜਾਬ ਦੇ ਸਾਰੇ ਵਪਾਰਾਂ 'ਤੇ ਇਨ੍ਹਾਂ ਦੋਵਾਂ ਘਰਾਣਿਆਂ ਦਾ ਹੀ ਕਬਜ਼ਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਕਰਜ਼ਾ ਮੁਆਫੀ ਅਤੇ ਘਰ-ਘਰ ਨੌਕਰੀ ਦੇਣ ਦਾ ਸਿਰਫ ਡਰਾਮਾ ਕਰ ਰਹੀ ਹੈ ਜਦਕਿ ਕੇਜਰੀਵਾਲ ਇਸੇ ਕਾਂਗਰਸ ਨਾਲ ਸਮਝੌਤਾ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਲੋਕਾਂ ਦੀ ਸੇਵਾ ਕਰਨਾ ਹੈ, ਇਸ ਲਈ ਲੋਕ ਉਨ੍ਹਾਂ ਦਾ ਸਾਥ ਦੇਣ ਤਾਂ ਜੋ ਉਹ ਸੰਸਦ 'ਚ ਆਮ ਲੋਕਾਂ ਦੀ ਆਵਾਜ ਬਣ ਸਕਣ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੋਹਾਂ ਪਾਰਟੀਆਂ ਨੇ ਬਹੁਤ ਨੁਕਸਾਨ ਕੀਤਾ ਹੈ ਅਤੇ ਪੰਜਾਬ ਨੂੰ ਪੂਰੀ ਤਰ੍ਹਾਂ ਕੰਗਾਲ ਬਣਾ ਦਿੱਤਾ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ 1984 'ਚ ਸਮੁੱਚੇ ਦੇਸ਼ 'ਚ ਦੰਗੇ ਕਰਵਾ ਕੇ ਸਿੱਖਾਂ ਦੀ ਨਸਲਕੁਸ਼ੀ ਕਰਨ ਦਾ ਘਿਨਾਉਣਾ ਕੰਮ ਕੀਤਾ ਅਤੇ ਅਕਾਲੀ ਦਲ ਦੀ ਸਰਕਾਰ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰਕੇ ਸਿੱਖਾਂ ਨਾਲ ਵਾਅਦਾ ਖਿਲਾਫੀ ਕੀਤੀ। ਉਨ੍ਹਾਂ ਕਾਂਗਰਸ 'ਤੇ ਦੋਸ਼ ਲਗਾਇਆ ਕਿ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਸਰਕਾਰ ਸਮੇਂ ਪੰਜਾਬ ਦੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਸ ਮੁਕਾਬਲੇ ਬਣਾ ਕੇ ਸਿੱਖੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਭਾਈ ਜਸਵੰਤ ਸਿੰਘ ਖਾਲੜਾ ਨੇ ਸਿੱਖ ਨੌਜਵਾਨਾਂ ਦੀਆਂ ਲਾਵਾਰਿਸ ਕਰਾਰ ਦੇ ਕੇ ਖਪਾਈਆਂ ਲਾਸ਼ਾਂ ਦੀ ਸ਼ਨਾਖਤ ਲਈ ਵੱਡਾ ਸੰਘਰਸ਼ ਆਰੰਭ ਕੀਤਾ ਤਾਂ ਉਨ੍ਹਾਂ ਨੂੰ ਵੀ ਆਪਣੀ ਜਾਨ ਤੋਂ ਹੱਥ ਧੋਣੇ ਪਏ ।
ਉਨ੍ਹਾਂ ਕਿਹਾ ਕਿ ਸਰਬ ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਲਈ ਇਨਸਾਫ ਲੈਣ ਅਤੇ ਜ਼ਬਰ ਜ਼ੁਲਮ ਦਾ ਟਾਕਰਾ ਕਰਨ ਲਈ ਅੱਜ ਸਾਨੂੰ ਚੋਣ ਮੈਦਾਨ 'ਚ ਆਉਣਾ ਪਿਆ। ਉਨ੍ਹਾਂ ਸਮੂਹ ਹਾਜ਼ਰ ਸੰਗਤਾਂ ਨੂੰ ਆਪਣੀ ਜ਼ਮੀਰ ਜਗਾਉਣ ਲਈ ਕਿਹਾ ਅਤੇ ਸੱਚ ਦਾ ਸਾਥ ਦੇਣ ਲਈ ਪ੍ਰਰਿਤ ਕੀਤਾ। ਇਸ ਮੌਕੇ ਦਲਜੀਤ ਸਿੰਘ ਦੂਲੋਵਾਲ, ਤਰਸੇਮ ਸਿੰਘ ਡੌਲਾ, ਸਤਿੰਦਰਪਾਲ ਸਿੰਘ, ਮਾਸਟਰ ਚਰਨ ਸਿੰਘ ਹੈਬਤਪੁਰ, ਕਾਮਰੇਡ ਹਰਬੰਸ ਸਿੰਘ, ਕਾਮਰੇਡ ਬਲਦੇਵ ਸਿੰਘ ਆਦਿ ਨੇ ਪੰਜਾਬ 'ਚ ਬਦਲ ਲਿਆਉਣ ਲਈ ਪੰਜਾਬ ਡੈਮੋਕਰੇਟਿਕ ਅਲਾਇੰਸ ਦੇ ਉਮੀਦਵਾਰ ਨੂੰ ਜਿਤਾਉਣ ਲਈ ਲੋਕਾਂ ਨੂੰ ਅਪੀਲ ਕੀਤੀ। ਇਸ ਮੌਕੇ ਹਰਬੰਸ ਸਿੰਘ ਕਾਮਰੇਡ,ਬਲਵਿੰਦਰ ਸਿੰਘ ਸੁਲਤਾਨਪੁਰੀ, ਅਮਰੀਕ ਸਿੰਘ, ਕੁਲਵੰਤ ਸਿੰਘ ਨੂਰੋਵਾਲ, ਸਤਨਾਮ ਸਿੰਘ, ਪਰਮਜੀਤ ਸਿੰਘ ਖਾਲਸਾ,ਬਲਦੇਵ ਸਿੰਘ ਕਾਮਰੇਡ ਆਦਿ ਸਮੇਤ ਕਈ ਵਰਕਰ ਹਾਜ਼ਰ ਸਨ।